ਪਿੰਡ ਸੈਦਪੁਰ ਨੇੜੇ ਬੱਸ ਤੇ ਟਰੈਕਟਰ ਦਰਮਿਆਨ ਹੋਈ ਟੱਕਰ ਕਾਰਨ ਬੱਸ ਵਿਚ ਸਵਾਰ 4 ਔਰਤਾਂ ਤੇ ਟਰੈਕਟਰ ਚਾਲਕ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਪਿੰਡ ਵਲਣੀ ਦੇ ਮਾਸਟਰ ਸੁਰਜੀਤ ਸਿੰਘ ਪੁੱਤਰ ਧਰਮ ਸਿੰਘ ਜੋ ਕਿ ਆਪਣੇ ਪਿੰਡ ਤੋਂ ਸੈਦਪੁਰ ਨੂੰ ਜਾ ਰਹੇ ਸਨ। ਪਿੱਛੋਂ ਆਉਂਦੀ ਵਾਲੀਆ ਟਰਾਂਸਪੋਰਟ ਦੀ ਬੱਸ ਨੰਬਰ ਪੀਬੀ 08ਐਮ 9697 ਜਿਸ ਨੂੰ ਜਸਪਾਲ ਸਿੰਘ ਸਪੁੱਤਰ ਚੂਹੜ ਸਿੰਘ ਵਾਸੀ ਮਿੱਠੜਾ ਚਲਾ ਰਿਹਾ ਸੀ, ਦੀ ਟਰੈਕਟਰ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਵੱਜਣ ‘ਤੇ ਟਰੈਕਟਰ ਝੋਨੇ ਦੇ ਖੇਤਾਂ ਵਿਚ ਪਲਟ ਗਿਆ ਤੇ ਬੱਸ ਦੇ ਡਰਾਈਵਰ ਵੱਲੋਂ ਸੰਤੁਲਨ ਖੋ ਜਾਣ ਕਾਰਨ ਉਹ ਵੀ ਝੋਨੇ ਦੇ ਖੇਤ ਵਿਚ ਪਲਟ ਗਈ। ਮੌਕੇ ‘ਤੇ ਪਹੁੰਚੇ ਪਿੰਡ ਸੈਦਪੁਰ ਦੇ ਲੋਕਾਂ ਨੇ ਪਲਟੀ ਹੋਈ ਬੱਸ ਵਿਚੋਂ ਜ਼ਖ਼ਮੀ ਸਵਾਰੀਆਂ ਨੂੰ ਕੱਢ ਕੇ ਸਿਵਲ ਹਸਪਤਾਲ ਟਿੱਬਾ ਵਿਚ ਪਹੁੰਚਾਇਆ। ਟਰੈਕਟਰ ਚਾਲਕ ਵੀ ਕਾਫ਼ੀ ਸੱਟ ਲੱਗੀ ਦੱਸੀ ਜਾ ਰਹੀ ਹੈ। ਹਸਪਤਾਲ ਵਿਚ ਦਾਖ਼ਲ ਜ਼ਖ਼ਮੀਆਂ ਦੀ ਪਹਿਚਾਣ ਸੁਰਜੀਤ ਕੌਰ ਟਿੱਬਾ, ਮਨਕਿਰਨ ਟਿੱਬਾ, ਹਰਦੀਪ ਕੌਰ ਮਨਿਆਲਾ, ਬਲਜਿੰਦਰ ਕੌਰ ਟਿੱਬਾ ਵਜੋਂ ਹੋਈ। ਡਿਊਟੀ ‘ਤੇ ਹਾਜ਼ਰ ਡਾਕਟਰ ਨੇ ਬਲਜਿੰਦਰ ਕੌਰ ਅਤੇ ਹਰਦੀਪ ਕੌਰ ਦੇ ਸੱਟ ਜ਼ਿਆਦਾ ਹੋਣ ਕਰਕੇ ਕਪੂਰਥਲਾ ਰੈਫ਼ਰ ਕਰ ਦਿੱਤਾ। ਇਸ ਮੌਕੇ ਹਸਪਤਾਲ ਟਿੱਬਾ ਵਿਚ ਦਾਖਲ ਸੁਰਜੀਤ ਕੌਰ ਨੇ ਦੋਸ਼ ਲਗਾਇਆ ਕਿ ਬੱਸ ਡਰਾਈਵਰ ਉਸ ਵਕਤ ਮੋਬਾਈਲ ‘ਤੇ ਗੱਲ ਕਰ ਰਿਹਾ ਸੀ। ਸਵਾਰੀਆਂ ਨੇ ਡਰਾਈਵਰ ਨੂੰ ਪਹਿਲਾਂ ਇਸ ਬਾਰੇ ਸੁਚੇਤ ਕੀਤਾ, ਪਰ ਉਸ ਨੇ ਸਵਾਰੀਆਂ ਦੀ ਇਥ ਨਾ ਮੰਨੀ। ਹਾਦਸੇ ਮੌਕੇ ਥਾਣਾ ਤਲਵੰਡੀ ਚੌਧਰੀਆਂ ਤੋਂ ਏ.ਐਸ.ਆਈ. ਲਖਵਿੰਦਰ ਸਿੰਘ ਪਹੁੰਚੇ ਤੇ ਟਰੈਕਟਰ ਚਾਲਕ ਦੇ ਬਿਆਨਾਂ ‘ਤੇ ਬੱਸ ਡਰਾਈਵਰ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (source Ajit)