ਅੱਜ ਸਵੇਰੇ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਵਾਸੀ ਪਿੰਡ ਖੋਸਾ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਲੋਹੀਆਂ ਨੂੰ ਰਮਾਇਣ ਸਾਹਿਬ ਚੋਰੀ ਕਰਦਿਆਂ ਰੰਗੇ ਹੱਥੀਂ ਫੜ੍ਹ ਲਿਆ ਗਿਆ। ਥਾਣਾ ਤਲਵੰਡੀ ਚੌਧਰੀਆਂ ਵਿਖੇ ਦਰਜ ਕਰਵਾਈ ਗਈ ਐਫ.ਆਈ.ਆਰ. ਅਨੁਸਾਰ ਸੁਖਵਿੰਦਰਪਾਲ ਸਿੰਘ ਜੋ ਕਿ ਅੱਜਕੱਲ੍ਹ ਪਿੰਡ ਠੱਟਾ ਨਵਾਂ ਵਿਖੇ ਬਾਲਮੀਕ ਭਾਈਚਾਰੇ ਦੇ ਗੁਰਦੁਆਰਾ ਸਾਹਿਬ ਵਿਖੇ ਰਮਾਇਣ ਸਾਹਿਬ ਦੇ ਪਾਠੀ ਦੀ ਡਿਊਟੀ ਨਿਭਾ ਰਿਹਾ ਹੈ, ਨੇ ਦੱਸਿਆ ਕਿ ਅੱਜ ਸਵੇਰੇ 05:15 ਵਜੇ ਜਦ ਉਹ ਪਾਠ ਕਰ ਰਿਹਾ ਸੀ ਕਿ ਦੋ ਆਦਮੀ ਭਗਵੇਂ ਕੱਪੜਿਆਂ ਵਿੱਚ ਆਏ ਤੇ ਮੱਥਾ ਟੇਕ ਕੇ ਬੈਠ ਗਏ। ਉਪਰੰਤ ਉਹਨਾਂ ਨੇ ਮੇਰੇ ਕੋਲੋਂ ਚਾਹ ਮੰਗੀ। ਚਾਹ ਲਿਆਉਣ ਲਈ ਮੈਂ ਸਤਪਾਲ ਸਿੰਘ ਨੂੰ ਫੋਨ ਕੀਤਾ। ਵੇਲੇ ਸਿਰ ਚਾਹ ਨਾਂ ਆਉਣ ਤੇ ਮੈਂ ਖੁਦ ਉਹਨਾਂ ਦੇ ਘਰ ਤੋਂ ਚਾਹ ਲੈਣ ਲਈ ਚਲਾ ਗਿਆ। ਚਾਹ ਲਿਆਉਣ ਉਪਰੰਤ ਜਦ ਮੈਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਤਾਂ ਕੀ ਦੇਖਦਾ ਹਾਂ ਕਿ ਸੁਖਜੀਤ ਸਿੰਘ ਵਾਸੀ ਪਿੰਡ ਖੋਸਾ ਰਮਾਇਣ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਸੀ ਤੇ ਰਮਾਇਣ ਸਾਹਿਬ ਨੂੰ ਇਕੱਠਾ ਕਰਕੇ ਬੰਨ੍ਹ ਰਿਹਾ ਸੀ। ਮੈਨੂੰ ਦੇਖਣ ਉਪਰੰਤ ਉਹ ਰੁਕ ਗਿਆ ਤੇ ਧਮਕੀਆਂ ਦੇਣ ਲੱਗਾ ਕਿ ਕਿਸੇ ਨੂੰ ਦੱਸਣਾ ਨਾਂ। ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਹਾਜ਼ਰ ਭੁਪਿੰਦਰ ਸਿੰਘ, ਗੁਰਦਿਆਲ ਸਿੰਘ, ਤਰਸੇਮ ਸਿੰਘ ਠੱਟਾ, ਸੁਖਜਿੰਦਰ ਸਿੰਘ ਸ਼ਨੀ, ਸਤਪਾਲ ਅਤੇ ਡਿਊਟੀ ਤੇ ਹਾਜ਼ਰ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਦੂਸਰੇ ਪਾਸੇ ਥਾਣਾ ਤਲਵੰਡੀ ਚੌਧਰੀਆਂ ਵਿੱਚ ਉੱਕਤ ਦੋਸ਼ੀਆਂ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਖਿਲਾਫ ਧਾਰਾ 295, 380, 511 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਮੁੱਚੀ ਘਟਨਾ ਦੀ ਇਲਾਕੇ ਭਰ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।