ਬਦਲਦੇ ਰਿਸ਼ਤੇ

197

562201_10151196932354689_482955747_n

ਬਦਲਦੇ ਰਿਸ਼ਤੇ
ਬਹੁਤ ਰਾਤ ਗਈ ਤੱਕ, ਰੂਪ ਸੁਗੰਧੀ ਦਾ ਇੰਤਜਾਰ ਕਰਦੀ ਰਹੀ ਕਿ ਉਹ ਆ ਕੇ ਆਪ ਹੀ ਕੁੱਝ ਦੱਸੇਗੀ। ਬਹੁਤ ਦੇਰ ਤੱਕ, ਸ਼ਾਮ ਨੂੰ ਦੇਖੀ ਸੁਗੰਧੀ ਦੀ ਬੇਚੈਨ ਤਸਵੀਰ ਉਸਦੀਆਂ ਅੱਖਾਂ ਮੂਹਰੇ ਘੁੰਮਦੀ ਰਹੀ, ਜਿਵੇਂ ਕੋਈ ਆਪਣੇ ਹੀ ਅਤੀਤ ਦੀ ਐਲਬਮ ਨੂੰ ਪਲ ਦਰ ਪਲ ਫੋਲਦਾ ਰਹੇ। ਬਹੁਤ ਦੇਰ ਤੱਕ ਉਹ ਕਿਸੇ ਭਰਮ ਨੂੰ ਆਪਣੇ ਮਨ ਵਿਚੋਂ ਧੂਅ ਕੇ ਬਾਹਰ ਕੱਢਣ ਦੀ ਕੋਸ਼ਿਸ ਕਰਦੀ ਰਹੀ, ਜਿਵੇਂ ਕੋਈ ਆਪਣੇ ਮੱਥੇ ਦੀਆਂ ਮੰਦ ਲਕੀਰਾਂ ਨੂੰ ਮੁੱਢੋਂ ਹੀ ਮੇਸ ਦੇਣਾ ਚਾਹੁੰਦਾ ਹੋਵੇ। ਤੇ ਉਹ ਮੁੜ ਮੁੜ ਇੱਛਾਂਉਂਦੀ ਰਹੀ ਸੀ ਕਿ ਕਾਸ਼ ਇਹ ਸਭ ਕੁੱਝ ਉਸਦਾ ਭਰਮ ਹੀ ਹੋਵੇ, ਕਿ ਜੋ ਉਸਦੀਆ ਅੱਖਾਂ ਨੇ ਆਪ ਸੱਚ ਦੇਖਿਆ ਸੀ ਉਹ ਸੱਚ ਨਹੀਂ ਸੀ। ਪਰ ਸੱਚ ਤਾਂ ਸੱਚ ਹੀ ਹੁੰਦਾ ਹੈ। ਜੀਵਨ ਦੇ ਹਰ ਮੋੜ ਉੱਤੇ, ਮੱਥੇ ਵਿੱਚ ਪੱਥਰ ਵਾਂਗ ਠਾਹ ਕਰ ਕੇ ਵੱਜਦਾ ਸੱਚ।

ਅੱਜ ਸੁਗੰਧੀ ਨੂੰ ਰੂਪ ਕੋਲ ਆਇਆਂ ਪੂਰੇ ਦੋ ਹਫਤੇ ਹੋ ਗਏ ਸਨ, ਪਰ ਉਸ ਦੇ ਚੁੱਪ ਬੁੱਲ•ਾਂ ਦਾ ਰੋਪੜੀ ਤਾਲਾ ਖੁੱਲ•ਣ ਦਾ ਨਾਂ ਤੱਕ ਨਹੀਂ ਸੀ ਲੈ ਰਿਹਾ। ਇਹ ਉਹੀ ਸੁਗੰਧੀ ਸੀ ਜੋ ਮੁਸ਼ਕਲ ਨਾਲ਼ ਉਸ ਕੋਲ ਇੱਕ ਦੋ ਰਾਤਾਂ ਠਹਿਰਣ ਤੋਂ ਬਾਅਦ ਹੀ ਆਪਣੇ ਪਤੀ ਮਨੀਕ ਕੋਲ ਜਾਣ ਲਈ ਕਾਹਲ਼ੀ ਪੈ ਜਾਂਦੀ ਸੀ। ਇਸ ਵਾਰ ਦੋ ਹਫਤੇ ਬੀਤ ਜਾਣ ਤੇ ਵੀ ਉਸ ਦਾ ਆਪਣੇ ਘਰ ਪਰਤਣ ਦਾ ਕੋਈ ਇਰਾਦਾ ਨਹੀਂ ਸੀ ਜਾਪਦਾ। ਭਾਵੇਂ ਉਸ ਨੂੰ ਸੁਗੰਧੀ ਦੇ ਕਿਸੇ ਵੀ ਵਿਵਹਾਰ ਤੋਂ ਇਹ ਅਹਿਸਾਸ ਨਹੀਂ ਸੀ ਹੋ ਰਿਹਾ ਕਿ ਜਿਵੇਂ ਉਹ ਆਪਣੇ ਪਤੀ ਨਾਲ਼ ਗੁੱਸੇ ਹੋ ਕੇ ਆਈ ਹੋਵੇ, ਪਰ ਇੱਕ ਸ਼ੱਕ ਦੀ ਮਹੀਨ ਜਿਹੀ ਲਕੀਰ ਹਮੇਸ਼ਾ ਰੂਪ ਦੇ ਮਨ ਵਿੱਚ ਚਿੰਤਾ ਸੁਲਘਾਈ ਰੱਖਦੀ। ਹੋਰ ਤਾਂ ਹੋਰ ਇਨ•ਾਂ ਦਿਨਾਂ ਵਿੱਚ ਮਨੀਕ ਦਾ ਵੀ ਕੋਈ ਫੋਨ ਨਹੀਂ ਸੀ ਆਇਆ ਅਤੇ ਨਾਂ ਉਹ ਆਪ ਹੀ ਆਇਆ ਸੀ। ਇਹ ਸੋਚ ਸੋਚ ਕੇ, ਕਿ ਸੁਗੰਧੀ ਦੇ ਇੱਥੇ ਆਉਣ ਤੇ ਕਈ ਕਈ ਵਾਰ ਫੋਨ ਕਰਨ ਵਾਲ਼ੇ ਮੁਨੀਕ ਨੇ, ਇਸ ਵਾਰ ਇੱਕ ਵਾਰ ਵੀ ਫੋਨ ਕਿਓਂ ਨਹੀਂ ਕੀਤਾ, ਰੂਪ ਦੇ ਫਿਕਰਾਂ ਦੇ ਬੱਦਲ਼ ਹੋਰ ਵੀ ਗਹਿਰੇ ਹੋਈ ਜਾ ਰਹੇ ਸਨ। ਜੇ ਉਹ ਇਸ ਸਬੰਧੀਂ ਸੁਗੰਧੀ ਨੂੰ ਪੁੱਛਦੀ ਤਾਂ ਉਹ ਆਨੀਂ ਬਹਾਨੀਂ ਗੱਲ ਨੂੰ ਕਿਸੇ ਹੋਰ ਹੀ ਰਾਹੇ ਪਾ ਛੱਡਦੀ ਜਾਂ ਫਿਰ ਇੱਕ ਲੰਮੀਂ ਚੁੱਪ ਵੱਟ ਲੈਂਦੀ।

“ਮੰਮ ਉਸ ਦੀ ਆਪਣੀ ਜ਼ਿੰਦਗੀ ਹੈ। ਉਹ ਕਿਧਰੇ ਬਿਜੀ ਹੋਵੇਗਾ। ਤੁਸੀਂ ਤਾਂ ਬੱਸ ਐਵੇਂ ਹੀ ਫਿਕਰ ਆਪਣੇ ਗਲ਼ ਪਾ ਲੈਂਦੇ ਹੋ।”

‘ਬੱਚੀਏ! ਤੂੰ ਕੀ ਜਾਣੇ? ਸੰਤਾਨ ਦੇ ਫਿਕਰ ਐਵੇਂ ਹੀ ਆਪਣੇ ਗਲ਼ ਨਹੀਂ ਪਾਏ ਜਾਂਦੇ। ਇਹ ਤਾਂ ਮਾਪਿਆਂ ਦਾ ਕਲ਼ੇਜਾ ਚੱਟ ਜਾਂਦੇ ਨੇ। ਮਾਪੇ ਆਪਣੇ ਤਾਂ ਸੌ ਸੌ ਦੁੱਖ ਸਹਾਰ ਜਾਂਦੇ ਹਨ, ਪਰ ਬੱਚਿਆਂ ਦੇ ਦੁੱਖ ਮਾਪਿਆਂ ਨੂੰ ਧੁਰ ਅੰਦਰ ਤੱਕ ਮਾਰ ਜਾਂਦੇ ਹਨ। ਇਹ ਕਿਹੋ ਜਿਹੀਆਂ ਕੁੜੀਆਂ ਨੇ, ਜੋ ਆਪਣੀਆਂ ਮਾਵਾਂ ਨਾਲ਼ ਵੀ ਦੁੱਖ ਸੁੱਖ ਸਾਂਝੇ ਨਹੀਂ ਕਰਦੀਆਂ। ਕੇਹੇ ਭੈੜੇ ਸਮੇਂ ਆ ਗਏ ਨੇ।’ ਉਹ ਸੋਚਦੀ।

ਜੇ ਰੂਪ ਗੱਲਾਂ ਗੱਲਾਂ ਵਿੱਚ ਸੁਗੰਧੀ ਨੂੰ ਉਸ ਦੇ ਘਰ ਜਾਣ ਬਾਰੇ ਪੁੱਛਦੀ ਤਾਂ ਉਹ ਬਿਨ•ਾਂ ਕੋਈ ਹਾਵ ਭਵਾ ਦਿਖਾਏ ਆਖਦੀ, “ਮੰਮ ਕੀ ਮੈਂ ਤੁਹਾਡੇ ਤੇ ਹੁਣ ਭਾਰ ਬਣ ਗਈ ਆਂ? ਕੀ ਮੈਂ ਤੁਹਾਨੂੰ ਇੱਥੇ ਰਹਿੰਦੀ ਚੰਗੀ ਨਹੀਂ ਲਗਦੀ?”

ਰੂਪ ਨੇ ਕਈ ਵਾਰ ਕੋਸ਼ਿਸ ਕੀਤੀ ਸੀ ਇਹ ਜਾਨਣ ਦੀ ਕਿ ਆਖਰ ਵਿੱਚੋਂ ਕਾਰਨ ਕੀ ਹੈ? ਸੋਚ ਦਿਆਂ, ਸੋਚ ਦਿਆਂ ਕਈ ਵੇਰ ਰੂਪ ਦੀਆਂ ਆਪਣੀਆਂ ਅਤੀਤ ਦੀਆਂ ਜੁਦਾਈ ਦੀਆਂ ਪੀੜਾਂ ਮੁੜ ਕਸਕਣ ਲੱਗਦੀਆਂ। ਉਨ•ਾਂ ਸਮਿਆਂ ਵਿੱਚ ਕਿਵੇਂ ਉਦਾਸੀ ਉਸ ਨੂੰ ਪਲ ਪਲ ਆ ਘੇਰਦੀ ਸੀ। ਪਰ ਸੁਗੰਧੀ ਦੀਆਂ ਅੱਖਾਂ ਵਿੱਚ ਰੂਪ ਨੂੰ ਕਦੇ ਅਜੇਹੀ ਮਾਯੂਸੀ ਜਾਂ ਉਦਾਸੀ ਦੀ ਝਲਕ ਤੀਕਰ ਵੀ ਦਿਖਾਈ ਨਾਂ ਦਿੰਦੀ। ‘ਪਰ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਸੀ, ਜੋ ਸੁਗੰਧੀ ਦੇ ਇਸ ਨਵੇਂ ਵਿਵਹਾਰ ਦਾ ਕਾਰਨ ਸੀ।’ ਸੋਚ ਸੋਚ ਰੂਪ ਹਰ ਵੇਲੇ ਬੇਹੱਦ ਬੇਚੈਨ ਰਹਿੰਦੀ।

ਅਜੇ ਪਿਛਲੇ ਵਰ•ੇ ਹੀ ਤਾਂ ਵਿਆਹ ਹੋਇਆ ਸੀ ਸੁਗੰਧੀ ਤੇ ਮਨੀਕ ਦਾ। ਕਿੰਨੇ ਖੁਸ਼ ਸਨ ਦੋਨੋ। ਇਹ ਉਹਨਾਂ ਦੀ ਆਪਣੀ ਹੀ ਤਾਂ ਪਸ਼ੰਦ ਸੀ। ਦੋਨਾਂ ਦਾ ਸੋਚ ਸਮਝ ਕੇ ਕੀਤਾ ਹੋਇਆ ਆਪਣੇ ਭਵਿੱਖ ਦਾ ਆਪਣਾ ਫੈਸਲਾ। ‘ਅਜੇ ਤਾਂ ਉਹਨਾਂ ਦੇ ਵਿਆਹ ਦੀ ਪਹਿਲੀ ਵਰ•ੇ-ਗੰਢ ਵੀ ਨਹੀਂ ਸੀ ਆਈ ਕਿ ਇਹ ਕੀ ਪੁਆੜਾ ਪੈ ਗਿਆ …? ਇਨ•ਾਂ ਦੋਨਾਂ ਵਿੱਚ ਕੀ ਖਿਚੜੀ ਪੱਕ ਰਹੀ ਸੀ …।’ ਇਹ ਸੋਚ ਦਿਨ ਰਾਤ ਰੂਪ ਨੂੰ ਅੰਦਰੋ ਅੰਦਰੀ ਕੁਰੇਦ ਦੀ ਰਹਿੰਦੀ। ਉਸ ਨੇ ਕਈ ਵਾਰ ਕੋਸ਼ਿਸ ਕੀਤੀ ਸੀ, ਮਨੀਕ ਨਾਲ਼ ਗੱਲ ਕਰਨ ਦੀ ਵੀ, ਪਰ ਅੱਗੋਂ ਕਦੀ ਕੋਈ ਫੋਨ ਹੀ ਨਾ ਚੁੱਕਦਾ। ਜਦੋਂ ਇਸ ਸਬੰਧੀ ਉਹ ਸੁਗੰਧੀ ਨੂੰ ਪੁੱਛਦੀ ਤਾਂ ਉਹ ਆਖਦੀ, “ਮੰਮ ਕਿਧਰੇ ਬਾਹਰ ਗਿਆ ਹੋਵੇਗਾ, ਤੁਸੀਂ ਉਸ ਨੂੰ ਫੋਨ ਕਰਦੇ ਹੀ ਕਿਓਂ ਹੋ? ਜਿਸ ਨੂੰ ਲੋੜ ਹੋਵੇਗੀ ਉਹ ਆਪੇ ਹੀ ਸੌ ਵਾਰ ਫੋਨ ਕਰੇਗਾ”।

ਅੱਜ ਵਾਲ਼ੀ ਅਜੀਬ ਸਥਿਤੀ ਨੇ ਰੂਪ ਦੇ ਮਨ ਦੀ ਸੂਲ਼ੀ ਤੇ ਲਮਕਦੇ ਸ਼ੱਕ ਨੂੰ ਪੂਰੇ ਯਕੀਨ ਵਿੱਚ ਬਦਲ ਦਿੱਤਾ। ਹੁਣ ਉਹ ਬਹੁਤ ਹੀ ਬੇਚੈਨੀ ਨਾਲ਼ ਸੁਗੰਧੀ ਦੀ ਉਡੀਕ ਕਰ ਰਹੀ ਸੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਉਹ ਸੁਗੰਧੀ ਨਾਲ਼ ਕੰਮ ਕਰਨ ਵਾਲ਼ਾ ਕੋਈ ਹੋਵੇਗਾ। ਪਰ ਜਿਸ ਅਪਣੱਤ ਦੇ ਰੰਗ ਵਿੱਚ ਰੰਗੀ ਹੋਈ ਸੁਗੰਧੀ ਉਸ ਨਾਲ਼ ਕਾਰ ਵਿੱਚ ਜਾ ਕੇ ਬੈਠੀ, ਉਸ ਤੋਂ ਤਾਂ ਇਹੀ ਜਾਪਦਾ ਸੀ ਕਿ ਇਨ•ਾਂ ਵਿਚਕਾਰ ਆਮ ਮੇਲ ਮਿਲਾਪ ਤੋਂ ਕੁੱਝ ਵੱਧ ਹੀ ਚੱਲ ਰਿਹਾ ਸੀ।

ਬਾਹਰਲਾ ਦਰਵਾਜ਼ਾ ਖੁੱਲਿ•ਆ ਤਾਂ ਸੁਗੰਧੀ ਦੇ ਪੈਰਾਂ ਦੀ ਬਿੜਕ ਸੁਣਦਿਆਂ ਹੀ ਰੂਪ ਦੇ ਦਿਲ ਦੀ ਧੜਕਣ ਉਸਨੂੰ ਬੇਕਾਬੂ ਹੁੰਦੀ ਜਾਪੀ। ਬੱਸ ਜਿਵੇਂ ਕੋਈ ਕਹਿਰਾਂ ਦੀ ਅਨਹੋਣੀ ਡਾਇਣ ਬਣ ਕੇ ਉਸ ਦੀਆਂ ਬਰੂਹਾਂ ਤੇ ਆਣ ਖੜ•ੀ ਹੋਵੇ, ਜਿਵੇਂ ਅੱਜ ਧਰਤੀ ਗਰਕਣ ਵਾਲ਼ੀ ਹੋਵੇ ਅਤੇ ਅਸਮਾਨ ਫਟਣ ਵਾਲ਼ਾ ਹੋਵੇ ਤੇ ਜਿਵੇਂ ਉਸਦੇ ਸਿਰ ਵਿੱਚ ਸੱਕ ਅਤੇ ਭਰਮ ਦੀ ਲਟਕ ਰਹੀ ਕਟਾਰ ਦਾ ਸੱਚ ਉਸ ਦੇ ਕਲ਼ੇਜੇ ਨੂੰ ਚੀਰਨ ਵਾਲ਼ਾ ਹੋਵੇ।

ਸੁਗੰਧੀ ਨੂੰ ਕਮਰੇ ਵਿੱਚ ਆਉਂਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਬੋਲੀ, “ਮੰਮ ਕੀ ਗੱਲ ਹੈ? ਤੁਸੀਂ ਇਤਨੇ ਪਰੇਸ਼ਾਨ ਕਿਓਂ ਹੋ, ਤਹਾਡੀ ਤਬੀਅਤ ਤਾਂ ਠੀਕ ਏ?”। ਉਹ ਭੱਜ ਕੇ ਪਾਣੀ ਦਾ ਗਲਾਸ ਲੈ ਆਈ।

“ਸੁਗੰਧੀ ਤੇਰੇ ਨਾਲ਼ ਅੱਜ ਉਹ ਲੜਕਾ ਕੌਣ ਸੀ, ਜਿਸ ਨਾਲ਼ ਤੂੰ ਰੈਸਟੋਰੈਂਟ ਵਿੱਚ ਗਈ ਸੀ?” ਗਲਾਸ ਨੂੰ ਇੱਕ ਪਾਸੇ ਕਰਦਿਆਂ ਤੇ ਬਿਨਾਂ ਕੋਈ ਭੂਮਿਕਾ ਬੰਨ•ਦਿਆਂ ਰੂਪ ਨੇ ਸਿੱਧਾ ਹੀ ਸਵਾਲ ਕੀਤਾ।

ਸੁਗੰਧੀ ਕੁੱਝ ਦੇਰ ਚੁੱਪ ਬੈਠੀ ਰਹੀ। ਇਹ ਖਾਮੋਸੀ ਕਿਸੇ ਤੂਫਾਨ ਦੇ ਆਉਣ ਤੋਂ ਪਹਿਲਾਂ ਵਾਲ਼ੀ ਖਾਮੋਸੀ ਹੀ ਤਾਂ ਸੀ। ਉਹ ਬਹੁਤ ਮੱਧਮ ਜਿਹੀ ਅਵਾਜ਼ ਵਿੱਚ ਬੋਲੀ।

“ਮੰਮ ਉਹ ਮੇਰਾ ਦੋਸਤ ਸੀ ਮਾਇਕਲ।”

ਇਸ ਮਾਇਕਲ ਨੂੰ ਤੂੰ ਕਦੋਂ ਤੋਂ ਜਾਣਦੀ ਏਂ? ਕੀ ਤੇਰੇ ਇਸ ਦੋਸਤ ਬਾਰੇ ਮਨੀਕ ਨੂੰ ਪਤੈ? ਉਸ ਨੇ ਕਾਹਲ਼ੀ ਪੈਂਦਿਆਂ ਪੁੱਛਿਆ।

“ਮੰਮ ਮੈਂ ਕਦੇ ਉਸ ਨੂੰ ਉਸਦੇ ਦੋਸਤਾਂ ਬਾਰੇ ਨਹੀਂ ਪੁੱਛਦੀ, ਫਿਰ ਕੀ ਹੱਕ ਹੈ ਉਸ ਕੋਲ, ਮੈਨੂੰ ਮੇਰੇ ਦੋਸਤਾਂ ਬਾਰੇ ਪੁੱਛਣ ਦਾ?” ਉਸ ਉੱਤਰ ਦਿੱੱਤਾ।

“ਬੇਟਾ ਉਹ ਤੇਰਾ ਪਤੀ ਏ ਤੇ ਹਰ ਪਤੀ ਨੂੰ ਇਹ ਸਾਰੇ ਹੱਕ ਧੁਰੋਂ ਮਿਲ਼ੇ ਹੁੰਦੇ ਨੇ।”

‘ਪਰ ਪਤਨੀ ਨੂੰ …?’ ਸੁਗੰਧੀ ਦੇ ਮਨ ਵਿੱਚ ਆਇਆ ਇਹ ਮੋੜਵਾਂ ਵਿਚਾਰ ਉਸ ਨੇ ਆਪਣੇ ਮਨ ਵਿੱਚ ਹੀ ਘੁੱਟ ਲਿਆ।

“ਮੰਮ, ਮੈਂ ਮਨੀਕ ਤੋਂ ਵੱਖ ਰਹਿਣ ਦਾ ਫੈਸਲਾ ਕਰ ਲਿਆ ਹੈ। ਹੁਣ ਇੱਕ ਦੂਸਰੇ ਦੇ ਜੀਵਨ ਵਿੱਚ ਸਾਡਾ ਕੋਈ ਦਖਲ ਨਹੀਂ।” ਉਸ ਨੇ ਇਹ ਗੱਲ ਇਸ ਤਰ•ਾਂ ਆਖੀ ਜਿਵੇਂ ਕੋਈ ਇੱਕ ਬੱਚਾ ਦੂਜੇ ਬੱਚੇ ਨੂੰ ਆਖ ਦੇਵੇ ਕਿ ਜਾਹ ਮੈਂ ਨਹੀਂ ਤੇਰੇ ਨਾਲ਼ ਖੇਲ•ਦਾ। ਪਰ ਇਹ ਸੁਣਦਿਆਂ ਹੀ ਰੂਪ ਅੱਧ ਅਸਮਾਨੋ ਡਿੱਗੀ ਕੂੰਜ ਵਾਂਗ ਅੰਦਰੋ ਅੰਦਰ ਕੁਰਲਾਅ ਉੱਠੀ। ‘ਸੁਗੰਧੀ ਨੇ ਆਪਣੀ ਜ਼ਿੰਦਗੀ ਦਾ ਏਡਾ ਵੱਡਾ ਫੈਸਲਾ ਕਰ ਲਿਆ ਸੀ ਤੇ ਉਸ ਨੂੰ ਇਸ ਗੱਲ ਦੀ ਭਿਣਕ ਤੱਕ ਵੀ ਨਹੀਂ ਸੀ ਪਈ।’

“ਸੁਗੰਧੀ ਇਹ ਕਿਸ ਤਰ•ਾਂ ਹੋ ਸਕਦੈ? ਇਹ ਕਿਵੇਂ ਹੋ ਗਿਆ? ਨਹੀਂ, ਨਹੀਂ ਬੇਟਾ ਪਤੀ ਪਤਨੀ ਦੇ ਇਹ ਰਿਸ਼ਤੇ ਇਤਨੀ ਛੇਤੀ ਨਹੀਂ ਟੁੱਟਿਆ ਕਰਦੇ।” ਰ੍ਰੂਪ ਬੋਲੀ ਜਾ ਰਹੀ ਸੀ। ਅੱਜ ਸੁਗੰਧੀ ਨੇ ਉਸ ਦੀ ਕਿਸੇ ਦੁਖਦੀ ਰਗ ਉੱਪਰ ਹੱਥ ਰੱਖ ਦਿੱਤਾ ਸੀ। ਉਸ ਦੀ ਰੂਹ ਉੱਤੇ ਵਰਿ•ਆਂ ਪਹਿਲਾਂ ਲੱਗਾ ਗਹਿਰਾ ਜ਼ਖਮ, ਇੱਕ ਵਾਰ ਫਿਰ ਹਰਾ ਹੋ ਗਿਆ। ਜਿਸ ਕਹਿਰ ਨੂੰ ਉਹ ਬਹੁਤ ਪਿਛੇ ਛੱਡ ਆਈ ਸੀ ਅੱਜ ਫਿਰ ਉਸ ਦੇ ਸਾਮਹਣੇ ਆ ਕੇ ਜਹਿਰ ਬਣਿਆਂ ਉਸ ਨੂੰ ਵੰਗਾਰ ਰਿਹਾ ਸੀ। ਅਪਮਾਨ ਦੇ ਉਹ ਪਲ ਅੱਜ ਫਿਰ ਉਸ ਦਾ ਮਜਾਕ ਉਡਾ ਰਹੇ ਸਨ। ਅੱਜ ਫਿਰ ਸਾਗਰ ਦੀ ਬੇਵਫਾਈ ਦੀ ਰੁਸਵਾਈ ਉਸ ਦੇ ਤਨ ਮਨ ਨੂੰ ਵਲੂੰਧਰ ਗਈ ਸੀ ਤੇ ਅੱਜ ਫਿਰ ਉਹ ਉਹਨਾਂ ਘੁੱਪ ਹਨੇਰੇ ਪਲਾਂ ਵਿੱਚ ਗੁੰਮ ਗਈ ਸੀ, ਜਿਨ•ਾਂ ਤੋਂ ਸਦਾ ਸਦਾ ਲਈ ਮੁਕਤ ਹੋ ਜਾਣ ਦਾ ਭਰਮ ਉਹ ਕਾਫੀ ਦੇਰ ਤੋਂ ਆਪਣੇ ਮਨ ਵਿੱਚ ਪਾਲ਼ ਰਹੀ ਸੀ।

ਵੈਨਕੂਵਰ ਤੋਂ ਵਿਆਹ ਲਈ ਭਾਰਤ ਆਏ ਸਾਗਰ ਨਾਲ਼ ਰੂਪ ਦਾ ਵਿਆਹ ਉਸ ਦੇ ਮਾਂ ਬਾਪ ਦਾ ਨਿਰਨਾ ਸੀ। ਪਰ ਸਾਗਰ ਦੀ ਤਾਂ ਉਹ ਆਪਣੀ ਪਸ਼ੰਦ ਸੀ। ਕਈ ਲੜਕੀਆਂ ਨੂੰ ਦੇਖਣ ਪਰਖਣ ਤੋਂ ਬਾਅਦ ਸਾਗਰ ਨੇ ਰੂਪ ਦੀ ਚੋਣ ਕੀਤੀ ਸੀ। ਫਿਰ ਉਹ ਵੀ ਸਾਗਰ ਦੀ ਪਸੰਦ ਬਣ ਕੇ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਖੁਸ਼ਕਿਸਮਤ ਲੜਕੀ ਸਮਝਣ ਲੱਗ ਪਈ ਸੀ। ਉਸ ਨੂੰ ਪਤੀ ਦੇ ਰੂਪ ਵਿੱਚ ਪਾ ਕੇ ਰੂਪ ਧੰਨ ਹੋ ਗਈ ਸੀ। ਸਾਗਰ ਉਸ ਨੂੰ ਆਪਣੀਆਂ ਬਾਹਵਾਂ, ਵਿੱਚ ਘੁੱਟ ਲੈਂਦਾ ਤੇ ਬੜੇ ਪਿਆਰ ਨਾਲ਼ ਆਖਦਾ, “ਰੂਪ ਕਹਿੰਦੇ ਨੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਾਲਣ ਲਈ ਇੱਕ ਮਿੰਟ ਲਗਦਾ ਹੈ, ਉਸ ਦੀ ਕਦਰ ਪਾਉਣ ਲਈ ਇੱਕ ਘੰਟਾ, ਉਸ ਨੂੰ ਪਿਆਰ ਕਰਨ ਲਈ ਇੱਕ ਦਿਨ ਪਰ ਉਸ ਨੂੰ ਭੁੱਲਣ ਲਈ ਪੂਰੀ ਜਿੰਦਗੀ ਵੀ ਥੋੜ•ੀ ਪੈ ਜਾਂਦੀ ਹੈ।”

ਸਾਗਰ ਦੀਆਂ ਅਜਿਹੀਆ ਗੱਲਾਂ ਸੁਣਦੀ ਰੂਪ, ਉਸ ਦੀਆਂ ਅੱਖਾਂ ਦੀ ਡੂੰਘਾਈ ਵਿੱਚ ਕਿਧਰੇ ਗੁਵਾਚੀ, ਦੁਨੀਆਂ ਦੀ ਸੁੱਧ ਬੁੱਧ ਭੁੱਲ ਜਾਂਦੀ। ਤੇ ਸੁਗੰਧੀ ਦੀ ਸਾਰੀ ਦੀ ਸਾਰੀ ਮਹਿਕ ਸਾਗਰ ਦੇ ਸਾਰੇ ਪਸਾਰੇ ਤੇ ਛਾ ਜਾਂਦੀ।

ਵਿਆਹ ਤੋਂ ਬਾਅਦ ਸਾਗਰ ਕੋਈ ਪੰਜ ਛੇ ਹਫਤੇ ਪੰਜਾਬ ਰਹਿ ਕੇ ਕਨੇਡਾ ਪਰਤ ਗਿਆ। ਉਸ ਦੇ ਸਾਥ ਵਿੱਚ ਬਿਤਾਏ ਸੰਦਲੀ ਪਲਾਂ ਦਾ ਅਹਿਸਾਸ ਰੂਪ ਦੇ ਤਨ ਮਨ ਨੂੰ ਆਨੰਦ ਮਈ ਬਣਾਈ ਰਖਦਾ ਤੇ ਉਸ ਦਾ ਦਿਲ ਸਾਗਰ ਪਾਸ ਸੁਗੰਧੀ ਵਾਂਗ ਉਡ ਪਹੁੰਚਣ ਲਈ ਕਾਹਲ਼ਾ ਪੈਣ ਲਗਦਾ। ਸਾਗਰ ਨੇ ਜਾਦਿਆਂ ਸਾਰ ਰੂਪ ਨੂੰ ਸਪੌਂਸਰ ਕਰ ਦਿੱਤਾ ਤੇ ਉਹ ਕੋਈ ਛੇ ਸੱਤ ਮਹੀਨੇ ਵਿੱਚ ਹੀ ਸਾਗਰ ਕੋਲ ਬ੍ਰਿਟਿਸ ਕੋਲੰਬੀਆ ਦੇ ਸਹਿਰ ਵਿਕਟੋਰੀਆ ਵਿੱਚ ਪਹੁੰਚ ਗਈ। ਦੋ ਹਿਜ਼ਰ ਵਿੱਚ ਤੜਪ ਰਹੀਆਂ ਰੂਹਾਂ ਦੀਆਂ ਦੂਰੀਆਂ, ਮਜਬੂਰੀਆਂ ਸਭ ਹੱਦਾਂ-ਵਿੱਥਾਂ ਮਿਟਾ ਕੇ ਇੱਕ ਮਿੱਕ ਹੋ ਗਈਆਂ।

ਸੁਰੂ ਸੁਰੂ ਦੇ ਸੁਹਾਵਣੇ ਦਿਨ, ਪਲਾਂ ਵਿੱਚ ਕਿਵੇਂ ਬੀਤ ਗਏ, ਪਤਾ ਹੀ ਨਾਂ ਚੱਲਿਆ। ਫਿਰ ਸੁਰੂ ਹੋ ਗਏ ਰੂਪ ਦੇ ਪੱਛਮੀ ਵਾਤਾਵਰਨ ਵਿੱਚ ਰਚਣ ਮਿਚਣ ਲਈ ਸੰਘਰਸ ਦੇ ਦਿਨ। ਜਦੋਂ ਜੀਵਨ ਦੌੜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ, ਉਸ ਨੂੰ ਬਾਹਰਲੇ ਸੰਸਾਰ ਵਿੱਚ ਵਿਚਰਨਾ ਪਿਆ, ਤਾਂ ਪੰਜਾਬ ਦੇ ਪਿੰਡ ਦੀ ਪੜ•ੀ ਲਿਖੀ ਰੂਪ ਪੱਛਮ ਦੇ ਜੀਵਨ ਦੌੜ ਦੀ ਤੇਜ਼ ਭੀੜ ਵਿੱਚ ਗਵਾਚਣ ਲੱਗੀ। ਇਸ ਸੱਭਿਅਤਾ ਵਿੱਚ ਆਪਣੇ ਆਪ ਨੂੰ ਰੰਗਣਾ ਉਸ ਨੂੰ ਮੁਸ਼ਕਲ ਜਾਪਣ ਲੱਗਾ। ਅੰਗਰੇਜ਼ੀ ਵਿੱਚ ਆਪਣੇ ਵਿਚਾਰਾਂ ਦਾ ਆਦਾਨ ਪਰਦਾਨ ਉਸ ਲਈ ਅਟੱਪ ਹਮਾਲੀਆ ਪਰਬਤ ਬਣ ਖਲੋਂਦਾ। ਉਸ ਦੀ ਉੱਚੇ ਨੰਬਰਾਂ ਵਿੱਚ ਪਾਸ ਕੀਤੀ ਹੋਈ ਬੀਏ ਦੀ ਪੜ•ਾਈ ਇੱਥੇ ਆਉਣ ਤੇ ਬਿਲਕੁਲ ਥੱਲੇ ਲਹਿ ਗਈ ਸੀ। ਉਹ ਜਦੋਂ ਵੀ ਕਿਸੇ ਜੌਬ ਲਈ ਜਾਂਦੀ ਤਾਂ ਇੰਟਰਵਿਊ ਵਿੱਚੋਂ ਅਸਫਲ ਰਹਿ ਜਾਂਦੀ।

ਹੌਲ਼ੀ ਹੌਲ਼ੀ ਉਸ ਦਾ ਆਪਣਾ ਆਤਮ ਵਿਸਵਾਸ ਗੁਵਾਚਣ ਲੱਗਾ। ਜਦੋਂ ਉਹ ਆਪਣੇ ਆਪ ਨੂੰ ਕਿਸੇ ਵੀ ਜੌਬ ਪਰਾਪਤ ਕਰਨ ਵਿੱਚ ਅਸਮਰੱਥ ਦੇਖਦੀ ਤਾਂ ਉਸ ਨੂੰ ਆਪਣੇ ਆਪ ਉੱਪਰ ਅਕਹਿ ਗੁੱਸਾ ਆਉਂਦਾ। ਕਈ ਵਾਰ ਉਹ ਮਹਿਸੂਸ ਕਰਦੀ ਕਿ ਜਿਵੇਂ ਸਾਗਰ ਦੇ ਮਿਲਣ ਗਿਲਣ ਵਾਲ਼ੇ ਉਸ ਦੇ ਦੋਸਤ ਵੀ ਜਾਣ ਬੁੱਝ ਕੇ ਉਸ ਨਾਲ਼ ਅੰਗਰੇਜ਼ੀ ਬੋਲ ਕੇ ਉਸਦਾ ਮਜਾਕ ਉਡਾ ਰਹੇ ਹੋਣ। ਜਵਾਬ ਦੇਣ ਦੀ ਥਾਂ ਉਹ ਬੇਵਸ ਹੋਈ ਉਹਨਾਂ ਦੇ ਚੇਹਰਿਆਂ ਵੱਲ ਦੇਖਦੀ ਰਹਿੰਦੀ। ਫਿਰ ਤਾਂ ਉਹ ਆਪਣੇ ਅੰਦਰੋਂ ਬਿਲਕੁਲ ਹੀ ਟੁੱਟ ਗਈ ਜਦੋਂ ਹੌਲ਼ੀ ਹੌਲ਼ੀ ਸਾਗਰ ਨੇ ਵੀ ਉਸ ਨੂੰ ਪੇਡੂ ਗੰਵਾਰ ਸਮਝਣਾ ਸੁਰੂ ਕਰ ਦਿੱਤਾ। ਜਦੋਂ ਕਦੇ ਉਹ ਕਿਸੇ ਇੰਟਰਵਿਊ ਵਿੱਚੋਂ ਅਸਫਲ ਰਹਿ ਜਾਂਦੀ ਤਾਂ ਸਾਗਰ ਉਸ ਉੱਪਰ ਖਿਝਣ ਲਗਦਾ ਤੇ ਉਸ ਨੂੰ ਕਈ ਤਰ•ਾਂ ਦੇ ਤਾਅਨੇ ਮਿਹਣੇ ਮਾਰਨ ਲੱਗਦਾ। ਜਿਸ ਨਾਲ਼ ਉਸ ਦਾ ਰਹਿੰਦਾ ਹੌਸਲਾ ਵੀ ਟੁੱਟ ਜਾਂਦਾ। ਇਸ ਧੁੰਦਲੇ ਮਾਹੌਲ ਵਿੱਚ ਆਪਸੀ ਰੁਮਾਂਚਿਕ ਖਿੱਚ ਵੀ ਘਟਣ ਲੱਗੀ। ਉਹ ਗੱਲ ਗੱਲ ਤੇ ਬਹਿਸਣ ਲਗਦੇ। ਉਹਨਾਂ ਦੀ ਜਿੰਦਗੀ ਵਿੱਚ ਇੱਕ ਅਮੋੜ ਤਣਾਅ ਆਉਣਾ ਸੁਰੂ ਹੋ ਗਿਆ।

ਉਸ ਦਿਨ ਦੋਵੇਂ ਸਾਗਰ ਦੇ ਦਫਤਰ ਦੇ ਦੋਸਤਾਂ ਨਾਲ਼ ਪਹਿਲੀ ਵੇਰ ਪਿਕਨਿਕ ਤੇ ਗਏ ਹੋਏ ਸਨ। ਰੂਪ ਪੂਰੀ ਸਜ ਧਜ ਕੇ ਆਈ ਸੀ। ਉਹ ਉਸ ਦਿਨ ਪਿਕਨਿਕ ਵਿੱਚ ਸਾਮਲ ਸਾਰੀਆਂ ਔਰਤਾਂ ਨਾਲੋਂ ਆਪਣੇ ਆਪ ਨੂੰ ਸੋਹਣੀ ਸਮਝ ਰਹੀ ਸੀ। ਪਰ ਉਹ ਇਕੱਲੀ ਇੱਕ ਪਾਸੇ ਸਭ ਤੋਂ ਅਲੱਗ ਥਲੱਗ ਬੈਠੀ ਸੀ।

ਸਾਗਰ ਨੇ ਉਸ ਦੇ ਕੋਲ ਆ ਕੇ ਕਿਹਾ, “ਰੂਪ ਤੂੰ ਘਰੋਂ ਪਿਕਨਿਕ ਮਨਾਉਣ ਆਈ ਏਂ ਜਾਂ ਫਿਰ ਇਸ ਇਕੱਲ ਦਾ ਅਫਸੋਸ ਕਰਨ? ਜਾਹ, ਜਾ ਕੇ ਲੋਕਾਂ ਨਾਲ਼ ਘੁਲ਼ ਮਿਲ਼ ਤੇ ਇਨਜਾਏ ਕਰ”।

“ਕੋਈ ਮੇਰੇ ਨਾਲ਼ ਗੱਲ ਈ ਨਈਂ ਕਰਦਾ, ਮੈਂ ਕੀ ਕਰਾਂ?

“ਅੱਛਾ ਚੱਲ ਉੱਠ ਆਪਾਂ ਥੋੜ•ੀ ਦੇਰ ਬੈਡਮਿੰਟਨ ਖੇਡਦੇ ਹਾਂ।”

“ਸਾੜ•ੀ ਵਿੱਚ ਮੈਂ ਖੇਡ ਨਹੀਂ ਸਕਾਂਗੀ।”

“ਫਿਰ ਸਲਵਾਰ ਸੂਟ ਜਾਂ ਜੀਨਜ ਪਹਿਨ ਕੇ ਕਿਉਂ ਨਹੀਂ ਆਈ?”

“ਤੁਸੀਂ ਵੀ ਕੀ ਗੱਲ ਕਰਦੇ ਹੋ? ਰੂਪ ਹੈਰਾਨ ਹੋਈ ਬੋਲੀ, ਮੈਂ ਪਹਿਲੀ ਵਾਰ ਤੁਹਾਡੇ ਆਫਿਸ ਦੇ ਲੋਕਾਂ ਨਾਲ਼ ਬਾਹਰ ਆਈ ਹਾਂ ਮੈਂ ਸਜ ਧਜ ਕੇ ਤਾਂ ਆਉਣਾ ਹੀ ਸੀ।”

“ਰੂਪ ਇਨਸਾਨ ਨੂੰ ਆਪਣੇ ਸੁਖ ਅਤੇ ਸਹੂਲਤ ਨੂੰ ਦੇਖ ਕੇ ਹੀ ਪਹਿਨਣਾ ਪਰਚਣਾ ਚਾਹੀਦਾ ਹੈ। ਦੂਸਰਿਆਂ ਨੂੰ ਪ੍ਰਭਾਵਤ ਕਰਨ ਦੇ ਚੱਕਰ ਵਿੱਚ ਆਪਣੇ ਲਈ ਕੋਈ ਮੁਸੀਬਤ ਖੜ•ੀ ਕਰਨਾ ਕਿੱਥੋਂ ਦੀ ਸਮਝਦਾਰੀ ਹੈ?”

“ਜਾਓ, ਤੁਸੀਂ ਪਰੇਸ਼ਾਨ ਨਾਂ ਹੋਵੋ। ਆਪਣੇ ਢੰਗ ਨਾਲ਼ ਮੈਂ ਵੀ ਪਿਕਨਿਕ ਦਾ ਅਨੰਦ ਲੈ ਰਹੀ ਹਾਂ।”

ਸਾਗਰ ਲਈ ਰੂਪ ਦਾ ਜਿੰਦਗੀ ਪ੍ਰਤੀ ਇਹ ਇਕਾਂਤਮਈ ਨਜਰੀਆ ਬਰਦਾਸਤ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਆਪਣੀ ਪਤਨੀ ਦੇ ਵਿਅਕਤੀਤਵ ਨੂੰ ਲੈ ਕੇ ਉਸ ਦੇ ਮਨ ਵਿੱਚ ਕਈ ਗਹਿਰੀਆਂ ਸਕਾਇਤਾਂ ਵਸਣੀਆਂ ਸੁਰੂ ਹੋ ਗਈਆਂ ਸਨ। ‘ਰੂਪ ਨੂੰ ਕੀ ਚੱਟਣੈ, ਜੇ ਪਤਨੀ ਸੋਸ਼ਲ ਨਾ ਹੋਵੇ।’ ਕਈ ਵਾਰ ਉਹ ਸੋਚਦਾ।

ਉਸ ਨੂੰ ਉਹ ਦਿਨ ਅਜੇ ਵੀ ਯਾਦ ਸੀ ਜਿਸ ਦਿਨ ਉਸ ਦੇ ਦੋਸਤਾਂ ਵੱਲੋਂ ਰੂਪ ਦੇ ਆਉਣ ਤੇ ਪਹਿਲੀ ਵਾਰ ਉਹਨਾਂ ਨੂੰ ਸਵਾਗਤ ਪਾਰਟੀ ਲਈ ਬੁਲਾਇਆ ਗਿਆ ਸੀ।

“ਕਦੋਂ ਤੱਕ ਹੋਰ ਚੱਲੇਗੀ ਇਹ ਪਾਰਟੀ?” ਸਿਰਫ ਇੱਕ ਘੰਟੇ ਬਾਅਦ ਜਦੋਂ ਰੂਪ ਨੇ ਸਾਗਰ ਤੋਂ ਪੁੱਛਿਆ ਤਾਂ ਉਹ ਹੈਰਾਨ ਰਹਿ ਗਿਆ।

“ਅਜੇ ਤਾਂ ਕਾਫੀ ਦੇਰ ਚੱਲੇਗੀ, ਕੀ ਤੂੰ ਬੋਰ ਹੋ ਰਹੀ ਏਂ?” ਸਾਗਰ ਨੂੰ ਰੂਪ ਦਾ ਮੂਡ ਕੁੱਝ ਠੀਕ ਨਾਂ ਜਾਪਿਆ।

“ਪਾਰਟੀ ਵਿੱਚ ਸ਼ਰਾਬ ਚਲਦੀ ਹੋਣ ਕਾਰਨ ਮੇਰਾ ਤਾਂ ਸਿਰ ਫਟਿਆ ਜਾ ਰਿਹੈ, ਸਾਡੇ ਘਰ ਵਿੱਚ ਤਾਂ ਸ਼ਰਾਬ ਦਾ ਪੈਰ ਨਹੀਂ ਸੀ ਪੈਣ ਦਿੱਤਾ ਜਾਂਦਾ।”

ਪਾਰਟੀ ਵਿੱਚ ਕਦੇ ਕਦਾਈਂ ਸ਼ਰਾਬ ਪੀਣ ਨਾਲ਼ ਕੋਈ ਸ਼ਰਾਬੀ ਨਹੀਂ ਹੋ ਜਾਂਦਾ। ਇਹ ਸਾਰੇ ਦੋਸਤ ਜਿੰਮੇਦਾਰ ਅਤੇ ਸੁਘੜ ਘਰੇਲੂ ਇਨਸਾਨ ਹਨ। ਜੋ ਪਰਵਾਰਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਵਿੱਚ ਵਿਸਵਾਸ ਰੱਖਦੇ ਨੇ। ਮੇਰਾ ਇਹਨਾਂ ਸਭ ਨਾਲ਼ ਰੋਜ ਦਾ ਮਿਲਣਾ ਗਿਲਣਾ ਹੈ। ਸਾਡਾ ਇਨ•ਾਂ ਤੋਂ ਬਿਨਾਂ ਗੁਜਾਰਾ ਨਹੀਂ। ਤੂੰ ਪਾਰਟੀ ਵਿੱਚ ਆਈਆਂ ਲੇਡੀਜ ਨਾਲ਼ ਮੇਲ ਜੋਲ ਵਧਾ। ਸਾਰੀਆਂ ਹੀ ਤਾਂ ਤੇਰੀਆਂ ਹਮਉਮਰ ਨੇ।” ਸਾਗਰ ਨੇ ਸਲਾਹ ਦਿਤੀ।

“ਉਹ ਸਭ ਤਾਂ ਮੇਰੇ ਨਾਲ਼ ਇਸ ਤਰ•ਾਂ ਵਿਹਾਰ ਕਰ ਰਹੀਆਂ ਨੇ ਜਿਵੇਂ ਮੈਂ ਕਿਸੇ ਜੰਗਲ ਵਿਚੋਂ ਫੜ ਕੇ ਲਿਆਂਦੀ ਹੋਈ ਹੋਵਾਂ। ਕੀ ਅੰਗਰੇਜੀ ਬੋਲਣ ਨਾਲ਼ ਜਾਂ ਦੂਸਰਿਆਂ ਦੇ ਪਤੀਆਂ ਨਾਲ਼ ਹੱਸ ਕੇ ਬੋਲਣ ਨਾਲ਼ ਹੀ ਕੋਈ ਮਾਡਰਨ ਹੋ ਜਾਂਦਾ ਏ?” ਰੂਪ ਨੇ ਚਿੜ• ਕੇ ਕਿਹਾ।

“ਇਹ ਤੂੰ ਕਿਸ ਤਰ•ਾਂ ਦੀਆਂ ਗੱਲਾਂ ਕਰਦੀ ਏਂ ਰੂਪ? ਸਾਡੀ ਸਭ ਦੀ ਆਪਸ ਵਿੱਚ ਬਹੁਤ ਪੁਰਾਣੀ ਜਾਣ ਪਹਿਚਾਣ ਹੈ ਇਸੇ ਲਈ ਇੱਕ ਦੂਸਰੇ ਨਾਲ਼ ਖੁੱਲ• ਕੇ ਹੱਸ ਬੋਲ ਲੈਦੇ ਹਾਂ। ਤੂੰ ਐਵੇਂ ਕਿਸੇ ਦੇ ਚਰਿੱਤਰ ਤੇ ਸ਼ੱਕ ਕਰਨ ਦੀ ਮੂਰਖਤਾ ਕਦੇ ਨਾਂ ਕਰੀਂ।” ਸਾਗਰ ਨੇ ਗੁੱਸੇ ਨਾਲ਼ ਉਸ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ।

ਪਰ ਰੂਪ ਆਪਣੇ ਆਪ ਵਿੱਚ ਸਿਮਟਦੀ ਗਈ ਉਸ ਦੀ ਹੀਣ ਭਾਵਨਾ ਨੇ ਉਸ ਨੂੰ ਬਿਲਕੁਲ ਇਕੱਲਿਆਂ ਕਰ ਦਿੱਤਾ। ਉਸ ਦੇ ਅਜਿਹੇ ਵਿਹਾਰ ਨਾਲ਼ ਬਹੁਤ ਸਾਰੇ ਪਰਿਵਾਰ ਉਹਨਾਂ ਤੋਂ ਦੂਰ ਹੁੰਦੇ ਗਏ। ਸਾਗਰ ਦਾ ਉਸ ਤੋਂ ਮੋਹ ਭੰਗ ਹੋਣ ਲੱਗਾ ਤੇ ਹੁਣ ਉਹ ਆਪਣਾ ਜਿਆਦਾ ਵਕਤ ਘਰੋਂ ਬਾਹਰ ਹੀ ਗੁਜਾਰਨ ਲੱਗਾ।

ਇਸੇ ਕਾਲ ਵਿੱਚ ਸੀਮਾ, ਸਾਗਰ ਦੀ ਵਿਸ਼ੇਸ਼ ਦੋਸਤ ਬਣ ਕੇ ਉੱਭਰੀ। ਦਫਤਰ ਦੇ ਸਾਰੇ ਲੋਕ ਇਹ ਹੀ ਸਮਝਦੇ ਸਨ ਕਿ ਉਹਨਾਂ ਵਿੱਚ ਰੁਮਾਂਸ ਚੱਲ ਰਿਹਾ ਹੈ। ਇਸ ਗੱਲ ਵਿੱਚ ਕਿਸੇ ਹੱਦ ਤੱਕ ਸਚਾਈ ਵੀ ਸੀ। ਸਾਗਰ ਸਮਾਂ ਮਿਲਣ ਉੱਤੇ ਅਕਸਰ ਉਸ ਨਾਲ਼ ਰੁਮਾਂਟਿਕ ਗੱਲਾਂ ਕਰਦਾ ਰਹਿੰਦਾ।

ਸੀਮਾ ਵੀ ਉਸ ਨੂੰ ਪਸ਼ੰਦ ਕਰਦੀ ਸੀ। ਜਦੋਂ ਕਦੀ ਵੀ ਉਹ ਇਕੱਲ ਦੀ ਭੰਨੀਂ ਹੋਈ ਉਦਾਸ ਹੋ ਜਾਂਦੀ ਤਾਂ ਉਸ ਵਕਤ ਸਾਗਰ ਦੀ ਨੇੜਤਾ ਹੀ ਉਸ ਦਾ ਸਹਾਰਾ ਸੀ। ਕਈ ਨਾਜ਼ਕ ਪਲਾਂ ਵਿੱਚ ਸੀਮਾ ਨੇ ਆਪਣੇ ਦਿਲ ਵਿੱਚ ਸਾਗਰ ਪ੍ਰਤੀ ਨਿੱਘੀਆਂ ਤੇ ਕੋਮਲ ਭਾਵਨਾਵਾਂ ਦੀਆਂ ਕਰੂੰਬਲ਼ਾਂ ਦੇ ਫੁਟਾਰੇ ਨੂੰ ਅਨੁਭਵ ਕੀਤਾ ਸੀ। ਉਸ ਦੇ ਵਿਅਕਤੀਤਵ ਦੀ ਖਿੱਚ ਸੀਮਾ ਨੂੰ ਬੜੀ ਸ਼ਿੱਦਤ ਨਾਲ਼ ਉਸ ਵੱਲ ਖਿੱਚੀਂ ਜਾ ਰਹੀ ਸੀ। ਕਦੀ ਕਦੀ ਦੁਚਿੱਤੀ ਦੀ ਤੇਜ਼ ਧਾਰ ਉੱਤੇ ਤੁਰਦੀ ਉਹ ਬਹੁਤ ਉਦਾਸ ਹੋ ਜਾਂਦੀ ਤੇ ਪਲਕਾਂ ਤੋਂ ਉਸ ਦੇ ਹੰਝੂ ਲੱਖ ਯਤਨ ਕਰਨ ਤੇ ਵੀ ਡੱਕੇ ਨਾ ਜਾਂਦੇ। ਉਸ ਨੂੰ ਆਪਣੀਆਂ ਥਿੜਕਦੀਆਂ ਭਾਵਨਾਵਾਂ ਤੇ ਕਾਬੂ ਪਾਉਣਾ ਔਖਾ ਹੋ ਜਾਂਦਾ। ਉਹ ਜਾਣਦੀ ਸੀ ਕਿ ਸਾਗਰ ਸ਼ਾਦੀ ਸ਼ੁਦਾ ਹੈ। ਪਰ ਉਹ ਇਹ ਵੀ ਜਾਣਦੀ ਸੀ ਕਿ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ ਸਾਗਰ ਨੇ ਇੱਕ ਚੰਗੇ ਦੋਸਤ ਨਾਲੋਂ ਕਿਤੇ ਵੱਧ ਤੇ ਕੂਲ਼ੀ ਥਾਂ ਬਣਾ ਲਈ ਸੀ।

ਦਫਤਰ ਵਿੱਚ ਸਾਗਰ, ਆਪਣੇ ਰੂਪ ਨਾਲ਼ ਦਿਨੋ ਦਿਨ ਵਿਗੜ ਰਹੇ ਸਬੰਧਾਂ ਦੀ ਗੱਲ ਸੀਮਾ ਨਾਲ਼ ਹਰ ਰੋਜ ਹੀ ਕਰਦਾ। ਹੌਲ਼ੀ ਹੌਲ਼ੀ ਪਤਨੀ ਉਸ ਦੇ ਦਿਲ ਤੋਂ ਹੋਰ ਦੂਰ, ਹੋਰ ਦੂਰ ਅਤੇ ਪ੍ਰੇਮਿਕਾ ਹੋਰ ਨੇੜੇ, ਹੋਰ ਨੇੜੇ ਹੁੰਦੀ ਚਲੀ ਗਈ।

‘ਮੇਰੇ ਮਨ ਨੂੰ ਜਿੰਨੀ ਖੁਸ਼ੀ ਤੇ ਸਾਂਤੀ ਸੀਮਾ ਨਾਲ਼ ਮਿਲਦੀ ਹੈ ਜੇ ਕਿਧਰੇ ਇਸ ਦਾ ਦਸਵਾਂ ਹਿੱਸਾ ਵੀ ਰੂਪ ਤੋਂ ਮਿਲ਼ ਜਾਵੇ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂ।’ ਸਾਗਰ ਕਦੀ ਕਦੀ ਇਸ ਤਰ•ਾਂ ਵੀ ਸੋਚਦਾ। ਪਰ ਆਏ ਦਿਨ ਰੂਪ ਦੇ ਨੰਬਰ ਸੀਮਾ ਦੇ ਮੁਕਾਬਲੇ ਤੇ ਘਟਦੇ ਹੀ ਗਏ।

ਇੱਕ ਦਿਨ ਸੀਮਾ ਨੇ ਸਾਗਰ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ। “ਅਸੀਂ ਦੋਵੇਂ ਇੱਕ ਹੱਦ ਤੋਂ ਵੱਧ ਕੇ ਇੱਕ ਦੂਸਰੇ ਦੇ ਹੋਰ ਨਜਦੀਕ ਕਦੇ ਵੀ ਨਹੀਂ ਆ ਸਕਾਂਗੇ। ਤੈਨੂੰ ਤੇਰੀ ਸਥਾਈ ਖੁਸ਼ੀ ਅਤੇ ਸੁਖ ਸਿਰਫ ਤੇਰੀ ਪਤਨੀ ਹੀ ਦੇ ਸਕਦੀ ਹੈ ਤੂੰ ਰੂਪ ਨਾਲ਼ ਆਪਣੇ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ।”

“ਸੀਮਾ, ਰੂਪ ਜਿਸ ਜੀਵਨ ਸਾਂਚੇ ਵਿੱਚ ਢਲੀ ਹੋਈ ਹੈ ਉਸ ਤਰ•ਾਂ ਮੈਂ ਉਸ ਨਾਲ਼ ਆਪਣਾ ਰਹਿੰਦਾ ਜੀਵਨ ਬਰਬਾਦ ਨਹੀਂ ਕਰ ਸਕਦਾ। ਆਪਣੇ ਆਪ ਨੂੰ ਸਮੇਂ ਅਤੇ ਸਥਿਤੀ ਅਨੁਸਾਰ ਬਦਲਣ ਲਈ ਉਹ ਬਿਲਕੁੱਲ ਹੀ ਤਿਆਰ ਨਹੀਂ। ਹੁਣ ਇਸ ਰਿਸ਼ਤੇ ਵਿੱਚ ਪੂਰਾ ਤਣਾਅ ਆ ਚੁੱਕਾ ਹੈ। ਹੁਣ ਤਾਂ ਇਹ ਕਦੀ ਵੀ ਟੁੱਟ ਸਕਦਾ ਹੈ। ਮੇਰੀ ਇੱਕੋ ਇੱਕ ਆਸ ਤੇਰੇ ਉੱਤੇ ਹੈ। ਮੈਂ ਤੇਰੇ ਨਾਲ਼ ਹੱਸ ਬੋਲ ਲੈਂਦਾ ਹਾਂ, ਆਪਣੇ ਦਿਲ ਦੀਆਂ ਕਰ ਲੈਂਦਾ ਹਾਂ ਤਾਂ ਸਮਾਂ ਪਾਸ ਹੋ ਜਾਂਦਾ ਹੈ। ਪਰ ਹੁਣ ਤੂੰ ਵੀ ਮੈਨੂੰ ਨੈਤਿਕਤਾ ਦੇ ਲੈਕਚਰ ਦੇਣੇ ਸੁਰੂ ਕਰ ਦਿੱਤੇ ਹਨ। ਮੈਨੂੰ ਤਾਂ ਹੁਣ ਡਰ ਲੱਗਦੈ ਕਿ ਕਿਧਰੇ ਇਸ ਅਸਹਿ ਟੈਨਸ਼ਨ ਨਾਲ਼ ਮੇਰੇ ਦਿਮਾਗ ਦੀ ਕੋਈ ਨਸ ਹੀ ਨਾ ਫਟ ਜਾਵੇ।”

“ਸਾਗਰ ਮੈਂ ਤੇਰੀ ਦੋਸਤ ਇਸ ਲਈ ਹਾਂ, ਕਿਉਂਕਿ ਤੂੰ ਸਮਝਦਾਰ ਹੈਂ, ਸੰਵੇਦਨਸ਼ੀਲ ਹੈਂ। ਮੈਂ ਤੈਨੂੰ ਇੱਕ ਚੰਗਾ ਇਨਸਾਨ ਸਮਝਦੀ ਹਾਂ। ਪਰ ਤੂੰ ਆਪ ਹੀ ਸੋਚ ਕਿ ਇਸ ਤਰ•ਾਂ ਦੋਚਿੱਤੀ ਦੀ ਤਿੱਖੀ ਧਾਰ ਉੱਤੇ ਕੋਈ ਕਿੰਨਾਂ ਕੁ ਚਿਰ ਤੁਰ ਸਕਦੈ?”

ਸਗੋਂ ਇਹ ਸੁਣ ਕੇ ਸਾਗਰ ਦਾ ਚਿਹਰਾ ਖਿੜ Àੁੱਠਿਆ, “ਸੀਮਾ ਤੂੰ ਮੇਰੀ ਸਭ ਤੋਂ ਅੱਛੀ ਦੋਸਤ ਏਂ, ਇਹ ਤੂੰ ਵੀ ਮੰਨਦੀ ਏਂ, ਹੁਣ ਦੋਚਿੱਤੀ ਛੱਡ ਤੇ ਥੋੜੀ ਜਿਹੀ ਹਿੰਮਤ ਦਿਖਾ ਕੇ ਦੋਸਤ ਤੋਂ ਪ੍ਰੇਮਿਕਾ ਵੀ ਬਣ ਜਾ।”

ਸੀਮਾ ਨੇ ਕੁੱਝ ਦੇਰ ਸੋਚਣ ਦਾ ਨਾਟਕ ਕੀਤਾ ਤੇ ਫਿਰ ਬੋਲੀ, “ਇਸ ਪਰੇਮਕਾ ਪਤਨੀ ਦਾ ਫੈਸਲਾ ਰੂਪ ਨਾਲ਼ ਸਲਾਹ ਕਰ ਕੇ ਕਰਾਂਗੀ।”

“ਬਹੁਤ ਸ਼ੈਤਾਨ ਏ ਤੂੰ।” ਇਹ ਕਹਿੰਦਿਆਂ ਹੋਇਆਂ ਸਾਗਰ ਨੇ ਸੀਮਾਂ ਨੂੰ ਆਪਣੀ ਗਲਵੱਕੜੀ ਵਿੱਚ ਘੁੱਟ ਲਿਆ।

ਸਾਗਰ ਤੇ ਰੂਪ ਦੇ ਸਬੰਧ ਦਿਨੋ ਦਿਨ ਬਦ ਤੋਂ ਬਦਤਰ ਹੁੰਦੇ ਗਏ। ਉਹ ਨਿੱਕੀ ਨਿੱਕੀ ਗੱਲ ਤੋਂ ਗੁੱਸੇ ਹੋ ਜਾਂਦੇ ਤੇ ਫਿਰ ਕਿੰਨੇ ਕਿੰਨੇ ਦਿਨ ਇੱਕ ਦੂਸਰੇ ਨਾਲ਼ ਬੋਲਦੇ ਤੱਕ ਨਾ। ਇਸ ਦਾ ਅਸਰ ਉਨ•ਾਂ ਦੇ ਮਾਨਸਕ ਅਤੇ ਸਰੀਰਕ ਸਬੰਧਾਂ ਉੱਪਰ ਵੀ ਪੈਣ ਲੱਗਾ। ਇੱਕ ਰਾਤ ਰੁਮਾਂਚਕ ਪਲਾਂ ਤੋਂ ਪਿੱਛੋਂ ਉਨ•ਾਂ ਵਿੱਚ ਇੱਕ ਅਜੇਹੀ ਤਿੱਖੀ ਤਕਰਾਰ ਹੋਈ ਕਿ ਰੂਪ ਤੋਂ ਸਾਗਰ ਹਮੇਸਾਂ ਲਈ ਦੂਰ ਹੋ ਗਿਆ, ਜੀਵਨ ਦੀ ਨਿਰਮਲ ਝੀਲ ਦੇ ਉਲਟ ਦਿਸ਼ਾ ਵੱਲ ਵਹਿੰਦੇ ਪਾਣੀਆਂ ਦੀ ਤਰ•ਾਂ, ਜਿਨ•ਾਂ ਦੀਆਂ ਪਹਾੜ ਕੰਧਾਂ ਹਰ ਪਲ ਹੋਰ ਉੱਚੀਆਂ ਹੁੰਦੀਆਂ ਜਾਂਦੀਆਂ ਹਨ ਤੇ ਜਿਨ•ਾਂ ਦੀਆਂ ਖੱਡਾਂ-ਖਾਈਆਂ ਹਰ ਪਲ ਹੋਰ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ, ਕਦੇ ਵੀ ਵਾਪਸ ਨਾਂ ਆਉਣ ਅਤੇ ਕਦੀ ਵੀ ਮੁੜ ਨਾਂ ਮਿਲਣ ਲਈ।

ਸਾਗਰ ਦੇ ਦੂਰ ਹੋ ਜਾਣ ਪਿੱਛੋਂ ਰੂਪ ਬਿਲਕੁੱਲ ਹੀ ਟੁੱਟ ਗਈ। ਉਸ ਦੀ ਇਕੱਲਤਾ ਸਹਾਰੇ ਲੱਭਣ ਲੱਗੀ। ਸੋਚ ਵਿਚਾਰਨ ਪਿੱਛੋਂ ਉਸ ਨੂੰ ਆਪਣੀ ਟਰਾਂਟੋ ਰਹਿੰਦੀ ਸਹੇਲੀ ਰੀਆ ਵਿੱਚ ਹੀ ਕੋਈ ਆਸ ਦੀ ਕਿਰਨ ਦਿਖਾਈ ਦਿੱਤੀ ਤੇ ਉਸ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ। ਰੀਆ ਨਾਲ਼ ਪਹਿਲਾਂ ਵੀ ਉਹ ਆਪਣੇ ਵਿਗੜ ਰਹੇ ਸਬੰਧਾ ਬਾਰੇ ਗੱਲ ਕਰ ਲਿਆ ਕਰਦੀ ਸੀ। ਪਰ ਰੀਆ ਨੂੰ ਇਹ ਉਮੀਦ ਨਹੀਂ ਸੀ ਕਿ ਗੱਲ ਇੱਥੋਂ ਤੱਕ ਪਹੁੰਚ ਜਾਵੇਗੀ। ਉਹ ਸੋਚਦੀ ਪਹਿਲਾਂ ਪਹਿਲ ਸਾਰਿਆਂ ਨੂੰ ਇੱਕ ਦੂਸਰੇ ਨੂੰ ਸਮਝਣ ਤੇ ਸਹਾਰਨ ਲਈ ਵਕਤ ਲਗਦਾ ਹੈ। ਫਿਰ ਨਵੇਂ ਹਾਲਾਤਾਂ ਦੀ ਆਦੀ ਹੋਈ ਘਰ ਗਰਿਸਤੀ ਦੀ ਗੱਡੀ ਆਪੇ ਲੀਹ ਤੇ ਆ ਜਾਂਦੀ ਹੈ। ਪਰ ਰੂਪ ਦੀ ਸਾਗਰ ਦੇ ਛੱਡ ਕੇ ਚਲੇ ਜਾਣ ਵਾਲ਼ੀ ਗੱਲ ਉਸ ਨੂੰ ਵੀ ਹੈਰਾਨ ਪਰੇਸ਼ਾਨ ਕਰ ਗਈ।

ਦੂਸਰੇ ਹੀ ਹਫਤੇ ਰੀਆ ਅਤੇ ਉਸਦਾ ਪਤੀ ਆਏ ਸਨ ਵਿਕਟੋਰੀਆ ਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਸਾਗਰ ਨੂੰ ਸਮਝਾਉਣ ਦੀ ਪਰ ਉਹ ਨਹੀਂ ਸੀ ਮੰਨਿਆਂ। ਉਹਨਾਂ ਦੀ ਸਲਾਹ ਨਾਲ਼ ਰੂਪ ਵਿਕਟੋਰੀਆ ਛੱਡ ਕੇ ਹਮੇਸ਼ਾ ਲਈ ਟਰਾਟੋਂ ਆ ਵਸੀ। ਉਹਨਾਂ ਨੇ ਜਿੱਥੇ ਉਸਨੂੰ ਰਹਿਣ ਸਹਿਣ ਦਾ ਸਹਾਰਾ ਦਿੱਤਾ ਤੇ ਨਾਲ਼ ਹੀ ਉਸ ਦਾ ਮਨੋਬਲ ਵੀ ਪੈਰਾਂ ਸਿਰ ਖੜ•ਾ ਕਰਨ ਦਾ ਯਤਨ ਕੀਤਾ। ਕੁੱਝ ਹੀ ਦਿਨਾਂ ਵਿੱਚ ਰਲ਼ ਮਿਲ ਕੇ ਕੋਸ਼ਿਸ਼ ਕਰਨ ਨਾਲ਼ ਰੂਪ ਨੂੰ ਇੱਕ ਜੌਬ ਮਿਲ ਗਈ। ਬੀਤੇ ਦੀ ਸਾਰੀ ਭੱਜ ਟੁੱਟ ਵਿੱਚੋਂ ਰੂਪ ਨੇ ਆਪਣੇ ਆਪ ਨੂੰ ਉਭਾਰਨਾ ਸ਼ੁਰੂ ਕੀਤਾ।

ਫੈਮਿਲੀ ਡਾਕਟਰ ਦੇ ਦੱਸਣ ਉੱਤੇ ਤਾਂ ਜਿਵੇਂ ਉਹ ਫਿਰ ਤੋਂ ਜਿਉਂਦਿਆਂ ਦੀ ਕਤਾਰ ਵਿੱਚ ਆ ਗਈ ਸੀ। “ਕੰਗਰੈਚੂਲੇਸ਼ਨ ਮੈਮ, ਯੂ ਆਰ …।

ਜੀਵਨ ਦੀ ਇਸ ਨਵੀਂ ਫੁੱਟੀ ਮਲੂਕ ਕਰੂੰਬਲ ਨੇ ਉਸ ਦੇ ਜੀਵਨ ਵਿੱਚ ਵੀ ਜੀਣ ਦੀ ਇੱਕ ਨਵੀਂ ਆਸ ਲੈ ਆਂਦੀ। ਉਹ ਪੂਰੇ ਹੌਸਲੇ ਨਾਲ਼ ਕੰਮ ਤੇ ਜਾਂਦੀ ਤੇ ਵਿਹਲੇ ਸਮੇਂ ਵਿੱਚ ਆਪਣੇ ਇਸ ਆਉਣ ਵਾਲ਼ੇ ਬੱਚੇ ਨਾਲ਼ ਸੰਵਾਦ ਰਚਾਉਂਦੀ। ਬਾਹਰ ਲੋਕਾਂ ਨਾਲ਼ ਮੇਲ ਮਿਲਾਪ ਅਤੇ ਗੱਲਬਾਤ ਕਰਨ ਨਾਲ਼ ਉਸ ਦਾ ਅੰਗਰੇਜ਼ੀ ਬੋਲਣ ਦਾ ਅਭਿਆਸ ਵੀ ਹੋਣ ਲੱਗ ਪਿਆ ਤੇ ਉਸ ਵਿੱਚ ਸੁਧਾਰ ਹੋਣ ਲੱਗ ਪਿਆ। ਦਿਨਾਂ ਵਿੱਚ ਹੀ ਉਹ ਕੰਮ ਚਲਾਊ ਚੰਗੀ ਅੰਗਰੇਜੀ ਬੋਲਣ ਲੱਗ ਪਈ।

ਫਿਰ ਉਹ ਘੜੀ ਵੀ ਆ ਗਈ ਜਿਸ ਦੀ ਉਸ ਨੂੰ ਇੰਤਜਾਰ ਸੀ। ਨੰਨ•ੀਂ ਜਿਹੀ ਕੋਮਲ ਜਿਹੀ ‘ਸੁਗੰਧੀ’ ਉਸ ਦੀ ਛਾਤੀ ਨਾਲ਼ ਲੱਗੀ ਹੋਈ ਸੀ। ਮਾਂ ਧੀ ਵਿੱਚ ਆਪਸੀ ਕਿਸੇ ਮਹਾਂ ਅਨੰਦ ਦਾ ਆਦਾਨ ਪਰਦਾਨ ਹੋ ਰਿਹਾ ਸੀ। ਉਸ ਦੀ ਆਪਣੀ ਧੀ, ਉਸ ਦਾ ਅਸਲੀ ਸਹਾਰਾ, ਉਸ ਦੇ ਜਿਊਣ ਦਾ ਮਕਸਦ। ਉਹ ਸੁਗੰਧੀ ਨੂੰ ਕਿੰਨੀ ਹੀ ਦੇਰ ਆਪਣੀ ਛਾਤੀ ਨਾਲ਼ ਲਾਈਂ ਹੰਝੂ ਵਹਾਉਂਦੀ ਰਹੀ ਸੀ।
ਸੁਗੰਧੀ ਦੇ ਜਨਮ ਤੋਂ ਬਾਅਦ ਉਹ ਕੁੱਝ ਦੇਰ ਘਰ ਰਹੀ। ਪੰਜਾਬ ਵਿੱਚ ਬੀ.ਏ ਪਾਸ ਕਰਨ ਤੋਂ ਬਾਅਦ ਉਸ ਨੇ ਨਰਸਿੰਗ ਦੀ ਟਰੇਨਿੰਗ ਲਈ ਹੋਈ ਸੀ। ਰੀਆ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਇੱਥੇ ਵੀ ਨਰਸਿੰਗ ਲਈ ਅਪਲਾਈ ਕਰ ਦੇਵੇ। ਉਸ ਨੂੰ ਰੀਆ ਦੀ ਸਲਾਹ ਚੰਗੀ ਲੱਗੀ ਤੇ ਉਸ ਨੇ ਹਿਊਮਨ ਰਿਸੋਰਸ ਦੀ ਸਹਾਇਤਾ ਨਾਲ਼ ਨਰਸਿੰਗ ਦੀਆਂ ਕਲਾਸਾਂ ਸੁਰੂ ਕਰ ਦਿੱਤੀਆਂ। ਇਸ ਨਾਲ਼ ਜਿੱਥੇ ਗੌਰਮਿੰਟ ਉਸ ਨੂੰ ਉਸ ਟਰੇਨਿੰਗ ਦੀ ਫੀਸ ਦਿੰਦੀ ਸੀ ਉੱਥੇ ਸੁਗੰਧੀ ਦੀ ਬੇਬੀ ਸਿਟਿੰਗ ਅਤੇ ਰੂਪ ਦੀਆਂ ਹੋਰ ਜਰੂਰਤਾਂ ਲਈ ਵੀ ਆਰਥਕ ਮੱਦਦ ਕਰਦੀ ਸੀ।

ਰੂਪ ਨੇ ਆਪਣੀ ਲਗਨ ਅਤੇ ਮਿਹਨਤ ਨਾਲ਼ ਚੰਗੇ ਨੰਬਰਾ ਵਿੱਚ ਨਰਸਿੰਗ ਦੀ ਟਰੇਨਿੰਗ ਪੂਰੀ ਕਰ ਲਈ। ਬਹੁਤ ਜਲਦੀ ਹੀ ਇੱਕ ਹਸਪਤਾਲ ਵਿੱਚ ਉਸ ਨੂੰ ਨਰਸ ਦੀ ਨੌਕਰੀ ਮਿਲ ਗਈ। ਫਿਰ ਉਸਨੇ ਕਦੇ ਵੀ ਪਿੱਛਾ ਮੁੜ ਕੇ ਨਹੀਂ ਦੇਖਿਆ। ਘਰ ਉਹ ਆਪਣੀ ਧੀ ਨਾਲ਼ ਖੁਸ ਰਹਿੰਦੀ। ਹਸਪਤਾਲ ਵਿੱਚ ਮਰੀਜ਼ਾਂ ਦੀ ਤਨੋਂ ਮਨੋਂ ਰੱਜ ਕੇ ਸੇਵਾ ਕਰਦੀ ਤੇ ਉਨ•ਾਂ ਦੀਆਂ ਅਸੀਸਾਂ ਦਾ ਨਿੱਘ ਮਾਣਦੀ।
ਸਾਗਰ ਨੂੰ ਪਤਾ ਸੀ ਕਿ ਰੂਪ ਟਰਾਂਟੋ ਵਿੱਚ ਹੈ ਪਰ ਉਸ ਨੇ ਕਦੇ ਵੀ ਉਸ ਨੂੰ ਮਿਲਣ ਦੀ ਕੋਸ਼ਿਸ਼ ਨਾਂ ਕੀਤੀ ਤੇ ਨਾਂ ਹੀ ਉਸ ਨੇ ਕਦੇ ਆਪਣੀ ਧੀ ਨੂੰ ਮਿਲਣ ਜਾਂ ਦੇਖਣ ਦੀ ਖਾਹਿਸ ਹੀ ਜਾਹਰ ਕੀਤੀ। ਖਬਰੇ ਉਸਦੀਆਂ ਅਤੇ ਸੀਮਾ ਦੀਆਂ ਸਾਰੀਆਂ ਹੀ ਸੀਮਾਵਾਂ ਖਤਮ ਹੋ ਗਈਆਂ ਸਨ। ‘ਪਤਾ ਨਹੀਂ ਲੋਕੀ ਇਤਨੇ ਕਿਓਂ ਬੇਮੋਹੇ ਹੋ ਜਾਂਦੇ ਨੇ।’ ਕਦੀ ਕਦੀ ਰੂਪ ਸੋਚਦੀ।

ਮੌਸਮ ਨੇ ਕਈ ਰੰਗ ਬਦਲੇ। ਵਰ•ੇ ਬੀਤਦੇ ਗਏ। ਰੂਪ ਨੇ ਆਪਣੀ ਧੀ ਸੁਗੰਧੀ ਨੂੰ ਰੀਝਾਂ ਨਾਲ਼ ਪੜ•ਾਇਆ ਲਿਖਾਇਆ। ਆਪਣੀਆਂ ਅਧੂਰੀਆਂ ਇੱਛਾਵਾਂ ਸੁਗੰਧੀ ਰਾਹੀਂ ਪੂਰੀਆਂ ਕਰਨ ਦੀਆਂ ਵਿਉਂਤਾਂ ਬਣਾਈਆਂ। ਉਸ ਦੀ ਮਿਹਨਤ ਰੰਗ ਲਿਆਈ ਅੱਜ ਕੱਲ• ਉਸ ਦੀ ਧੀ ਇੱਕ ਕੋਰਟ ਵਿੱਚ ਵਕਾਲਤ ਕਰ ਰਹੀ ਸੀ।

“ਮੰਮ ਤੁਸੀਂ ਕਿੱਥੇ ਗੁਵਾਚ ਗਏ, ਮੈਂ ਤੁਹਾਡੇ ਨਾਲ਼ ਗੱਲ ਕਰ ਰਹੀ ਹਾਂ।”

ਜਦੋਂ ਸੁਗੰਧੀ ਨੇ ਫੜ ਕੇ ਝੰਜੋੜਿਆ ਤਾ ਉਸ ਦੀ ਸੁਰਤ ਵਾਪਸ ਪਰਤੀ। ਉਸ ਨੂੰ ਜਾਪਿਆ ਜਿਵੇ ਇਨ•ਾਂ ਕੁੱਝੁ ਕੁ ਪਲਾਂ ਵਿੱਚ ਉਹ ਵਰਿਆਂ ਦਾ ਸਫਰ ਕਰ ਕੇ ਪਰਤੀ ਹੋਵੇ। ਪਤਾ ਨਹੀਂ ਕਿੰਨੀ ਕੁ ਦੇਰ ਸੁਗੰਧੀ ਵਕੀਲਾਂ ਵਾਂਗ ਉਸ ਨੂੰ ਬਦਲ ਰਹੇ ਜਮਾਨੇ ਬਾਰੇ ਦਸਦੀ ਰਹੀ ਸੀ, “ਮੰਮ ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਇੱਕ ਵਾਰ ਜਿਸ ਨਾਲ਼ ਤੁਹਾਡਾ ਵਿਆਹ ਹੋ ਗਿਆ ਤੁਸੀਂ ਸਾਰੀ ਉਮਰ ਉਸੇ ਨਾਲ਼ ਬੱਝੇ ਰਹੋ। ਜੇ ਤੁਹਾਡੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਤਾਂ ਮੰਮ ਇੱਕ ਦੂਸਰੇ ਉੱਪਰ ਆਪਣੇ ਵਿਚਾਰ ਠੋਸਣ ਦੀ ਬਜਾਏ ਅਲੱਗ ਹੋ ਜਾਣਾ ਚੰਗਾ ਹੁੰਦਾ ਏ। ਜਿਸ ਜੀਵਨ ਵਿੱਚ ਆਏ ਦਿਨ ਕੋਈ ਨਾ ਕੋਈ ਗਿਲਾ ਸ਼ਿਕਵਾ ਸ਼ਾਮਲ ਰਹੇ ਉਸ ਜੀਵਨ ਨੂੰ ਜਿਊਣਾ ਨਹੀਂ ਕਹਿੰਦੇ ਮੰਮ, ਉਹ ਤਾਂ ਰਿਸ਼ਤੇ ਢੋਣ ਵਾਲ਼ੀ ਗੱਲ ਹੁੰਦੀ ਏ, ਗਲ਼ ਪਿਆ ਢੋਲ ਬਜਾਉਣ ਵਾਲ਼ੀ ਗੱਲ ਹੁੰਦੀ ਏ। ਜਿੱਥੇ ਕੋਈ ਤੁਹਾਡੀ ਸੋਚ ਦੇ ਹਾਣ ਦਾ ਤੁਹਾਨੂੰ ਮਿਲ ਜਾਵੇ ਉੱਥੇ ਨਵਂੇ ਰਿਸ਼ਤੇ ਉਸਾਰ ਲੈਣੇ ਚਾਹੀਦੇ ਨੇ। ਇਨਸਾਨ ਨੂੰ ਜਿੰਦਗੀ ਦਾ ਭਰਭੂਰ ਅਨੰਦ ਮਾਨਣ ਦਾ ਹੱਕ ਮਿਲਣਾ ਚਾਹੀਦਾ ਹੈ।”

“ਪਰ ਬੇਟਾ ਰਿਸ਼ਤੇ ਕਪੜੇ ਵੀ ਤੇ ਨਹੀਂ ਨਾਂ ਹੁੰਦੇ, ਕਿ ਜਦੋ ਦਿਲ ਕੀਤਾ ਪੁਰਾਣੇ ਉਤਾਰ ਕਿ ਨਵੇਂ ਪਹਿਨ ਲਏ।” ਰ੍ਰੂਪ ਜਿਵੇਂ ਕਿਸੇ ਗਹਿਰੀ ਉਦਾਸੀ ਵਿਚੋਂ ਬੋਲੀ।

ਰੂਪ ਦੀ ਗਲ ਸੁਣ ਕਿ, ਸੁਗੰਧੀ ਕੁੱਝ ਪਲਾਂ ਲਈ ਖਾਮੋਸ਼ ਹੋ ਗਈ। ਉਹ ਸੋਚਣ ਲਗੀ, “ਹਾਂ ਮੰਮ ਇਹ ਸੱਚ ਏ, ਕਿ ਰਿਸ਼ਤੇ ਕਪੜੇ ਨਹੀਂ ਹੁੰਦੇ ਇਹ ਵੀ ਸੱਚ ਏ, ਕਿ ਜਿਸ ਇਨਸਾਨ ਨੂੰ ਤੁਸੀਂ ਕਦੇ ਦਿਲ ਦੀਆਂ ਗਹਿਰਾਈਆਂ ਵਿਚੋ ਚਾਹਿਆ ਹੋਵੇ ਉਸ ਨਾਲੋ ਤੋੜ ਵਿਛੋੜਾ ਕਰਨਾਂ ਇਤਨਾ ਆਸਾਨ ਨਹੀ ਹੁੰਦਾ। ਪਰ ਜੋ ਰਿਸ਼ਤੇ ਨਾਸੂਰ ਬਣ ਜਾਣ ਜਿਨ•ਾਂ ਦਾ ਜ਼ਹਿਰ ਹਰ ਪਲ ਤੁਹਾਡੀਆਂ ਭਾਵਨਾਵਾਂ ਨੂੰ ਡੱਸਦਾ ਰਹੇ। ਜਿਨ•ਾਂ ਦਾ ਦਰਦ ਦਿਨ ਬਦਿਨ ਵਧਦਾ ਹੀ ਜਾਵੇ  ਤੇ ਇਕ ਖਾਮੋਸ ਜਿਹੀ ਮੌਤ ਤੁਸੀਂ ਆਏ ਦਿਨ ਮਰਦੇ ਰਹੋ ਅਜਿਹੇ ਮਰੇ ਹੋਏ ਰਿਸ਼ਤਿਆਂ ਨਾਲ ਜੀਵੀਆ ਵੀ ਤੇ ਨਹੀਂ ਨਾਂ ਜਾਂਦਾ ਮੰਮ।”

ਸੁਗੰਧੀ ਦੀ ਕੁੱਝ ਪਲਾਂ ਦੀ ਚੁਪ ਰੂਪ ਨੂੰ ਅੰਦਰ ਤਕ ਹਿਲਾ ਗਈ। ਪਹਿਲੀ ਵਾਰ ਉਸ ਨੇ ਆਪਣੀ ਧੀ ਦੀਆਂ ਅੱਖਾਂ ਵਿਚ ਕਿਸੇ ਗਹਿਰੇ ਦਰਦ ਦੀ ਝਲਕ ਦੇਖੀ ਸੀ। ਉਸ ਨੂੰ ਅਹਿਸਾਸ ਹੋਇਆ, ਜਿਵੇਂ ਸੁਗੰਧੀ ਦਾ ਜ਼ਖਮੀ ਮਨ ਅੰਦਰ ਹੀ ਅੰਦਰ ਕੋਈ ਭਿਅੰਕਰ ਜੰਗ ਲੜ ਰਿਹਾ ਹੋਵੇ।

ਕੁੱਝ ਪਲ ਦੀ ਚੁੱਪ ਤੋਂ ਬਾਅਦ ਸੁਗੰਧੀ ਰੂਪ ਦੇ ਗਲ਼ ਵਿਚ ਬਾਂਹਵਾਂ ਪਾ ਕੇ ਉਸ ਦੀਆਂ ਅੱਖਾਂ ਦੀ ਗਹਿਰਾਈ ਵਿਚ ਦੇਖਦੀ ਹੋਈ ਬੋਲੀ, “ਮੰਮ ਮੈਨੂੰ ਕਦੇ ਕਦੇ ਹੈਰਾਨੀ ਹੁੰਦੀ ਏ, ਕਿ ਤੁਸ਼ੀ ਸਾਰੀ ਉਮਰ ਕਿਸੇ ਸਾਥੀ ਤੋਂ ਬਿਨ•ਾਂ ਕਿਵੇਂ ਕੱਢ ਲਈ? ਕੀ ਤੁਹਾਨੂੰ ਕਦੇ ਕਿਸੇ ਦੇ ਸਾਥ ਦੀ ਜਰੂਰਤ ਮਹਿਸੂਸ ਨਹੀਂ ਸੀ ਹੋਈ? ਕੀ ਕਦੀ ਤੁਸੀਂ ਆਪਣੇ ਜੀਵਨ ਦਾ ਸਭ ਕੁੱਝ ਬਿਰਥਾ ਬਿਰਥਾ ਜਾ ਰਿਹਾ ਅਨੁਭਵ ਨਹੀਂ ਸੀ ਕੀਤਾ?”

ਸੁਗੰਧੀ ਦੀ ਗਲ ਸੁਣ ਕੇ, ਰੂਪ ਦੇ ਚਿਹਰੇ ਤੇ ਅਚਾਨਕ ਦਰਦ ਦੇ ਭਾਵ ਉੱਭਰ ਆਏ ਸਨ। ਉਹ ਸੋਚਣ ਲਗੀ ਕਿਵੇਂ ਦੱਸਾਂ, ਮੈਂ ਆਪਣੀ ਧੀ ਨੂੰ ਕਿ ਇਕੱਲਤਾ ਭਰੀਆਂ ਲੰਬੀਆਂ ਕਾਲ਼ੀਆਂ ਰਾਤਾਂ ਕਿਵੇਂ ਗੁਜਾਰੀਆਂ ਸਨ ਉਸਨੇ? ਜੀਵਨ ਦਾ ਇਕ ਲੰਬਾ ਖਾਲੀ ਪੈਂਡਾ ਤੁਰਦੀ ਤੁਰਦੀ ਉਹ ਤੇ ਥੱਕ ਟੁੱਟ ਹੀ ਗਈ ਸੀ। ਹਰ ਮੋੜ ਤੇ ਹਰ ਪਲ ਕਿਸੇ ਆਪਣੇ ਇੱਕ ਦੇ ਸਾਥ ਨੂੰ ਤਰਸਦੀ ਰਹੀ ਸੀ ਉਹ। ਦਿਲ ਦੀਆਂ ਗਹਿਰਾਈਆਂ ਵਿਚੋਂ ਪਿਆਰ ਕੀਤਾ ਸੀ ਉਸ ਨੇ ਸਾਗਰ ਨੂੰ। ਉਸ ਨਾਲੋਂ ਵਿਛੜਨ ਤੋਂ ਬਾਅਦ ਲੱਖ ਕੋਸ਼ਿਸ਼ ਕਰਨ ਤੇ ਵੀ ਕੋਈ ਹੋਰ ਉਸਦੇ ਮਨ ਨੂੰ ਨਹੀਂ ਸੀ ਭਾਇਆ। ਕੋਈ ਹੋਰ ਉਸ ਦੀਆਂ ਸੋਚਾਂ ਦੇ ਮੇਚ ਨਹੀਂ ਸੀ ਆ ਸਕਿਆ। ਜਿਸ ਵਕਤ ਸਾਗਰ ਦੀ ਬੇਵਫਾਈ ਉਸ ਨੂੰ ਯਾਦ ਆਉਂਦੀ ਉਸ ਵਕਤ ਕਿਸੇ ਹੋਰ ਲਈ ਉਸ ਦੇ ਮਨ ਵਿਚ ਫੁਟਦੀਆਂ ਭਾਵਨਾਵਾਂ ਦਾ ਕਤਲ ਹੋ ਜਾਂਦਾਦੁੱਧ ਦੀ ਸੜੀ ਸਦਾ ਲੱਸੀ ਨੂੰ ਵੀ ਫੂਕਾਂ ਮਾਰਦੀ ਰਹੀ ਤੇ ਰਿਸ਼ਤੇ ਉਸਰਨ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ। ਕਿੰਨੀ ਵਾਰ ਉਹ ਆਪ ਵੀ ਇਹਨਾਂ ਨਿੱਤ ਮਰਦੇ ਰਿਸ਼ਤਿਆ ਨਾਲ ਮਰੀ ਸੀ।

ਉਹ ਬੋਲੀ, “ਹੂੰ! ਭਲਿਆਂ ਵੇਲ਼ਿਆਂ ਵਿੱਚ ਅਗਲਾ ਜਨਮ ਸੁਆਰਨ ਦੀ ਆਸ ਵਿੱਚ, ਇਸ ਜਨਮ ਦੇ ਸਾਰੇ ਦੁੱਖ ਸੁੱਖ ਔਖੇ ਸੌਖੇ ਹੋ ਕੇ ਕੱਟ ਲਏ ਜਾਂਦੇ ਸਨ।”

“ਮੰਮ, ਹੁਣ ਸਮਾਂ ਅਗਲੇ ਸੁਪਨਈ ਚੰਗੇ ਜਨਮ ਦੀ ਆਸ ਵਿੱਚ ਇਸ ਜਨਮ ਨੂੰ ਰੋਲਣ ਮਧੋਲਣ ਦਾ ਨਹੀਂ, ਸਗੋਂ ਇਸੇ ਜਨਮ ਨੂੰ ਸਫਲਾ ਕਰਨ ਅਤੇ ਮਾਨਣ ਦਾ ਸਮਾਂ ਹੈ। ਹੁਣ ਅਪਣੀਆਂ ਪਰਾਪਤੀਆਂ ਨੂੰ ਕਿਸੇ ਧਾਰਮਿਕ ਅਸਥਾਨ ਉੱਤੇ ਜਾ ਕੇ ਧੂਫ ਵਾਂਗ ਧੁਖਾਉਣ ਦਾ ਸਮਾਂ ਨਹੀਂ, ਸਗੋਂ ਉਹਮਾਂ ਨੂੰ ਆਪਣੇ ਅੰਗ ਲਾਉਣ ਦਾ ਸਮਾਂ ਹੈ। ਲਏ ਗਲਤ ਨਿਰਨਿਆਂ ਉੱਤੇ ਝੂਰਨ ਦਾ ਸਮਾਂ ਨਹੀਂ, ਸਗੋਂ ਜੀਵਨ ਵਿੱਚ ਆਏ ਖਾਈ ਖਾਤੇ ਪੂਰਨ ਦਾ ਸਮਾਂ ਹੈ …”

ਉਸ ਵਕਤ ਰੂਪ ਕੋਲ ਸੁਗੰਧੀ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਸੀ। ਸੁਗੰਧੀ ਜਾ ਚੁੱਕੀ ਸੀ। ਰੂਪ ਉਸ ਰਾਤ ਸੌ ਨਹੀਂ ਸੀ ਸਕੀ ਸਾਰੀ ਹੀ ਰਾਤ ਉਹ ਇਨਾ ਬਦਲਦੇ ਦੇ ਰਿਸ਼ਤਿਆਂ ਦੇ ਰੂਪ ਸਮਝਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਸੋਚਦੀ ਰਹੀ ਸੀ ਕਿ ਇੱਕ ਵਾਰ ਕਿਸੇ ਇੱਕ ਨਾਲ਼ ਜੁੜ ਜਾਣ ਤੋਂ ਬਾਅਦ ਕਿਵਂੇ ਇਨਸਾਨ ਕਿਸੇ ਹੋਰ ਨਾਲ਼ ਜੁੜ ਸਕਦਾ ਹੈ। ਰਿਸ਼ਤਿਆਂ ਦੀ ਇਹ ਨਵੀ ਪ੍ਰੀਭਾਸਾ ਉਸ ਦੀ ਸਮਝ ਵਿੱਚ ਨਹੀਂ ਸੀ ਆ ਰਹੀ ਕਿ ਸਮਾਂ ਕਿਵੇਂ ਅਤੇ ਕਦੋਂ ਲਿਖ ਗਿਆ।

ਪਰਮਜੀਤ ਮੋਮੀ

ਪਿੰਡ ਅਮਾਨੀਪੁਰ (ਹੁਣ ਕਨੇਡਾ)

2 COMMENTS

Comments are closed.