ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ, ਲਵੀਨੀਓ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਨ੍ਹਾਂ ਦੀ ਸੇਵਾ ਭਾਈ ਜਤਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕਰਵਾਈ ਗਈ। ਪਾਠ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ। ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰ ਭਾਈ ਦਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਮਹਿਤਪੁਰ ਤੇ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਭਾਗੋਅਰਾਈਆਂ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸੰਗਤਾਂ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਤੋਂ ਜਾਣੂ ਕਰਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਲਈ ਸੇਵਾ ਕਰਵਾਉਣ ਵਾਲੇ ਸਿੰਘ ਨੂੰ ਸਿਰੋਪਾਓ ਦੇ ਕੇ ਗੁਰੂ ਘਰ ਵੱਲੋਂ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਭਾਈ ਰਾਜਵਿੰਦਰ ਸਿੰਘ ਰਾਜਾ, ਪ੍ਰੀਤਮ ਸਿੰਘ ਮਾਣਕੀ, ਸ: ਸੁਖਜਿੰਦਰ ਸਿੰਘ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।