ਪਿੰਡ ਠੱਟਾ ਨਵਾਂ

ਇਤਿਹਾਸ

ਮੂਲ ਰੂਪ ਵਿੱਚ ਪਿੰਡ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਦੋਵੇਂ ਹੀ ਪੁਰਾਣੇ ਵੱਸਦੇ ਠੱਟਾ ਪਿੰਡ ਦੇ ਦੋ ਹਿੱਸੇ ਹਨ। ਠੱਟਾ ਨਾਂ ਦਾ ਪਿੰਡ ਕਾਲਣਾ ਨਦੀ ਦੇ ਕੰਢੇ ਤੇ ਵੱਸਦਾ ਸੀ। ਕਾਲਣਾ ਨਦੀ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬੀਰ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਨ ਲਈ ਦੋਆਬੇ ਦੇ ਇਲਾਕੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਮੌਜੂਦਾ ਗੁਰਦੁਆਰਾ ਦਮਦਮਾ ਸਾਹਿਬ ਵਾਲੀ ਜਗ੍ਹਾ ਦੀ ਪ੍ਰਕਰਮਾ ਕੀਤੀ ਤੇ ਉਸ ਥਾਂ ਤੇ ਬੈਠ ਗਏ। ਬਾਬਾ ਜੀ ਨੂੰ ਉਸ ਜਗ੍ਹਾ ਤੇ ਬੈਠਾ ਦੇਖ ਕੇ ਇਲਾਕੇ ਦੇ ਲੋਕ ਉਹਨਾਂ ਦੇ ਦੁਆਲੇ ਇਕੱਠੇ ਹੋ ਗਏ ਤੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲੱਗੇ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬਾਬਾ ਜੀ ਸਾਡੀ ਜਮੀਨ ਕੱਲਰ ਦੀ ਮਾਰੀ ਹੋਈ ਹੈ ਅਤੇ ਇਸ ਵਿੱਚ ਕੋਈ ਵੀ ਫਸਲ ਨਹੀਂ ਹੁੰਦੀ ਤੇ ਸਾਡੇ ਬਾਲ-ਬੱਚੇ ਭੁੱਖੇ ਮਰ ਰਹੇ ਹਨ। ਇਸ ਦਾ ਉਪਾਅ ਕਰੋ। ਬਾਬਾ ਜੀ ਨੇ ਆਏ ਲੋਕਾਂ ਨੂੰ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ ਅਤੇ ਬਚਨ ਕੀਤਾ ਕਿ ਦਰਿਆ ਬਿਆਸ ਵਿੱਚੋਂ ਕਾਲਣਾ (ਕਾਲ ਨੂੰ ਖਤਮ ਕਰਨ ਵਾਲਾ) ਨਾਲਾ ਨਿਕਲੇਗਾ ਤੇ ਇਸ ਇਲਾਕੇ ਦਾ ਕੱਲਰ ਧੋ ਦੇਵੇਗਾ। ਇਸ ਤੋਂ ਬਾਅਦ ਤਲਵੰਡੀ ਦੇ ਵਸਨੀਕ ਚੌਧਰੀਆਂ ਵੱਲੋਂ ਆਪਣੇ ਫਲਾਂ ਦੇ ਬਾਗ ਨੂੰ ਪਾਣੀ ਦੇਣ ਵਾਸਤੇ ਦਰਿਆ ਬਿਆਸ ਤੋਂ ਇੱਕ ਛੋਟਾ ਖਾਲਾ ਖੁਦਵਾਇਆ ਗਿਆ। ਬਾਬਾ ਜੀ ਦੇ ਬਚਨਾਂ ਮੁਤਾਬਕ ਕੁੱਝ ਸਮੇਂ ਬਾਦ ਦਰਿਆ ਬਿਆਸ ਵਿੱਚ ਹੜ੍ਹ ਆਇਆ ਅਤੇ ਇਲਾਕੇ ਦਾ ਸਾਰਾ ਕੱਲਰ ਰੋੜ੍ਹ ਕੇ ਲੈ ਗਿਆ ਤੇ ਜਮੀਨ ਉਪਜਾਊ ਬਣ ਗਈ ਅਤੇ ਛੋਟੇ ਖਾਲੇ ਨੇਂ ਕਾਲਣਾ ਨਾਂ ਦੀ ਨਦੀ ਦਾ ਰੂਪ ਧਾਰਨ ਕਰ ਲਿਆ। ਕੁੱਝ ਸਮੇਂ ਬਾਦ ਇਸ ਨਦੀ ਨੇ ਪਿੰਡ ਦੇ ਇੱਕ ਹਿੱਸੇ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ। ਇਸ ਹਿੱਸੇ ਦੇ ਲੋਕਾਂ ਨੇ ਉੱਥੋਂ ਉੱਠ ਕੇ ਨਵੀਂ ਜਗ੍ਹਾ ਤੇ ਬਸੇਰਾ ਕਰ ਲਿਆ। ਤੇ ਇਹ ਜਗ੍ਹਾ ਪਿੰਡ ਠੱਟਾ ਨਵਾਂ ਤੇ ਪਿੱਛੇ ਬਚਦੀ ਅਬਾਦੀ ਠੱਟਾ ਪੁਰਾਣਾ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ।