ਮਹਾਨ ਸ਼ਹੀਦ ਸੰਤ ਬੀਰ ਸਿੰਘ ਜੀ ਦਾ ਪਿਛੋਕੜ-ਜਨਮ ਤੇ ਜੀਵਨ ਕਥਾ: ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਸ਼੍ਰੀ ਤਰਨਤਾਰਨ ਤੋਂ ਤਕਰੀਬਨ 8 ਕੋਹਾਂ ਦੀ ਵਿੱਥ ਤੇ ਗਗੋਬੂਆ ਨਗਰ ਵਿੱਚ ਜੱਟ ਬਿਰਾਦਰੀ ਦੇ ਢਿੱਲੋਂ ਖਾਨਦਾਨ ਵਿੱਚ ਬਿਕਰਮੀ ਸੰਮਤ 1825 ਵਿੱਚ ਹੋਇਆ। ਉਸ ਵੇਲੇ ਸ਼ੁਕਲਾ ਪੱਖ ਤਿਥੀ ਤੀਜੀ ਮਹੀਨਾ ਸਾਵਣ ਸੀ। ਸਵਾ ਪਹਿਰ ਰਾਤ ਰਹਿੰਦੀ ਆਪ ਜੀ ਦਾ ਜਨਮ ਮਾਤਾ ਧਰਮ ਕੌਰ ਜੀ ਦੀ ਕੁੱਖ ਵਿੱਚੋ ਹੋਇਆ। ਆਪ ਜੀ ਦੇ ਪਿਤਾ ਦਾ ਸ਼ੁੱਭ ਨਾਮ ਸਰਦਾਰ ਸੇਵਾ ਸਿੰਘ ਸੀ।
ਇਸ ਘਰਾਣੇ ਬਾਬਤ ਸੀਨੇ ਬਸੀਨੇ ਇਹ ਸਰੋਤ ਚਲੀ ਆ ਰਹੀ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋ ਸ਼੍ਰੀ ਤਰਨਤਾਰਨ ਸਰੋਵਰ ਦੀ ਸੇਵਾ ਕਰਵਾਈ ਸੀ ਤਾਂ ਇਹਨਾ ਦੇ ਵਡੇਰਿਆਂ ਨੇ ਤਨ, ਮਨ, ਧੰਨ ਕਰਕੇ ਅਟੁੱਟ ਸੇਵਾ ਕੀਤੀ ਸੀ ਜਿਸਤੇ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਨੇ ਇਹ ਵਰਦਾਨ ਬਖਸ਼ਿਆ ਸੀ ਕਿ ਜਾਹ ਭਾਈ ਗੁਰੂ ਸਿੱਖਾ! ਜੈਸੇ ਤੁਸੀਂ ਤਨ, ਮਨ, ਧੰਨ ਕਰਕੇ ਨਿਸ਼ਕਾਮ ਸੇਵਾ ਕੀਤੀ ਹੈ ਤੈਸੇ ਹੀ ਤੁਹਾਡੀ ਕੁਲ ਵਿੱਚ ਤੱਤਵੇਤਾ, ਬ੍ਰਹਮ ਗਿਆਨੀ, ਮੀਰੀ ਪੀਰੀ ਦਾ ਮਾਲਿਕ, ਸ਼ਕਤੀ ਸੰਪਨ ਸਾਡਾ ਸਿੱਖ ਪੈਦਾ ਹੋਵੇਗਾ। ਜੋ ਪ੍ਰਿਥਵੀ ਸਮਾਨ ਧੀਰਜ ਵਾਨ, ਸਮੇਰੂ ਪਰਬਤ ਸਮਾਨ ਅਡੋਲ ਤੇ ਅਚੱਲ ਨਿਸ਼ਚੇ ਵਾਲਾ ਮਹਾਂਪੁਰਖ ਹੋਵੇਗਾ।
ਦੂਜੀ ਸਾਖੀ ਇਹ ਵੀ ਪ੍ਰਚਲਤ ਹੈ ਕਿ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਸ਼ਿਕਾਰ ਕਰਨ ਲਈ ਇੱਕ ਵੇਰ ਗਗੋਬੂਆ ਪਿੰਡ ਨੇੜੇ ਆਏ ਤਾਂ ਸੰਤਾਂ ਦੇ ਵੱਡੇ ਵਡੇਰਿਆਂ ਨੇ ਖੂਬ ਸੇਵਾ ਕਰਕੇ ਉਹਨਾ ਨੂੰ ਪ੍ਰਸੰਨ ਕੀਤਾ ਸੀ ਜਿਸਤੇ ਉਹਨਾ ਨੇ ਵਰਦਾਨ ਦਿੰਦੇ ਹੋਏ ਫਰਮਾਇਆ ਸੀ ਕਿ ਭਾਈ ਸਿੱਖਾ ਤੂੰ ਸੇਵਾ ਵਿੱਚ ਕਸਰ ਨਹੀਂ ਰੱਖੀ, ਪ੍ਰਸੰਨ ਕੀਤਾ ਹੈ ਤੇ ਤੇਰੇ ਘਰਾਣੇ ਵਿੱਚ ਸਮਾਂ ਪਾ ਕੇ ਇੱਕ ਦੈਵੀ ਸੰਪਦਾ ਰਾਜਯੋਗ ਮਾਨਣ ਵਾਲਾ ਬੜਾ ਤੇਜੱਸਵੀ ਤੇ ਬ੍ਰਹਮਚਾਰੀ ਜਤੀ ਪੁਰਖ ਪੈਦਾ ਹੋਵੇਗਾ। ਜੋ ਆਪ ਤਰੇ, ਸਗਲੇ ਕੁਲ ਤਾਰੇ। ਐਸਾ ਵਰਦਾਨ ਦੇ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ ਸਨ। ਉਸ ਸਮੇਂ ਤੋ ਵਰਦਾਨ ਦੀ ਇਹ ਸਾਖੀ ਨਗਰ ਵਾਸੀਆਂ ਵਿੱਚ ਪੀੜ੍ਹੀ ਦਰ ਪੀੜੀ੍ਹ ਚੱਲਦੀ ਆ ਰਹੀ ਹੈ। ਗਗੋਬੂਆ ਪਿੰਡ ਦੇ ਬਿਰਧ ਬਾਬਾ ਬੂਟਾ ਸਿੰਘ ਦੱਸਦੇ ਸਨ ਕਿ ਜਿਸ ਸਮੇਂ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਰਾਣਿਓ ਤੁਰਕੇ ਗਗੋਬੂਆ ਆਏ ਸਨ ਤਾ ਉੱਥੇ ਇੱਕ ਬੈਰਾਗੀਆ ਦੇ ਡੇਰੇ ਵਾਲੀ ਬਿਰਧ ਮਾਈ ਨੇ ਗੁਰੂ ਜੀ ਦਾ ਆਉਣਾ ਸੁਣ ਕੇ ਝਟ ਪਟ ਹੀ ਖੀਰ ਪੂੜਿਆਂ ਦਾ ਲੰਗਰ ਤਿਆਰ ਕਰਕੇ ਗੁਰੂ ਜੀ ਦੇ ਹਜੂਰ ਪੇਸ਼ ਕੀਤਾ ਸੀ। ਗੁਰੂ ਜੀ ਨੇ ਉਸ ਮਾਈ ਦਾ ਅਤੀ ਪ੍ਰੇਮ ਦੇਖ ਤੇ ਖੁਸ਼ ਹੋ ਕੇ ਆਖਿਆ ਸੀ ਕਿ ਹੇ ਮਾਈ ਤੂੰ ਧੰਨ ਹੈ ਜਿਸਨੇ ਸੰਗਤ ਦੇ ਫੁਰਨੇ ਨੂੰ ਜਾਣ ਕੇ ਖੀਰ, ਮਾਹਲ ਪੂੜੇ ਬਣਾ ਕੇ ਲਿਆਂਦੇ ਹਨ ਕਿਉਂਕਿ ਸਾਧ ਸੰਗਤ ਦਾ ਮਨ ਵੀ ਖੀਰ ਪੂੜੇ ਖਾਣ ਦਾ ਸੀ। ਸੋ ਤੂੰ ਭੀ ਸੰਗਤ ਦੇ ਮਨ ਭਾਉਂਦਾ ਹੀ ਲੰਗਰ ਬਣਾ ਕੇ ਲਿਆਈ ਹੈ। ਤੇਰੀ ਸੇਵਾ ਗੁਰੂ ਘਰ ਵਿੱਚ ਮਨਜੂਰ ਹੋ ਗਈ ਹੈ। ਹੁਣ ਤੂੰ ਆਪਣੇ ਮਨ ਦੇ ਮਨੋਰਥ ਅਨੁਸਾਰ ਵਰ ਮੰਗ ਤੈਨੂੰ ਮੂੰਹੋਂ ਮੰਗਿਆ ਵਰ ਮਿਲੇਗਾ। ਤਾਂ ਜਦ ਮਾਈ ਚੁੱਪ ਹੀ ਰਹੀ ਤਾਂ ਗੁਰੂ ਜੀ ਨੇ ਦੁਬਾਰਾ ਕਿਹਾ ਕਿ ਮਾਈ ਜੀ ਵਰ ਮੰਗ ਲਵੋ। ਮਾਈ ਫਿਰ ਵੀ ਚੁੱਪ ਰਹੀ ਤਾਂ ਤੀਜੀ ਵਾਰ ਗੁਰੂ ਜੀ ਨੇ ਫਿਰ ਬੜੇ ਖੁਸ਼ ਹੋ ਕਿ ਆਖਿਆ ਕਿ ਮਾਈ ਤੂੰ ਆਪਣੇ ਸੰਕਲਪ ਕੀਤੇ ਪਰਉਪਕਾਰ ਕਰਨ ਵਾਲੇ ਵਰ ਨੂੰ ਕਿਉਂ ਨਹੀ ਮੰਗਦੀ ਕਿਊਕਿ ਜਿਸ ਇੱਛਾ ਨੂੰ ਮੁੱਖ ਰੱਖ ਕੇ ਤੂੰ ਗੁਰੂ ਦੀ ਸੰਗਤ ਨੂੰ ਅੰਮ੍ਰਿਤ ਭੋਜਨ ਛਕਾਇਆ ਹੈ ਸੋ ਪ੍ਰਗਟ ਕਰ। ਉਸ ਮਾਈ ਨੇ ਬੇਨਤੀ ਕੀਤੀ ਕਿ ਹੇ ਗੁਰੂ ਆਪ ਜੀ ਤਾਂ 84 ਲੱਖ ਜੂਨ ਦੇ ਜੀਵਾਂ ਦੇ ਹਿਰਦਿਆਂ ਦੇ ਜਾਨਣਹਾਰ ਹੋ ਤੇ ਮੇਰੇ ਹਿਰਦੇ ਦੀ ਬਿਰਥਾ ਵੀ ਆਪ ਹੀ ਜਾਣਦੇ ਹੋ। ਇਸ ਲਈ ਮੈਂ ਕੀ ਮੰਗਣ ਯੋਗ ਹਾਂ। ਗੁਰੂ ਜੀ ਨੇ ਫਿਰ ਬਚਨ ਕੀਤਾ ਕਿ ਮਾਤਾ ਜੀ ਤੂੰ ਜਿਸ ਪਰਉਪਕਾਰ ਦੀ ਚਿੰਤਵਣਾ ਕੀਤੀ ਸੀ ਸੋ ਹੁਣ ਮੂਹੋ ਮੰਗ ਤੇਰੀ ਵੀ ਸੇਵਾ ਸਫਲ ਹੋ ਜਾਵੇਗੀ। ਤਾਂ ਮਾਤਾ ਜੀ ਨੇ ਗੁਰੂ ਜੀ ਦੀ ਅਤੀ ਪ੍ਰੰਸਨਤਾ ਨੂੰ ਦੇਖ ਕੇ ਬਿਨੇ ਕੀਤੀ ਕਿ ਹੇ ਗੁਰੂ ਜੀ ਜੇਕਰ ਆਪ ਮਿਹਰਬਾਨ ਹੋਏ ਹੋ ਤਾਂ ਕਿਸੇ ਪੂਰਣ ਕਰਨੀ ਵਾਲੇ ਮਹਾਪੁਰਖ ਦੇ ਪ੍ਰਗਟ ਹੋਣ ਦੀ ਦਾਤ ਬਖਸ਼ੋ। ਜੋ ਇਸ ਨਗਰ ਦਾ ਤਾਰਨ ਹਾਰਾ ਹੋਵੇ। ਮਾਈ ਜੀ ਦੀ ਇਹ ਮੰਗ ਸੁਣ ਕੇ ਗੁਰੂ ਜੀ ਖੁਸ਼ੀ ਵਿੱਚ ਹੱਸ ਕੇ ਕਹਿਣ ਲੱਗੇ ਵਾ ਮਾਤਾ ਜਿਸਨੇ ਸਾਰੇ ਨਗਰ ਦੇ ਉਧਾਰ ਹਿੱਤ ਵੱਡੇ ਵੱਡੇ ਪਰਉਪਕਾਰ ਕਰਨ ਹਾਰ ਦੀ ਮੰਗ ਮੰਗੀ ਹੈ। ਵਾਹ ਮਾਤਾ ਤੇਰੀ ਤਾਂ ਅੱਜ ਤੋਂ ਹੀ 84 ਕੱਟੀ ਗਈ। ਗੁਰੂ ਜੀ ਨੇ ਫਰਮਾਇਆ ਕਿ ਕੁਝ ਸਮੇਂ ਬਾਅਦ ਨਿਤ ਅਵਤਾਰਾ ਦੇ ਮੁੱਖੀ ਗੁਰੂ ਸਿੱਖ ਨੇ ਇਥੇ ਪ੍ਰਗਟ ਹੋਣਾ ਹੈ ਅਤੇ ਉਸਦੀ ਜਿਸਤੇ ਵੀ ਮਿਹਰ ਦੀ ਨਿਗਾਹ ਹੋਵੇਗੀ ਉਹ ਵੀ ਹੋਰ ਜੀਵਾਂ ਦੀ ਚੁਰਾਸੀ ਕੱਟਣ ਦੇ ਸਮਰੱਥ ਹੋਵੇਗਾ।
ਗੁਰੂ ਜੀ ਦੇ ਵਰਦਾਨ ਅਨੁਸਾਰ ਸੰਮਤ ਬਿਕਰਮੀ 1825 ਤੀਜੀ ਸਾਵਣ ਨੂੰ ਨਿਹਾਲੇ ਕੀ ਪੱਤੀ ਸਰਦਾਰ ਸੇਵਾ ਸਿੰਘ ਜੀ ਦੇ ਗ੍ਰਹਿ ਸਵਾ ਪਹਿਰ ਰਾਤ ਰਹਿੰਦੀਆ ਅੰਮ੍ਰਿਤ ਵੇਲੇ ਮਹਾਪੁਰਖ ਬਾਬਾ ਬੀਰ ਸਿੰਘ ਜੀ ਦਾ ਸਾਰੇ ਸ਼ੁਭ ਲਗਨਾ ਵਿਖੇ ਨਗਰ ਗਗੋਬੂਆ (ਨੇੜੇ ਝਬਾਲ, ਜਿਲਾ ਤਰਨਤਾਰਨ) ਵਿੱਚ ਆਗਮਨ ਹੋਇਆ। ਸੰਤ ਬੀਰ ਸਿੰਘ ਜੀ ਦੇ ਜਨਮ ਵੇਲੇ ਪਿੰਡ ਬਰੋਵਾਲੀ ਦੀ ਦੇਵੋ ਨਾਂ ਦੀ ਦਾਈ ਮਾਤਾ ਜੀ ਦੇ ਪਾਸ ਸੀ ਲੇਕਿਨ ਬਾਬਾ ਬੀਰ ਸਿੰਘ ਜੀ ਦੇ ਜਨਮ ਸਮੇਂ ਆਪ ਜੀ ਦੀ ਮਾਤਾ ਨੂੰ ਕੋਈ ਪਤਾ ਨਾ ਲੱਗਾ ਕਦੋ ਬਾਲਕ ਪ੍ਰਕਾਸ਼ ਮਈ ਹੋ ਕੇ ਮਾਤਾ ਦੀ ਗੋਦ ਵਿੱਚ ਖੇਡਣ ਲੱਗ ਪਿਆ ਹੋਵੇ। ਉਸ ਸਮੇਂ ਦੇ ਨਜਾਰੇ ਨੂੰ ਦੇਖ ਕੇ ਪਰਿਵਾਰ ਦੀਆ ਮਾਈਆਨ ਵੀ ਬੜੀਆਂ ਹੀ ਅਸਚਰਜ ਹੋਈਆਂ ਕਿ ਅੱਜ ਤੱਕ ਐਸਾ ਕੋਈ ਵੀ ਬਾਲਕ ਪੈਦਾ ਹੁੰਦਾ ਨਹੀ ਦੇਖਿਆ ਜਿਸਦੇ ਜਨਮ ਸਮੇਂ ਸਾਰੇ ਅੰਦਰ ਚ ਅਜਿਹੀ ਸੁਗੰਧੀ ਫੈਲ ਗਈ ਜੈਸੀ ਫੁੱਲਾਨ ਦੇ ਢੇਰ ਤੋਂ ਸੁੰਗਧੀ ਆਉਂਦੀ ਹੈ। ਜਦੋਂ ਬਾਬਾ ਬੀਰ ਸਿੰਘ ਜੀ 4-5 ਸਾਲਾਂ ਦੇ ਹੋਏ ਤਾਂ ਇਹਨਾਂ ਦੇ ਪਿਤਾ ਨੇ ਉਹਨਾ ਨੂੰ ਵਿਦਿਆ ਪੜਨ ਲਈ ਪਾਠਸ਼ਾਲਾ ਪਾਇਆ ਤਾਂ ਬਾਬਾ ਜੀ ਵਿੱਦਿਆ ਵਿੱਚ ਬੜੀ ਛੇਤੀ ਪ੍ਰਬੀਨ ਹੋ ਗਏ ਤੇ ਜਦਂੋ ਆਪਣੇ ਆਪ ਵਿੱਚ ਕੁਝ ਹੁਸ਼ਿਆਰ ਹੋਏ ਤਾਂ ਉਦੋਂ ਤੋਂ ਹੀ ਸਾਧਾਂ ਸੰਤਾਂ ਦੀ ਸੇਵਾ ਨਾਲ ਪ੍ਰੇਮ ਕਰਨ ਲੱਗ ਪਏ ਸਨ। ਆਪ ਦੁੱਧ ਪ੍ਰਸ਼ਾਦ ਬੜੇ ਪ੍ਰੇਮ ਨਾਲ ਲਿਆ ਕੇ ਸਾਧਾਂ ਸੰਤਾਂ ਨੂੰ ਛਕਾਉਦੇ ਸਨ।
ਫੌਜ ਦੀ ਨੋਕਰੀ: ਬਾਬਾ ਬੀਰ ਸਿੰਘ ਜੀ ਦੇ ਪਿਤਾ ਸਰਦਾਰ ਸੇਵਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਲਟਨ ਵਿੱਚ ਨੌਕਰ ਸਨ। ਜਦ ਮੁਲਤਾਨ ਦਾ ਪਹਿਲਾ ਜੰਗ ਹੋਇਆ ਤਾਂ ਆਪ ਦੇ ਪਿਤਾ ਇਸ ਜੰਗ ਵਿੱਚ ਚੜ੍ਹਾਈ ਕਰ ਗਏ। ਇੱਧਰ ਬਾਬਾ ਜੀ ਜਦੋਂ ਯੁਵਾ ਅਵਸਥਾ ਦੇ ਹੋ ਗਏ ਤਾਂ ਅਟਾਰੀ ਵਾਲੇ ਸਰਦਾਰ ਨੇ ਇਹਨਾ ਨੂੰ ਉਹਨਾ ਦੇ ਪਿਤਾ ਦੀ ਥਾਂ ਤੇ ਹੀ ਭਰਤੀ ਕਰ ਲਿਆ ਪਰ ਬਾਬਾ ਜੀ ਪਲਟਨ ਵਿੱਚ ਵੀ ਗੁਰਬਾਣੀ ਦਾ ਪਾਠ ਤੇ ਨਿਤਨੇਮ ਕਰਦੇ ਰਹਿੰਦੇ ਜਿਸ ਕਰਕੇ ਸਾਰੀ ਪਲਟਨ ਹੀ ਉਹਨਾ ਦਾ ਪੂਰਾ ਸਤਿਕਾਰ ਕਰਨ ਲੱਗ ਪਈ। ਇਸ ਕਾਰਣ ਬਾਬਾ ਜੀ ਦਾ ਪਹਿਰਾ ਵੀ ਮਾਫ ਸੀ ਪਰ ਬਾਬਾ ਜੀ ਨੇ ਥੋੜ੍ਹਾ ਚਿਰ ਹੀ ਫੌਜ ਦੀ ਨੋਕਰੀ ਕੀਤੀ ਤੇ ਜਲਦ ਹੀ ਆਪਣਾ ਨਾਂ ਕਟਾਉਣ ਲਈ ਦਰਖਾਸਤ ਦੇ ਦਿੱਤੀ। ਅੱਗੋ ਸਰਦਾਰ ਨੇ ਦਰਖਾਸਤ ਨਾਮੰਜੂਰ ਕਰਦੇ ਹੋਏ ਆਖਿਆ ਕਿ ਬਾਬਾ ਜੀ ਅਸੀਂ ਤਾ ਆਪ ਜੀ ਦਾ ਅਹੁਦਾ ਵਧਾਉਣਾ ਚਾਹੁੰਦੇ ਹਾਂ ਤੁਸੀਂ ਨਾਮ ਕਟਾਉਣ ਦੀ ਦਰਖਾਸਤ ਕਿਊ ਦਿੰਦੇ ਹੋ। 6 ਮਹੀਨੇ ਹੋਰ ਨੋਕਰੀ ਕਰੋ ਫਿਰ ਕਿਸੇ ਤਰੀਕੇ ਨਾਲ ਅਹੁਦਾ ਵਧਾ ਕੇ ਛੁੱਟੀ ਦੇ ਦਿਆਂਗੇ। ਹੁਣ ਆਪ ਜੀ ਦਾ ਨਾਮ ਕਿਸੇ ਵੀ ਢੰਗ ਨਾਲ ਕੱਟਿਆ ਨਹੀਂ ਜਾ ਸਕਦਾ। ਬਾਬਾ ਜੀ ਨੇ ਆਖਿਆ ਤੁਸੀ ਮੇਰਾ ਨਾਮ ਕੀ ਕੱਟਣਾ ਕਟਾਉਣਾ ਹੈ ਮੇਰਾ ਨਾਮ ਤਾ ਤੁਹਾਡੇ ਕਿਸੇ ਵੀ ਰਜਿਸਟਰ ਵਿੱਚ ਦਰਜ ਨਹੀ ਹੈ। ਇਹ ਸੁਣ ਕੇ ਸਰਦਾਰ ਨੇ ਆਖਿਆ ਕਿ ਬਾਬਾ ਜੀ ਅਸੀਂ ਰੋਜਨਾਮਚੇ ਰਜਿਸਟਰ ਨੂੰ ਦੇਖ ਲੈਂਦੇ ਹਾਂ ਜੇਕਰ ਆਪ ਜੀ ਦਾ ਨਾਮ ਨਾ ਨਿਕਲਿਆ ਤਾਂ ਆਪ ਜੀ ਦਾ ਸਾਰਾ ਸਮਾਨ ਸਣੇ ਘੋੜੇ ਦੇਕੇ ਛੁੱਟੀ ਦੇ ਦੇਵਾਂਗੇ। ਬਾਬਾ ਜੀ ਨੇ ਕਿਹਾ ਚੰਗਾ ਗੁਰਮੁੱਖੋ ਤੁਸੀ ਆਪਣੇ ਰਜਿਸਟਰ ਫੋਲ ਕੇ ਦੇਖ ਲਵੋ। ਜਦੋਂ ਸਰਕਾਰੀ ਬੰਦਿਆਂ ਨੇ ਸਾਰੇ ਰਜਿਸਟਰ ਦੇਖੇ ਤਾਂ ਕਿਤੇ ਵੀ ਬਾਬਾ ਜੀ ਦਾ ਨਾਂ ਦਰਜ ਨਹੀਂ ਸੀ ਤੇ ਸਾਰੇ ਬੜੇ ਅਸਚਰਜ ਜਿਹੇ ਹੋ ਕੇ ਭੈਭੀਤ ਹੋਏ ਕਿ ਕਿਤੇ ਬਾਬਾ ਜੀ ਸਰਾਪ ਹੀ ਨਾ ਦੇ ਦੇਣ। ਤਦ ਬਹੁਤ ਹੈਰਾਨ ਹੋ ਕੇ ਚਰਨਾਂ ਤੇ ਡਿੱਗ ਪਏ। ਇਸ ਤੇ ਬਾਬਾ ਜੀ ਨੇ ਕਿਹਾ ਕਿ ਗੁਰਮੁੱਖੋ ਘਬਰਾਵੋ ਨਾਂ ਇਹ ਤਾਂ ਅਕਾਲ ਪੁਰਖ ਜੀ ਦਾ ਹੁਕਮ ਸੀ। ਇਸ ਤੋਂ ਬਾਅਦ ਬਾਬਾ ਬੀਰ ਸਿੰਘ ਜੀ ਕੁਰੀ ਵਾਲੇ ਸੰਤ ਬਾਬਾ ਭਾਗ ਜੀ ਪਾਸ ਗਏ ਤਾਂ ਉਹਨਾ ਨੇ ਬਾਬਾ ਜੀ ਦੇ ਘੋੜੇ ਤੇ ਸਮਾਨ ਦੇਖ ਕੇ ਕਿਹਾ ਕਿ ਭਗਤਾ ਇਹ ਗ੍ਰਹਿਸਤ ਦਾ ਪਸਾਰਾ ਘਰ ਛੱਡ ਕੇ ਆ। ਤਾਂ ਇਸਤੋਂ ਬਾਅਦ ਬਾਬਾ ਜੀ ਨੇ ਪੰਜਾਬ ਵੱਲ ਚਾਲੇ ਪਾਏ ਅਤੇ ਘਰ ਪਹੁੰਚਕੇ ਆਪਣੀ ਮਾਤਾ ਦੇ ਚਰਨਾ ਵਿੱਚ ਸਭ ਨਕਦੀ ਤੇ ਸਮਾਨ ਰੱਖਕੇ ਮੱਥਾ ਟੇਕਿਆ ਤਾ ਮਾਤਾ ਨੇ ਗਲਵੱਕੜੀ ਵਿੱਚ ਲੈ ਕੇ ਬੇਹਦ ਖੁਸ਼ੀ ਜਤਾਈ ਪਰ ਬਾਬਾ ਜੀ ਘਰ ਵਿੱਚ ਰਹਿੰਦਿਆ ਘਰੇਲੂ ਵਿਹਾਰਾਂ ਤੋ ਅਲੱਗ ਹੀ ਰਹਿੰਦੇ ਸਨ। ਪਿੰਡ ਵਿੱਚ ਆਕੇ ਬਾਬਾ ਜੀ ਨੇ ਸੇਵਾ ਸਿਮਰਨ ਨਹੀ ਛੱਡਿਆ। ਬਾਰਿਸ਼ ਦੇ ਦਿਨਾਂ ਵਿੱਚ ਕਿਸੇ ਨਗਰ ਦੀ ਸੰਗਤ ਨੂੰ ਪ੍ਰਸਾਦਾ ਛਕਾਉਣ ਲਈ ਆਪ ਨੇ ਆਪਣੇ ਘਰ ਦੇ ਬਾਲੇ ਕੜੀਆ ਆਦਿ ਬਾਲਣ ਦੀ ਜਗਾ ਲਗਾ ਕੇ ਭੋਜਨ ਤਿਆਰ ਕੀਤਾ ਤਾਂ ਇਸਤੋ ਬਾਅਦ ਉਹਨਾ ਦੀ ਮਾਤਾ ਨੇ ਕਿਹਾ ਕਿ ਬੀਰ ਸਿੰਘ ਤੇਰੇ ਲਈ ਚਾਰੇ ਚੱਕ ਖੁੱਲੇ ਹਨ ਜਿੱਥੇ ਚਾਹੇ ਜਾ ਸਕਦਾ ਹੈ। ਆਪ ਫਿਰ ਬਾਬਾ ਭਾਗ ਸਿੰਘ ਜੀ ਪਾਸ ਚਲੇ ਗਏ।
ਲੰਮਾ ਸਮਾਂ ਸੇਵਾ ਕਰਨ ਤੋ ਬਾਅਦ ਆਪ ਨੂੰ ਬਾਬਾ ਸਾਹਿਬ ਸਿੰਘ ਬੇਦੀ ਪਾਸ ਊਨਾ ਸਾਹਿਬ ਵਿੱਖੇ ਭੇਜ ਦਿੱਤਾ। ਊਨਾ ਸਾਹਿਬ ਆਪ ਨੇ ਤਨ, ਮਨ, ਧੰਨ ਨਾਲ ਅਟੁਟ ਸੇਵਾ ਕੀਤੀ। ਇਕ ਵਾਰ ਸੇਵਾ ਕਰਦਿਆਂ ਲੱਤ ਤੇ ਕਹੀ ਵੱਜ ਗਈ ਪਰ ਆਪ ਨੇ ਸੇਵਾ ਨਾ ਛੱਡੀ। ਬਾਬਾ ਸਾਹਿਬ ਸਿੰਘ ਤੇ ਬਾਬਾ ਭਾਗ ਸਿੰਘ ਤੋ ਬਖਸ਼ਿਸ਼ਾ ਪਾ ਕੇ ਆਪ ਨੇ ਮਾਝੇ ਵਿੱਚ ਪ੍ਰਚਾਰ ਦਾ ਕੇਂਦਰ ਪਿੰਡ ਨੋਰੰਗਾਬਾਦ ਚੁਣਿਆ। ਇਥੇ ਉਹਨਾ ਨੇ ਗੁਰਦੁਆਰਾ ਸੰਤ ਪੁਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਤੇ ਹਰ ਪਰਿਵਾਰਕ ਮੈਂਬਰ ਨੂੰ ਪੰਜ ਪੰਜ ਇੱਟਾਂ ਲਿਆਉਣ ਲਈ ਕਿਹਾ। ਹੁਣ ਇੱਥੇ ਹਰ ਸਮੇਂ ਗੁਰੂ ਦਾ ਅਟੁੱਟ ਲੰਗਰ ਚੱਲਦਾ। ਲੰਗਰ ਵਿੱਚ ਰੋਜਾਨਾ 750 ਮਣ ਆਟਾ ਤੇ 250 ਮਣ ਦਾਲ ਖਰਚ ਹੁੰਦੀ ਹੈ। ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਉਪਰੰਤ ਸਾਧੂ ਮੰਡਲੀਆਂ ਇਥੇ ਪਹੁੰਚੀਆਂ ਤਾਂ ਆਪ ਜੀ ਨੇ ਉਹਨਾ ਦਾ ਬਹੁਤ ਸਤਿਕਾਰ ਕੀਤਾ। ਕੁਝ ਈਰਖਾਲੂ ਸਾਧੂਆਂ ਨੇ ਖੁਸ਼ਕ ਰਸਦ ਦੀ ਮੰਗ ਕੀਤੀ। ਕੁਝ ਸ਼ਰਧਾਵਾਨਾਂ ਨੇ ਲੰਗਰ ਵਿੱਚੋ ਪ੍ਰਸਾਦਾ ਛਕਿਆ। ਈਰਖਾਲੂਆਂ ਨੂੰ ਟੱਟੀਆਂ ਲੱਗ ਗਈਆਂ ਪਰ ਸ਼ਰਧਾਵਾਨ ਸਹੀ ਸਲਾਮਤ ਰਹੇ। ਸੰਮਤ 1890 ਬਿਕਰਮੀ ਵਿੱਚ ਹੈਜਾ ਫੈਲ ਗਿਆ ਤਾਂ ਬਾਬਾ ਜੀ ਨੇ ਖੂੰਹੀ ਦਾ ਸਵੱਛ ਜਲ ਛੱਕਣ ਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਨ ਦਾ ਆਦੇਸ਼ ਦਿੱਤਾ। ਬਾਬਾ ਸਾਹਿਬ ਸਿੰਘ ਬੇਦੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਖੂੰਹ ਤੋ ਜਲ ਮੰਗਵਾ ਕੇ ਫੋਜ ਵਿੱਚ ਵਰਤਾਉਣਾ ਚਾਲੂ ਕੀਤਾ ਜਿਸ ਨਾਲ ਸਭਨਾ ਦੀ ਹੈਜੇ ਦੀ ਬੀਮਾਰੀ ਦੂਰ ਹੋ ਗਈ। ਵਰਦਾਨ ਦੀ ਪ੍ਰਾਪਤੀ: ਬਾਬਾ ਸਾਹਿਬ ਸਿੰਘ ਜੀ ਨੇ ਬਾਬਾ ਬੀਰ ਸਿੰਘ ਜੀ ਨੂੰ ਇੱਕ ਨਵਾਂ ਖੂੰਹ ਲਗਾਉਣ ਲਈ ਪਾੜ ਪੱਟਣ ਦੀ ਸੇਵਾ ਬਖਸ਼ੀ ਜਿਸਤੇ ਬਾਬਾ ਬੀਰ ਸਿੰਘ ਜੀ ਨੇ ਆਪਣਾ ਭਾਵ ਤਿਆਗ ਕੇ ਸੇਵਾ ਕੀਤੀ। ਖੂੰਹ ਦੀ ਮੁਕੰਮਲ ਸੇਵਾ ਨੂੰ ਦੇਖ ਕੇ ਬਾਬਾ ਸਾਹਿਬ ਸਿੰਘ ਜੀ ਨੇ ਬਾਬਾ ਬੀਰ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਦਾ ਵਰਦਾਨ ਦੇ ਕੇ ਨਿਹਾਲ ਕੀਤਾ ਅਤੇ ਆਖਿਆ ਕਿ ਵਾਹ ਭਾਈ ਗੁਰੂ ਕਿਆ ਮਲਾਹਾ, ਤੇਰੀ ਸੇਵਾ ਦੀ ਘਾਲਣਾ ਗੁਰੂ ਨਾਨਕ ਦੇਵ ਜੀ ਦੀ ਦਰਗਾਹ ਵਿੱਚ ਕਬੂਲ ਪੈ ਗਈ ਹੈ। ਹੁਣ ਮਾਝੇ ਵਿੱਚ ਜਾ ਕੇ ਗੁਰੂ ਕੇ ਲੰਗਰ ਦੀ ਦੇਗ ਚਲਾ, ਤੇਰੀ ਕਰਨੀ ਕਮਾਈ ਦੇ ਸਦਕੇ ਮਾਝੇ ਦੋਆਬੇ ਪੋਠੋਹਾਰ ਆਦਿ ਦੇਸ਼ ਦੇਸ਼ੰਤਰਾਂ ਦੇ ਜੀਵਾਂ ਦਾ ਕਲਿਆਣਾ ਹੋਵੇਗਾ ਅਤੇ ਤੇਰਾ ਨਾਮ ਲੈਣ ਵਾਲੇ ਸੇਵਕਾਂ ਦੇ ਸਥਾਨ ਵਿੱਚ ਵੀ ਧੂੰਆ ਧੁੱਖਦਾ ਹੀ ਰਹੇਗਾ। ਤਦ ਬਾਬਾ ਬੀਰ ਸਿੰਘ ਜੀ ਨੇ ਮਹਾਪੁਰਖ ਤਤਵੇਤੇ ਬਾਬਾ ਭਾਗ ਸਿੰਘ ਜੀ ਪਾਸੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਿੰਦੀ ਅੰਸ 11ਵੀ ਗੱਦੀ ਅਤੇ ਗੁਰਤਾ ਗੱਦੀ ਦੀ ਵੀ ਨਾਦੀ ਅੰਸ 11 ਵੀਂ ਦੇ ਵਰੋਸਾਏ ਬਾਬਾ ਸਾਹਿਬ ਸਿੰਘ ਜੀ ਪਾਸੋਂ ਵਰਦਾਨ ਲੈ ਕੇ ਫਿਰ ਮਾਝੇ ਦੇ ਨੋਰੰਗਾਬਾਦ ਵਿੱਚ ਆ ਡੇਰੇ ਲਗਾਏ ਤੇ ਏਸੇ ਹੀ ਸਥਾਨ ਦੇ ਸਦਕਾ ਹੀ ਅੱਜ ਹਰ ਦੇਸ਼ ਦੇਸ਼ੰਤਰਾਂ ਵਿੱਚ ਅੱਜ ਤੱਕ ਲੰਗਰ ਅਤੇ ਗੁਰ ਸਿੱਖੀ ਦੇ ਭੰਡਾਰੇ ਚੱਲ ਰਹੇ ਹਨ। ਸੋ ਤਿਨਾ ਮਹਾਪੁਰਖਾਂ, ਗੁਰੂ ਸਿੱਖਾਂ ਦੀ ਕਰਨੀ ਨੂੰ ਜਾਨਣ ਵਾਲਾ ਤਾਂ ਅਕਾਲ ਪੁਰਖ ਪਰਮਾਤਮਾ ਆਪ ਹੀ ਹੈ ਪਰ ਤਾਂ ਵੀ ਦਾਲ ਦੇ ਦਾਣੇ ਦੀ ਤਰਾਂ ਅਲਪ ਬੁੱਧੀ ਨਾਲ ਸੰਖੇਪ ਮਾਤਰ ਹੀ ਕਥਨ ਕਰਨਾ ਸੁਮੇਰ ਵਤ ਹੈ। ਕਿਊਂਕਿ ਬਾਬਾ ਬੀਰ ਸਿੰਘ ਜੀ ਨੇ ਜੋ ਪਰਉਪਕਾਰ ਨੋਰੰਗਾਬਾਦ ਆ ਕਰ ਕੀਤੇ ਸੋ ਤਿਨਾ ਨੂੰ ਪੂਰਾ ਪੂਰਾ ਕਥਨ ਕਰਨ ਨੂੰ ਅਸਮਾਦ ਜੀਵਾ ਦੀ ਬੁੱਧੀ ਅਸਮਰਥ ਹੈ। ਪਰ ਜਿਹੜੇ ਜਿਹੜੇ ਪਰਉਪਕਾਰ ਤਿਨਾਂ ਦੇ ਚਰਨ ਸੇਵਕ ਮਹਾਪੁਰਖਾਂ, ਗੁਰ ਸਿੱਖਾਂ ਦੇ ਮੁਖਾਬਰ ਬਿੰਦ ਤੋਂ ਸੁਣੇ ਹਨ ਸੋ ਤਿਨਾ ਵਿੱਚੋ ਵੀ ਇੱਕ ਦੋ ਹੀ ਕਥਨ ਕਰਨ ਨਾਲ ਆਨੰਦ ਆ ਜਾਵੇਗਾ।
-ਬਾਬਾ ਜੀ ਦਾ ਠੱਟਾ ਟਿੱਬਾ ਆਗਮਨ- ਜਿਸ ਸਮੇਂ ਬਾਬਾ ਬੀਰ ਸਿੰਘ ਜੀ ਦੋਆਬੇ ਦੇ ਦੌਰੇ ਤੇ ਆਏ ਤਾਂ ਉਹ ਕਪੂਰਥਲਾ ਪਹੁੰਚ ਗਏ ਜਿਥੇ ਸਰਦਾਰ ਨਿਹਾਲ ਸਿੰਘ ਨੇ ਆਪ ਜੀ ਦੀ ਬੜੀ ਸੇਵਾ ਕੀਤੀ। ਸਰਦਾਰਨੀ ਮਾਈ ਹੀਰਾ ਆਪ ਜੀ ਵਾਸਤੇ ਪ੍ਰਸਾਦ ਤਿਆਰ ਕਰਕੇ ਭੇਜਦੀ ਰਹੀ। ਇਸ ਤੋਂ ਬਾਅਦ ਆਪ ਮਲਸੀਆਂ ਤੋ ਹੁੰਦੇ ਹੋਏ ਠੱਟੇ ਪਹੁੰਚ ਗਏ ਅਤੇ ਉਹ ਇਸ ਜਗਾ ਦੀ ਪਰਕ੍ਰਮਾ ਕਰਕੇ ਬੈਠ ਗਏ ਜਿੱਥੇ ਇਸ ਸਮੇਂ ਗੁਰਦੁਆਰਾ ਦਮਦਮਾ ਸਾਹਿਬ ਸ਼ੁਸ਼ੋਭਿਤ ਹੈ। ਫਿਰ ਇਲਾਕੇ ਦੇ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਭਾਰੀ ਗਿਣਤੀ ਵਿੱਚ ਆਉਣ ਲੱਗ ਪਏ ਪਰ ਸਭ ਹੁੱਕਾ ਪੀਣ ਵਾਲੇ ਸਨ। ਇਸਤਂੋ ਉਹ ਦੂਰ ਖੜੇ ਹੀ ਬੇਨਤੀਆਂ ਕਰਨ ਲੱਗੇ ਕਿ ਬਾਬਾ ਜੀ ਅਸੀਂ ਬੜੇ ਦੁਖੀ ਹਾਂ। ਸਾਰਾ ਦਿਨ ਧਰਤੀ ਫੋਲਦੇ ਹੀ ਮਰੇ ਰਹਿੰਦੇ ਹਾਂ ਫਿਰ ਵੀ ਸਾਡੇ ਬਾਲ ਬੱਚੇ ਅੰਨ ਵੱਲੋ ਭੁੱਖੇ ਹੀ ਰਹਿੰਦੇ ਹਨ। ਲੋਕਾਂ ਦੀ ਇਹੋ ਜਿਹੀ ਗਰੀਬੀ ਵਾਲੀ ਦਸ਼ਾ ਦੇਖ ਕੇ ਬਾਬਾ ਜੀ ਨੇ ਆਖਿਆ ਭਾਈ ਤੁਸੀ ਗੁਰੂ ਪ੍ਰਮੇਸ਼ਰ ਤੋਂ ਭੁੱਲੇ ਹੋਏ ਹੋ। ਏਸੇ ਕਰਕੇ ਹੀ ਤੁਹਾਡੀ ਇਹ ਦਸ਼ਾ ਹੋ ਰਹੀ ਹੈ। ਅੱਗੇ ਇੱਕ ਦੋ ਨੰਬਰਦਾਰਾਂ ਆਖਿਆ, ਬਾਬਾ ਜੀ ਅਸੀਂ ਤਾਂ ਭੁੱਖੇ ਮਰਦੇ ਵੀ ਰਾਮ ਰਾਮ ਹੀ ਕਰਦੇ ਰਹਿੰਦੇ ਤਾਂ ਬਾਬਾ ਜੀ ਨੇ ਪੁਛਿਆ ਕਿ ਤੁਹਾਡਾ ਗੁਰੂ ਕੋਣ ਹੈ ਜਿਸ ਨੇ ਤੁਹਾਨੂੰ ਰਾਮ ਰਾਮ ਜੱਪਣਾ ਦੱਸਿਆ ਹੈ ਤਾ ਅੱਗੋ ਉਹਨਾ ਨੇ ਆਖਿਆ ਕਿ ਬਾਬਾ ਜੀ ਗੁਰੂ ਦਾ ਤਾਂ ਸਾਨੂੰ ਪਤਾ ਨਹੀ ਅਸੀ ਤਾਂ ਦੇਖਾ ਦੇਖੀ ਰਾਮ ਰਾਮ ਕਹਿੰਦੇ ਹਾਂ। ਫਿਰ ਬਾਬਾ ਜੀ ਨੇ ਨਾਮ ਪੁੱਛੇ ਕਿ ਤੁਹਾਡੇ ਨਾਮ ਕੀ ਹਨ ਤਾਂ ਕਿਸੇ ਨੇ ਬਾਗ ਸਿੰਘ, ਕਿਸੇ ਨੇ ਲਾਭ ਸਿੰਘ, ਖੁਸ਼ਹਾਲ ਸਿੰਘ ਆਦਿ ਦੱਸਿਆ ਤਾਂ ਬਾਬਾ ਜੀ ਨੇ ਆਖਿਆ ਕਿ ਉਹ ਕੰਬੋਵੋ ਤਦੇ ਹੀ ਤਾਂ ਤੁਸੀ ਭੁੱਖੇ ਮਰਦੇ ਹੋ ਕਿਊਕਿ ਨਾਮ ਤਾਂ ਗੁਰੂ ਦੇ ਸਿੱਖਾ ਦੇ ਰਖਾਉਂਦੇ ਹੋ ਤੇ ਪੀਂਦੇ ਤੁਸੀ ਹੁੱਕੀਆਂ ਹੋ। ਆਊ ਹੁਣ ਅਮ੍ਰਿਤ ਛੱਕ ਕੇ ਪੂਰਣ ਗੁਰੂ ਸਿੱਖ ਬਣੋ ਤੁਹਾਡੀ ਭੁੱਖ ਦਾ ਦੁੱਖ ਦੂਰ ਕਰ ਦੇਵਾਂਗਾ। ਜਾਵੋ ਹੁੱਕੀਆ ਭੰਨ ਕੇ ਦੋ ਦੋ ਕਛਹਿਰੇ ਲੈ ਕੇ ਆਵੋ। ਅਗਲੇ ਦਿਨ ਹੀ ਇਹਨਾਂ ਲੋਕਾਂ ਨੇ ਹੁੱਕੀਆ ਭੰਨ ਕੇ ਅੰਮ੍ਰਿਤ ਛੱਕ ਲਿਆ।
ਕਈ ਪੈਲੀਆਂ ਵਿੱਚ ਹੁੱਕੇ ਰੱਖ ਕੇ ਦੇਖਣ ਆਏ ਤਾਂ ਬਾਬਾ ਜੀ ਨੇ ਆਖਿਆ ਕਿ ਓਏ ਭਾਈ ਜਿਹੜੇ ਤੁਸੀਂ ਪੈਲੀਆਂ ਵਿੱਚ ਰੱਖ ਕੇ ਆਏ ਹੋ ਉਹਨਾ ਨੂੰ ਭੰਨ ਕੇ ਤੁਸੀਂ ਵੀ ਅਮ੍ਰਿਤ ਛੱਕ ਲਵੋ। ਇਸਤੇਂ ਉਹਨਾ ਨੇ ਵੀ ਬਾਬਾ ਜੀ ਦੀ ਅੰਤਰਯਾਮਤਾ ਦੀ ਸ਼ਕਤੀ ਦੇਖਕੇ ਹੁੱਕੀਆਂ ਭੰਨ ਕੇ ਅਗਲੇ ਦਿਨ ਹੀ ਅੰਮ੍ਰਿਤ ਛੱਕ ਲਿਆ। ਬਾਬਾ ਜੀ ਨੇ ਦੋ ਚਾਰ ਦਿਨ ਇੱਥੇ ਹੀ ਸਾਰਾ ਜੱਥਾ ਰੱਖ ਕੇ ਦੀਵਾਨ ਤੇ ਪ੍ਰਚਾਰ ਨਾਲ ਸਾਰੇ ਇਲਾਕੇ ਨੂੰ ਅੰਮ੍ਰਿਤ ਛਕਾ ਕੇ ਆਖਿਆ ਕਿ ਚਲੋ ਭਾਈ ਨੰਬਰਦਾਰੋ ਤੁਸੀ ਆਪਣੀ ਹੱਦ ਦਿਖਾਓ ਕਿ ਬਿਆਸ ਤੋਂ ਕਿਤਨੀ ਦੂਰ ਨੇੜੇ ਹੈ। ਇਸਤੋਂ ਬਾਅਦ ਬਾਬਾ ਜੀ ਘੋੜੀ ਉੱਪਰ ਬੈਠ ਕੇ ਬਿਆਸਾ ਵੱਲ ਤੱਕ ਕੇ ਹੱਥ ਨਾਲ ਇਛਾਰਾ ਕਰਕੇ ਆਖਿਆ ਕਿ ਇਥੋਂ ਨਾਲਾ ਨਿਕਲ ਕੇ ਕੱਲਰ ਧੋ ਕੇ ਜਮੀਨ ਬਣਾਏਗਾ। ਸਿੰਘਾਂ ਨੇ ਪੁਛਿਆ ਕਿ ਬਾਬਾ ਜੀ ਇਸ ਦਾ ਨਾਂ ਵੀ ਦੱਸ ਦਿਓ ਤਾਂ ਬਾਬਾ ਜੀ ਨੇ ਕਿਹਾ ਕਿ ਇਸਦਾ ਨਾਮ ਕਾਲਣਾ ਹੋਵੇਗਾ ਸੋ ਵੈਸੇ ਹੀ ਹੈ। ਬਾਬਾ ਜੀ ਨੇ ਆਖਿਆ ਭਾਈ ਤੁਸੀਂ ਸਿੱਖੀ ਨਾਲ ਜਿਨੀ ਦੇਰ ਪਿਆਰ ਰੱਖੋਗੇ ਉਨੀ ਦੇਰ ਤੁਹਾਡੇ ਅੰਨ ਦਾ ਕਾਲ ਨਹੀਂ ਪਵੇਗਾ ਕਿਊਕਿ ਇਥੇ ਹਮੇਸ਼ਾ ਹੀ ਗੁਰੂ ਕਾ ਅੰਮ੍ਰਿਤ ਵਰਸੇਗਾ। ਬਾਬਾ ਜੀ ਦੇ ਵਰ ਨਾਲ ਹੁਣ ਤੱਕ ਅੰਮ੍ਰਿਤ ਪ੍ਰਚਾਰ ਹੁੰਦਾ ਹੀ ਰਹਿੰਦਾ ਹੈ। ਇਸ ਪਿਛੋਂ ਬਾਬਾ ਜੀ ਨੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਇਸ ਅਸਥਾਨ ਦੀ ਸੇਵਾ ਕਰਿਆ ਕਰੋ। ਤੁਹਾਨੂੰ ਕਦੇ ਕਿਸੇ ਚੀਜ ਦੀ ਤੋਟ ਨਹੀ ਰਹੇਗੀ। ਇਸ ਪਿਛੋ ਬਾਬਾ ਜੀ ਇਸ ਇਲਾਕੇ ਨੂੰ ਭਾਗ ਲਗਾਉਦੇ ਹੋਏ ਸੈਦਪੁਰ ਤੋ ਜੱਟਾ ਦੀ ਸਰਾ ਹੁੰਦੇ ਹੋਏ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਚਲੇ ਗਏ। ਗੁਰਦੁਆਰਾ ਦਮਦਮਾ ਸਾਹਿਬ ਬਣਾਉਣ ਦੀ ਸਾਖੀ: ਜਿਸ ਸਮੇਂ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਜੀ ਬਣਾਉਣ ਲਈ ਨੀਹਾਂ ਪੁੱਟੀਆਂ ਤਾਂ ਉਸ ਵੇਲੇ ਇੱਥੇ ਬਾਬਾ ਮਹਾਰਾਜ ਸਿੰਘ ਜੀ ਆਏ ਸਨ। ਇਥੇ ਆਇਆ ਨੂੰ ਠੱਟੇ ਦੇ ਜਿਹਨਾ ਸਿੰਘਾਂ ਨੇ ਦੇਖਿਆ ਉਹਨਾ ਨੇ ਬਾਬਾ ਖੜਕ ਸਿੰਘ ਜੀ ਨੂੰ ਪੁਛਿਆ ਕਿ ਮਹਾਰਾਜ ਜੀ ਅੱਜ ਸ਼ਾਮ ਜਦੋ ਅਸੀ ਦਮਦਮਾ ਸਾਹਿਬ ਨਮਸਕਰ ਕਰਨ ਗਏ ਤਾਂ ਉਦੋ ਦੋ ਸਿੰਘ ਗੁਪਤ ਜਿਹੇ ਆਏ ਤੇ ਗੁੱਪਤ ਹੀ ਹੋ ਕੇ ਚਲੇ ਗਏ ਪਰ ਉਹਨਾ ਦਾ ਸਰੀਰ ਬੜਾ ਸੂਖਮ ਜਿਹਾ ਤੇ ਬੜੀ ਦਿੱਬ ਜੋਤ ਸੀ। ਜਦ ਅਸੀ ਨਮਸਕਾਰ ਕਰਕੇ ਜਲ ਪ੍ਰਸਾਦ ਦੀ ਸੇਵਾ ਪੁੱਛੀ ਤਾਂ ਅੱਗੋ ਉਹਨਾ ਆਖਿਆ ਭਾਈ ਇਸ ਗੁਰੂ ਅਸਥਾਨ ਦੀ ਸੇਵਾ ਕਰਿਆ ਕਰੋ, ਇਹੋ ਹੀ ਸਾਡੀ ਸੇਵਾ ਹੈ। ਸੰਗਤ ਨੇ ਆਖਿਆ ਮਹਾਰਾਜ ਜੀ ਆਪ ਜੀ ਦਾ ਨਾਮ ਕੀ ਹੈ ਅਤੇ ਇੱਥੇ ਕਿਵੇਂ ਆਏ ਹੋ ਤਦ ਉਹਨਾ ਨੇ ਕਿਹਾ ਭਾਈ ਸਿੱਖੋ ਅਸੀਂ ਆਪਣੇ ਸੇਵਕ ਨੂੰ ਹੀ ਦੇਖਣ ਆਏ ਸਾਂ ਕਿ ਸੇਵਾ ਸ਼ੁਰੂ ਕੀਤੀ ਹੈ ਕਿ ਨਹੀ। ਬਾਬਾ ਖੜਗ ਸਿੰਘ ਜੀ ਨੇ ਦੱਸਿਆ ਕਿ ਉਹ ਮਹਾਰਾਜ ਸਿੰਘ ਨੋਰੰਗਾਬਾਦ ਵਾਲੇ ਸਨ ਆਪਣੇ ਅਸਥਾਨ ਨੂੰ ਦੀ ਦੇਖਣ ਆਏ ਸੀ। ਉਹ ਖਾਸ ਕਰ ਜੰਮੂ ਦੀ ਰਿਆਸਤ ਵਿੱਚ ਪੰਜਾਂ ਸਿੰਘਾ ਨਾਲ ਗੁਪਤ ਹੀ ਰਹਿੰਦੇ ਸਨ ਅਤੇ ਕਦੇ ਕਦੇ ਇਧਰ ਵੀ ਗੁਪਤ ਹੀ ਚੱਕਰ ਲਗਾ ਜਾਂਦੇ ਹਨ। ਰਣਜੀਤ ਸਿੰਘ ਦੀ ਦਸਤਾਰ ਬੰਦੀ ਵਾਸਤੇ ਬਾਬਾ ਸਹਿਬ ਸਿੰਘ ਜੀ ਨੂੰ ਬੁਲਾਉਣਾ: ਸਰਦਾਰ ਮਹਾਂ ਸਿੰਘ ਸ਼ੁਕਰਚੱਕੀਆ ਦੀ ਮੌਤ ਤੋਂ ਬਾਅਦ ਉਹਨਾਂ ਦੀ ਸਰਦਾਰਨੀ ਰਾਣੀ ਰਾਜ ਕੌਰ ਦੇ ਸਪੁੱਤਰ ਰਣਜੀਤ ਸਿੰਘ ਨੂੰ ਦਸਤਾਰ ਬੰਦੀ ਵਾਸਤੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਬੁਲਾਇਆ ਤੇ ਜਦੋਂ ਲਾਹੋਰ ਕਿਲ੍ਹੇ ਵਿੱਚ ਮਹਾਰਾਜ ਜੀ ਦਾ ਤਿਲਕ ਹੋਣਾ ਸੀ ਤਾਂ ਉਸ ਵੇਲੇ ਬਾਬਾ ਸਾਹਿਬ ਜੀ 35-36 ਸਾਲਾਂ ਦੇ ਸਨ ਅਤੇ ਖਾਲਸਾ ਪੰਥ ਵਿੰਚ ਪ੍ਰਮੁੱਖ ਵਿਦਵਾਨ, ਪ੍ਰਮੁੱਖ ਰਾਜਨੀਤਿਕ ਅਤੇ ਗੁਰੂ ਸ਼ਬਦ ਨਾਲ ਮੰਨੇ ਅਤੇ ਸਤਕਾਰੇ ਜਾਂਦੇ ਸਨ ਅਤੇ ਸੰਤ ਬਾਬਾ ਬੀਰ ਸਿੰਘ ਜੀ ਨੇ ਇਹਨਾ ਦੀ ਸੇਵਾ ਕੀਤੀ। ਧੰਨ ਧੰਨ ਬਾਬਾ ਬੀਰ ਸਿੰਘ ਨੋਰੰਗਾਬਾਦੀ ਜਿਨਾਂ ਨੇ ਖਾਲਸਾ ਰਾਜ ਜਿਸ ਦੀ ਨੀਂਹ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲਿਆਂ ਨੇ ਰੱਖੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਪ ਤਿੱਲਕ ਲਗਾ ਕੇ ਤਾਜ ਪੋਸ਼ੀ ਦੀ ਰਸਮ ਅਦਾ ਕੀਤੀ ਅਤੇ ਸਿੱਖ ਰਾਜ ਸਥਾਪਿਤ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ ਖਾਲਸਾ ਰਾਜ ਮਾਣ ਮਰਿਯਾਦਾ ਨਾਲ ਚਲਾਇਆ। ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ। ਹਰ ਧਰਮ ਦਾ ਸਤਿਕਾਰ ਰੱਖਿਆ, ਨਿਆ, ਇਨਸਾਫ ਤੇ ਧਰਮ ਦਾ ਰਾਜ ਕੀਤਾ। ਸੰਨ 1839 ਵਿੱਚ ਮਹਾਰਾਜਾ ਦੇ ਅੱਖਾਂ ਮੀਟ ਜਾਣ ਤੋ ਬਾਅਦ ਡੋਗਰਿਆਂ ਨੇ ਜੋ ਅੱਗ ਬਾਲੀ ਉਸਨੂੰ ਬੁਝਾਉਣ ਵਾਸਤੇ ਬਾਬਾ ਬੀਰ ਸਿੰਘ ਜੀ ਨੇ ਉਸ ਵੇਲੇ ਜਦੋਂ ਰਾਜ ਵਿੱਚ ਭਰਾ ਮਾਰੂ ਜੰਗ ਦਾ ਮਾਹੋਲ ਬਣ ਗਿਆ ਸੀ। ਮਹਾਰਾਜ ਨੇ ਆਪਣੇ ਜਿਊਦਿਆ ਖੜਕ ਸਿੰਘ ਨੂੰ ਰਾਜ ਗੱਦੀ ਤੇ ਬਿਠਾਇਆ ਤੇ ਡੋਗਰਿਆਂ ਨੇ ਚਾਲਾਂ ਚੱਲ ਕੇ ਰਾਜ ਘਰਾਣੇ ਵਿੱਚ ਫੁੱਟ ਪਾ ਦਿੱਤੀ। ਰਾਜਾ ਹੀਰਾ ਸਿੰਘ ਨੂੰ ਜਿਸ ਵੇਲੇ ਇਹ ਖਬਰ ਮਿਲੀ ਕਿ ਸਰਦਾਰ ਅਤਰ ਸਿੰਘ, ਸਰਦਾਰ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਆਪਣੀਆਂ ਆਪਣੀਆਂ ਫੋਜਾਂ ਸਮੇਤ ਬਾਬਾ ਬੀਰ ਸਿੰਘ ਪਾਸ ਨੋਰੰਗਾਬਾਦ ਚਲੇ ਗਏ ਸਨ। ਉਹਨਾ ਨੂੰ ਬਹੁਤ ਫਿੱਕਰ ਹੋਈ। ਉਹ ਜਾਣਦੇ ਸਨ ਕਿ ਬਾਬਾ ਬੀਰ ਸਿੰਘ ਜੀ ਪਾਸ ਆਪਣੀਆਂ ਕਿੰਨੀਆਂ ਸਿਪਾਹੀ, ਫੌਜਾਂ, ਖਾਲਸੇ ਤਿਆਰ ਬਰ ਤਿਆਰ ਰਹਿੰਦੇ ਸਨ ਅਤੇ ਇਹਨਾ ਤਿੰਨਾਂ ਦੀਆਂ ਫੌਜਾਂ ਦਾ ਵੀ ਉੱਥੇ ਇੱਕਠੇ ਹੋ ਜਾਣਾ ਉਸ ਵਾਸਤੇ ਬਹੁਤ ਖਤਰਾ ਸੀ। ਤੇ ਉਹ ਇਸਦੇ ਉਪਾਅ ਸੋਚਣ ਲੱਗਾ ਸੀ। ਇਸ ਤੋ ਪਹਿਲੇ ਡੋਗਰੇ ਭਰਾਵਾਂ ਨੇ ਲਹੌਰ ਦਰਬਾਰ ਵਿੱਚ ਆਪਣੇ ਪੁੱਤਰ (ਹੀਰਾ ਸਿੰਘ) ਨੂੰ ਬਾਦਸ਼ਾਹ ਬਣਾਉਣ ਦੇ ਖਿਆਲ ਨਾਲ ਮਹਾਰਾਜ ਖੜਕ ਸਿੰਘ, ਕੰਵਰ ਨੋਨਿਹਾਲ ਸਿੰਘ ਨੂੰ ਮਰਵਾ ਕੇ ਜਿਹੜੀ ਗੱਦਾਰੀ ਕੀਤੀ ਸੀ ਇਸੇ ਦੁੱਖ ਵਿੱਚ ਬਦਲੇ ਦੀ ਭਾਵਨਾ ਨਾਲ ਸੰਧੇ ਵਾਲੀਏ ਸਰਦਾਰਾਂ ਨੇ ਧਿਆਨ ਸਿੰਘ ਤੇ ਸ਼ੇਰ ਸਿੰਘ ਨੂੰ ਮਰਵਾਇਆ ਸੀ ਪਰ ਹੀਰਾ ਸਿੰਘ ਦੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸੰਧਾ ਵਾਲਿਆਂ ਵਾਸਤੇ ਬਹੁਤ ਮੁਸ਼ਕਿਲ ਆ ਗਈ ਅਤੇ ਸਿੱਖ ਫੌਜੀ ਸਰਦਾਰਾਂ ਨੇ ਵੀ ਹੀਰਾ ਸਿੰਘ ਦਾ ਅਸਰ ਕਬੂਲ ਲਿਆ ਅਤੇ ਸੰਧਾ ਵਾਲੀਆਂ ਦੇ ਖਿਲਾਫ ਹੋ ਗਏ। ਇਸ਼ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਸਰਦਾਰਾਂ ਨੂੰ ਹੀਰਾ ਸਿੰਘ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਹੀ ਕਈ ਹਜਾਰਾਂ ਫੌਜਾਂ ਤੋ ਬਾਬਾ ਬੀਰ ਸਿੰਘ ਜੀ ਤੇ ਹਮਲਾ ਕਰਵਾ ਦਿੱਤਾ। ਕਈ ਹਜਾਰਾ ਸਿੱਖ ਸੰਗਤਾਂ ਤੇ ਫੋਜੀ ਤਾਕਤ ਹੋਣ ਦੇ ਬਾਵਜੂਦ ਹੱਥ ਨਹੀ ਉਠਾਇਆ ਅਤੇ ਅਤਰ ਸਿੰਘ ਤੇ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਨੂੰ ਬਚਾਉਣ ਦਾ ਜਿਹੜਾ ਭਰੋਸਾ ਦਿੱਤਾ ਸੀ ਉਹ ਸ਼ਹੀਦ ਹੋ ਕੇ ਨਿਭਾਇਆ। ਇਸ ਗੱਲ ਦਾ ਜਿਕਰ ਬੀਰ ਮਿੰਗ੍ਰੇਸ਼ ਵਿੱਚ ਹੀ ਵਿਸਥਾਰ ਸਹਿਤ ਪੰਡਿਤ ਸ਼ੇਰ ਸਿੰਘ ਨੇ ਲਿਖਿਆ ਹੈ ਪਰ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਪਾਸੋਂ ਅਜਿਹੀ ਪੋਥੀ ਮਿਲੀ ਹੈ ਜਿਸ ਵਿੱਚ ਭਾਈ ਮੋਹਰ ਸਿੰਘ ਨੇ ਆਪਣੇ ਅੱਖੀ ਡਿੱਠੇ ਹਾਲ ਨੂੰ ਭਾਈ ਕਾਹਨ ਸਿੰਘ ਤੇ ਸੰਤ ਬਾਬਾ ਖੜਕ ਸਿੰਘ ਜੀ ਠੱਟਾ (ਦਮਦਮਾ ਸਾਹਿਬ) ਵਾਲਿਆ ਨੂੰ ਲਿਖਵਾਇਆ ਹੈ। ਉਹ ਬਹੁਤ ਦਿਲਚਸਪ, ਦਿਲ ਹਿਲਾ ਦੇਣ ਵਾਲਾ ਅਤੇ ਦਰਦਨਾਕ ਸਮਾਚਾਰ ਹਨ।
ਜੁਰਮਾਨਾ ਪ੍ਰਸੰਗ: ਜਦੋ ਜੰਗ ਬੰਦ ਹੋ ਗਈ ਸਰਦਾਰ ਭਗਵਾਨ ਸਿੰਘ ਤੇ ਸਰਦਾਰ ਪੰਜਾਬ ਸਿੰਘ ਜੋ ਬਾਬਾ ਜੀ ਦੇ ਸ਼ਰਧਾਲੂ ਸਨ ਇਹਨਾ ਨੇ 15 –20 ਜਵਾਨ ਨਾਲ ਲੈ ਕੇ ਜਖਮੀਆ ਨੂੰ ਮਰਹੱਮ ਪੱਟੀ ਕੀਤੀ ਅਤੇ ਨਾਲ ਹੀ ਸ਼ਰਬਤ ਵੀ ਪਿਆਉਦੇ ਰਹੇ। ਅੱਖਾਂ ਵਿੱਚ ਅੱਥਰੂ ਕਿਰਦੇ ਰਹਿੰਦੇ ਕਿ ਇਸ ਨੀਚ ਡੋਗਰੇ ਨੇ ਸਾਡੇ ਕੋਲੋਂ ਕੀ ਅਨਰਥ ਕਰਵਾਇਆ ਹੈ। ਜਦੋਂ ਇਹ ਦੋਨੋ ਜਣੇ ਲਾਹੋਰ ਛਾਉਣੀ ਆਏ ਤਾਂ ਕਿਸੇ ਨੀਚ ਨੇ ਰਿਪੋਰਟ ਕਰ ਦਿੱਤੀ ਕਿ ਇਹ ਦੋਨੋ ਜਣੇ ਬਾਬਾ ਬੀਰ ਸਿੰਘ ਦੇ ਡੇਰੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਸ਼ਰਬਤ ਪਿਆਉਦੇ ਰਹੇ। ਜੇਲ੍ਹ ਮੰਤਰੀ ਨੇ ਦੋਨਾਂ ਨੂੰ ਸ਼ਰਬਤ ਪਿਲਾਉਣ ਦੇ ਬਦਲੇ 20-20 ਜੁਰਮਾਨਾ ਕਰ ਦਿੱਤਾ ਤੇ ਫਿਰ ਦੋਨਾਂ ਸਰਦਾਰਾਂ ਨੇ ਕਿਹਾ ਕਿ ਬਹੁਤ ਚੰਗਾ ਹੋਇਆ ਜੋ ਸੰਤਾਂ ਨੂੰ ਸ਼ਰਬਤ ਪਿਲਾਉਣ ਦੇ ਬਦਲੇ ਜੁਰਮਾਨਾ ਕੀਤਾ। ਅਸੀਂ 10-10 ਰੁਪਏ ਹੋਰ ਉੱਪਰ ਦਿੰਦੇ ਹਾਂ। ਇਹ ਕਹਿੰਦੇ ਹੋਏ ਦੋਨਾਂ ਨੇ 20-20 ਰੁਪਏ ਜੁਰਮਾਨਾ ਭਰ ਦਿੱਤਾ। -ਅਸਤਾਂ ਵਾਲੀ ਗਾਗਰ ਨੋਰੰਗਾਬਾਦ ਪਹੁੰਚੀ- ਜਦੋ ਗੰਢਾ ਸਿੰਘ ਨਿਹੰਗ ਨੂੰ ਇਹ ਪਤਾ ਲੱਗਾ ਕਿ ਹੀਰਾ ਸਿੰਘ ਦੇ ਮੰਤਰੀ ਜੈਲੇ ਨੇ ਸਰਦਾਰ ਭਗਵਾਨ ਸਿੰਘ ਤੇ ਸਰਦਾਰ ਪੰਜਾਬ ਸਿੰਘ ਨੂੰ ਪਾਣੀ ਪਿਲਾਉਣ ਦੇ ਬਦਲੇ 20-20 ਰੁਪਏ ਜੁਰਮਾਨਾ ਕਰ ਦਿੱਤਾ ਹੈ। ਇਹ ਪਤਾ ਲੱਗਣ ਤੇ ਕਿ ਗੰਢਾ ਸਿੰਘ ਕੋਲ ਬਾਬਾ ਬੀਰ ਸਿੰਘ ਦੇ ਅਸਤ ਹਨ ਤਾ ਉਹ ਡਰ ਗਿਆ ਤੇ ਬਾਬਾ ਬੀਰ ਸਿੰਘ ਜੀ ਦੇ ਅਸਤ ਹਰੀ ਸਿੰਘ ਨਲੂਏ ਦੇ ਪੁੱਤਰ ਜਵਾਹਰ ਸਿੰਘ ਦੇ ਡੇਰੇ ਗਾਗਰ ਵਿੱਚ ਪਾ ਕੇ ਲੈ ਗਿਆ। ਅੱਗੋ ਜਵਾਹਰ ਸਿੰਘ ਨੇ ਬਹੁਤ ਸਤਿਕਾਰ ਨਾਲ ਬਾਬਾ ਜੀ ਦੇ ਅਸਤਾਂ ਵਾਲੀ ਗਾਗਰ ਸਾਫ ਮੇਜ ਤੇ ਰੱਖੀ ਤੇ ਨਮਸਕਾਰ ਕੀਤੀ। ਰਾਤ ਦੇ ਸਮੇਂ ਜਵਾਹਰ ਸਿੰਘ ਨੇ ਅਤਰ ਸਿੰਘ ਦੀ ਡਿਊਟੀ ਪਹਿਰੇ ਤੇ ਲਗਾ ਦਿੱਤੀ। ਭਾਈ ਅਤਰ ਸਿੰਘ ਬਾਬਾ ਜੀ ਨੂੰ ਯਾਦ ਕਰਦੇ ਤੇ ਅੱਖੀਆਂ ਵਿੱਚੋ ਅੱਥਰੂ ਕੇਰਦੇ ਹੋਏ ਜਮੀਨ ਤੇ ਬੇਹੋਸ਼ ਹੋ ਕੇ ਡਿੱਗ ਪਏ। ਉਸ ਸਮੇਂ ਬਾਬਾ ਬੀਰ ਸਿੰਘ ਜੀ ਨੇ ਪ੍ਰਗਟ ਹੋ ਕੇ ਅਤਰ ਸਿੰਘ ਨੂੰ ਉਠਾਇਆ ਤੇ ਬਚਨ ਕੀਤੇ ਕਿ ਭਲਿਆ ਅੱਥਰੂ ਨਾ ਕੇਰ ਹੁਣ ਇਹਨਾ ਡੋਗਰਿਆ ਤੇ ਹੋਰ ਸਭ ਪਾਪੀਆਂ ਦੀਆ ਜੜ੍ਹਾਂ 22 ਮਹੀਨਿਆਂ ਵਿੱਚ ਪੁੱਟੀਆਂ ਜਾਣਗੀਆਂ। ਇਹ ਬਚਨ ਸੁਣ ਕੇ ਸਰਦਾਰ ਜਵਾਹਰ ਸਿੰਘ ਜੀ ਉੱਠ ਗਏ। ਸਰਦਾਰ ਅਤਰ ਸਿੰਘ ਨੂੰ ਪੁੱਛਿਆ ਕਿ ਤੁਸੀਂ ਕਿਸ ਨਾਲ ਬਚਨ ਕਰ ਰਹੇ ਸੀ ਤਾ ਅੱਗੋਂ ਸਰਦਾਰ ਅੱਤਰ ਸਿੰਘ ਨੇ ਸਾਰੀ ਵਾਰਤਾ ਸੁਣਾਈ। ਸਵੇਰ ਹੋਣ ਤੇ ਸਰਦਾਰ ਜਵਾਹਰ ਸਿੰਘ ਨੇ ਬਾਬਾ ਜੀ ਦੀ ਅਸਤੀਆਂ ਵਾਲੀ ਗਾਗਰ ਨੋਰੰਗਾਬਾਦ ਭੇਜ ਦਿੱਤੀ। ਜਿਨ੍ਹਾਂ ਫੌਜਾਂ ਨੇ ਬਾਬਾ ਜੀ ਦੇ ਡੇਰੇ ਤੇ ਹਮਲਾ ਕੀਤਾ ਉਹਨਾਂ ਦਾ ਨਾਮ ਗੁਰੂ ਮਾਰੀਆਂ ਫੋਜਾ ਪੈ ਗਿਆ। ਜਦੋਂ ਵੀ ਇਹ ਫੌਜਾਂ ਕਿਸੇ ਦੁਕਾਨ ਤੇ ਜਾਂਦੀਆਂ ਤਾਂ ਲੋਕ ਅੱਗਿਓ ਇਹ ਕਹਿ ਕੇ ਦਰਵਾਜੇ ਬੰਦ ਕਰ ਦਿੰਦੇ ਕਿ ਆ ਗਏ ਗੁਰੂ ਕੇ ਮਾਰੇ। ਦਰਿਆ ਵਾਲਾ: ਸੰਤ ਬਾਬਾ ਹੀਰਾ ਸਿੰਘ ਜੀ ਨੇ ਅੱਖੀ ਡਿੱਠਾ ਹਾਲ ਆਪ ਨੇ ਇਸ ਤਰਾ ਲਿਖਵਾਇਆ ਕਿ ਜਦੋ ਸੰਤ ਬਾਬਾ ਬੀਰ ਸਿੰਘ ਜੀ ਨੇ ਹਰੀਕੇ ਪੱਤਣ ਜਾ ਕੇ ਡੇਰਾ ਲਗਾਇਆ ਤਾ ਉਸ ਵੇਲੇ ਬਾਬਾ ਜੀ ਨੇ 500 ਰੁਪਇਆ ਸਤਲੁਜ ਦਰਿਆ ਵਿੱਚ ਭੇਂਟ ਕੀਤਾ ਅਤੇ 500 ਦਾ ਕੜਾਹ ਪ੍ਰਸਾਦ ਸੰਗਤ ਵਿੱਚ ਵਰਤਾਇਆ। ਇਸ ਮੋਕੇ ਉਹ ਦਰਿਆ ਨੂੰ ਕਹਿਣ ਲੱਗੇ ਤੇ ਤੁੰ ਸਾਡਾ ਜਾਮਨ ਰਿਹਾ ਆ। ਇਨੇ ਬਚਨ ਕਰਕੇ ਬਾਬਾ ਜੀ ਆਪਣੇ ਪਲੰਗ ਤੇ ਬੈਠ ਗਏ। ਉਸ ਸਮੇਂ ਦੂਰੋਂ ਦੂਰੋਂ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਸਨ ਪਰ ਬਾਬਾ ਜੀ ਸੰਗਤ ਨੂੰ ਪ੍ਰਸਾਦ ਛਕਾਅ ਕੇ ਤੱਤਕਾਲ ਹੀ ਵਿਦਾ ਕਰੀ ਜਾਂਦੇ ਸਨ ਪਰ ਜੇਕਰ ਕੋਈ ਹੱਠ ਕਰਕੇ ਕਹੇ ਮੈ ਤਾ ਤੁਹਾਡੇ ਚਰਨਾ ਵਿੱਚ ਹੀ ਰਹਿਣਾ ਹੀ ਹੈ ਤਾ ਬਾਬਾ ਜੀ ਅੱਗੋ ਕਹਿਦੇ ਭਾਈ ਸਾਡੀ ਗੱਲ ਮੰਨ ਲਵੋ ਤਾ ਇਥੇ ਕੱਲ ਨੂੰ ਕੁਝ ਹੋਰ ਹੀ ਕੋਤਕ ਹੋਣੇ ਨੇ। ਤੁਸੀ ਦਿਲੋਂ ਤਾ ਸਾਡੇ ਕੋਲ ਹੀ ਹੋ। ਸਾਰੀ ਰਾਤ ਕੀਰਤਨ ਹੁੰਦਾ ਰਿਹਾ ਤੇ ਬਾਬਾ ਜੀ ਦੇ ਹੁਕਮ ਅਨੁਸਾਰ ਪਹਿਲਾਂ ਨਾਲੋ 10 ਗੁਣਾ ਵੱਧ ਲੰਗਰ ਤਿਆਰ ਕੀਤਾ ਗਿਆ। ਕਿਸੇ ਸਿੰਘ ਨੇ ਬਾਬਾ ਜੀ ਨੂੰ ਬਚਨ ਕੀਤਾ ਕਿ ਤੁਸੀਂ ਤਾਂ ਕਹਿੰਦੇ ਕਿ ਉਹਨਾਂ ਜਾਲਮਾਂ ਨੇ ਸਾਡਾ ਡੇਰਾ ਉਡਾ ਦੇਣਾ ਹੈ ਤਾ ਫਿਰ ਇਹ ਲੰਗਰ ਕਿਸ ਵਾਸਤੇ? ਬਾਬਾ ਜੀ ਨੇ ਕਿਹਾ ਕਿ ਜਦੋ ਕੋਈ ਸਰੀਰ ਤਿਆਗਦਾ ਹੈ ਤਾ ਉਸ ਦੇ ਮਗਰੋ ਲੰਗਰ ਵੰਡਦੇ ਹਨ ਪਰ ਜਦੋ ਕੱਲ ਭਾਣਾ ਵਰਤ ਜਾਣਾ ਹੈ ਫਿਰ ਕਿਸਨੇ ਲੰਗਰ ਤਿਆਰ ਕਰਨਾ। ਇਸ ਲਈ ਅਸੀ ਹੁਣ ਹੀ ਲੰਗਰ ਤਿਆਰ ਕਰਵਾ ਲਿਆ ਹੈ।
ਹੀਰਾ ਸਿੰਘ ਲਾਭ ਸਿੰਘ ਜੱਲਾ ਦੀ ਮੌਤ: ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ ਤੋ ਬਾਅਦ ਜਦੋ ਲਾਭ ਸਿੰਘ ਤੇ ਜਲੇ ਨੇ ਇਹ ਇਹ ਰਿਪੋਰਟ ਹੀਰਾ ਸਿੰਘ ਨੂੰ ਦਿੱਤੀ ਤਾਂ ਇਸ ਗੱਲ ਤੋਂ ਖੁਸ਼ ਹੋ ਕੇ ਹੀਰਾ ਸਿੰਘ ਨੇ ਆਪਣੀ ਸਾਰੀ ਫੋਜ ਵਿੱਚ ਇਨਾਮ ਵੰਡੇ। ਓਧਰ ਸਰਦਾਰ ਜਵਾਹਰ ਸਿੰਘ ਨੇ ਗੁਰੂ ਮਾਰੀ ਫੌਜਾਂ ਕੋਲੋਂ ਬਦਲਾ ਲੈਣ ਲਈ ਸਾਰੇ ਸਿੱਖ ਜਰਨੈਲਾਂ ਨੂੰ ਇੱਕਠੇ ਕੀਤਾ ਜਦੋਂ ਹੀਰਾ ਸਿੰਘ, ਲਾਭ ਸਿੰਘ ਤੇ ਜਲੇ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਆਪਣਾ ਸਾਰਾ ਖਜਾਨਾ ਲੈ ਕੇ 5000-6000 ਫੌਜਾਂ ਨਾਲ ਜੰਮੂ ਵੱਲ ਭੱਜ ਤੁਰਿਆ। ਜਦੋ ਇਹ ਅਟਕ ਦਰਿਆ ਪਾਰ ਕਰਕੇ ਪਾਣੀ ਪੀਣ ਦੇ ਬਹਾਨੇ ਲੁਬਾਣਿਆਂ ਦੇ ਪਿੰਡ ਵਿੱਚ ਵੜ ਗਏ ਤਾਂ ਸਿੱਖ ਫੌਜਾ ਨੇ ਪਿੰਡ ਨੂੰ ਘੇਰਾ ਪਾ ਕੇ ਇਹਨਾ ਡੋਗਰਿਆਂ ਨੂੰ ਲਲਕਾਰਿਆ ਅਤੇ ਕਿਹਾ ਕਿ ਜੇ ਤੁਸੀ ਰਾਜਪੂਤ ਹੋ ਤਾ ਆਣ ਕੇ ਸਾਡੇ ਨਾਲ ਯੁੱਧ ਕਰੋ। ਜਵਾਹਰ ਸਿੰਘ ਨੇ ਕਿਹਾ ਰਾਜੇ ਨਾਲ ਰਾਜਾ ਲੜੂਗਾ। ਸਿਪਾਹੀ ਨਾਲ ਸਿਪਾਹੀ ਲੜੂਗਾ। ਲਾਭ ਸਿੰਘ ਜਲਾ ਜੰਗ ਵਿੱਚ ਮਾਰੇ ਗਏ। ਜਦੋ ਇਸ ਗੱਲ ਦਾ ਪਤਾ ਹੀਰਾ ਸਿੰਘ ਡੋਗਰੇ ਨੂੰ ਲੱਗਾ ਤਾ ਉਹ ਜੰਮੂ ਵੱਲ ਭੱਜ ਤੁਰਿਆ। ਰਸਤੇ ਵਿੱਚ ਬੇਦੀ ਸਿੰਘਾ ਹੱਥੋ ਮਾਰਿਆ ਗਿਆ। ਸਿੱਖ ਜਰਨੈਲਾਂ ਨੇ ਇਹਨਾਂ ਤਿੰਨਾਂ ਦੇ ਸਿਰ ਵੱਢ ਕੇ ਲਾਹੋਰ ਦੀ ਗਲੀ ਗਲੀ ਵਿੱਚ ਫੇਰੇ ਅਤੇ ਹਰੇਕ ਸ਼ਹਿਰ ਦੇ ਵਾਸੀ ਨੂੰ ਇਹਨਾਂ ਦੇ ਸਿਰਾਂ ਉਤੇ ਮਲ ਮੂਤਰ ਕਰਨ ਲਈ ਕਿਹਾ। ਲੋਕੀ ਖੁਸ਼ੀ ਹੋ ਕੇ ਜੁੱਤੀਆਂ ਮਾਰਦੇ। ਗ੍ਰੰਥ ਬੀਰ ਮ੍ਰਿਗੇਸ਼ ਵਿੱਚ ਪੰਡਿਤ ਸ਼ੇਰ ਸਿੰਘ ਲਿੱਖਦੇ ਹਨ ਕਿ ਬਾਬਾ ਬੀਰ ਸਿੰਘ ਜੀ ਦੇ ਲੰਗਰ ਵਿੱਚ ਕਦੀ ਵੀਰ ਹਜਾਰ ਤੋਂ ਵਧੀਕ ਸੰਗਤ ਵੀ ਲੰਗਰ ਛਕਿਆ ਕਰਦੀ ਅਤੇ 700 ਮਣ ਆਟਾ ਤੇ ਦੋ ਢਾਈ ਸੌ ਮਣ ਦਾਲਾਂ ਖਰਚ ਹੁੰਦੀਆਂ ਸਨ। ਬਾਬਾ ਬੀਰ ਸਿੰਘ ਜੀ ਜਦੋਂ ਤੱਕ ਸ਼ਰੀਰ ਵਿੱਚ ਰਹੇ ਇਹਨਾਂ ਦੀ ਲੰਗਰ ਦੀ ਨਿਸ਼ਕਾਮ ਤੇ ਨਿਰਮਾਣ ਸੇਵਾ ਨੂੰ ਦੇਖਦੇ ਰਹੇ। ਕਦੇ ਹੋਰ ਕਈ ਚੇਲਿਆਂ ਸੇਵਕਾਂ ਦੇ ਹੁੰਦਿਆਂ ਵੀ ਅੰਤ ਨੂੰ ਇਹਨਾਂ ਨੂੰ ਬੁਲਾ ਕੇ ਆਪਣੀ ਨੈਣ ਜੋਤ ਨੂੰ ਇਹਨਾਂ ਦੀ ਨੈਣ ਜੋਤ ਵਿੱਚ ਮਿਲਾ ਕੇ ਅਸੀਸਾਂ ਦੇ ਕੇ ਹੀ ਵਾਹਿਗੁਰੂ ਦੀ ਗੋਦ ਵਿੱਚ ਜਾ ਬਿਰਾਜੇ ਸਨ। ਮਹਾਰਾਜ ਸਿੰਘ ਜੀ ਨੇ ਸ਼੍ਰੀ ਅੰਮ੍ਰਿਤਸਰ ਸਰੋਵਰ ਦੀਆਂ ਚੌਹਾਂ ਬਾਹੀਆਂ ਵਿੱਚ ਸੰਤ ਬੀਰ ਸਿੰਘ ਦੇ ਅੰਗੀਠੇ ਦੀ ਬਿਭੂਤੀ (ਜੋ ਲਿਆਂਦੀ ਸੀ) ਪਾਈ ਤੇ ਪੰਜ ਘੋੜੇ ਹਰਮਿੰਦਰ ਸਾਹਿਬ, ਪੰਜ ਘੋੜੇ ਸ਼੍ਰੀ ਅਕਾਲ ਤੱਖਤ ਸਾਹਿਬ ਭੇਂਟ ਕਰਕੇ 125 ਰੁਪਏ ਦਾ ਕੜਾਹ ਪ੍ਰਸਾਦ ਚੜਾਇਆ। ਫਿਰ ਏਸੇ ਤਰਾਂ ਦੀ ਬਿਭੂਤੀ ਨੋਰੰਗਾਬਾਦ, ਰਤੋ ਕੀ ਗਗੋਬੂਆ (ਠੱਟਾ ਟਿੱਬਾ) ਜਿਲ੍ਹਾ ਕਪੂਰਥਲਾ ਵਿੱਚ ਸਤਿਕਾਰ ਵੱਜੋ ਰਖਾ ਕੇ ਯਾਦਗਾਰੀ ਦਮਦਮਾ ਸਾਹਿਬ ਸਥਾਨ ਬਣਵਾਏ। ਸੋ ਆਪ ਦੇ ਪੰਜਾਬ ਭਰ ਵਿੱਚ 360 ਅਸਥਾਨਾ ਵਿੱਚੋ ਉੱਕਤ ਅਸਥਾਨ ਬਹੁਤ ਪ੍ਰਸਿੱਧ ਹਨ ਅਤੇ ਬੇਹੱਦ ਸਤਿਕਾਰੇ ਜਾਂਦੇ ਹਨ। -ਬਾਬਾ ਸਾਹਿਬ ਸਿੰਘ ਜੀ ਬੇਦੀ- ਬਾਬਾ ਸਾਹਿਬ ਸਿੰਘ ਜੀ ਬੇਦੀ ਦਾ ਜਨਮ ਡੇਹਰਾ ਬਾਬਾ ਨਾਨਕ ਵਿਖੇ ਪਿਤਾ ਬਾਬਾ ਅਜੀਤ ਸਿੰਘ ਅਤੇ ਮਾਤਾ ਸਰੂਪ ਦੇਵੀ ਦੀ ਕੁੱਖੋ ਸੰਮਤ 1813 ਨੂੰ ਵਿੱਚ ਹੋਇਆ। ਆਪ ਜੀ ਦਾ ਜਨਮ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵਰ ਨਾਲ ਹੋਇਆ। ਇਤਿਹਾਸ ਮੁਤਾਬਕ ਆਪ ਜੀ ਦੇ ਦਾਦਾ ਬਾਬਾ ਕਲਾਧਾਰੀ ਜੀ ਦਾ ਮਿਲਾਪ ਸ਼ਿਕਾਰ ਖੇਡਦੇ ਸਮੇਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਵਿਚਾਰ ਵਟਾਂਦਰਾ ਕਰਦਿਆਂ ਬਾਬਾ ਕਲਾਧਾਰੀ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਬੇਦੀ ਕੁਲ ਰੁਕ ਗਈ ਹੈ। ਆਪ ਬਖਸ਼ਿਸ਼ ਕਰੋ। ਇਸ ਤੇ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਗੁਰੂਕੁਲ, ਭੱਲੇ, ਸੋਢੀਆਂ ਆਦਿ ਨੇ ਅੰਮ੍ਰਿਤ ਛੱਕ ਲਿਆ ਹੈ। ਆਪ ਵੀ ਛੱਕਣਾ ਕਰੋ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਨਗੇ। ਇਸ ਤੋਂ ਬਾਅਦ ਬਾਬਾ ਕਲਾਧਾਰੀ ਜੀ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਪੋਤੇ ਸਾਹਿਬ ਸਿੰਘ ਬੇਦੀ ਜੀ ਦਾ ਜਨਮ ਹੋਇਆ।