Today’s Hukamnama from State Gurdwara Sahib Kapurthala

45

ਸੋਮਵਾਰ 27 ਮਈ 2019 (13 ਜੇਠ ਸੰਮਤ 551 ਨਾਨਕਸ਼ਾਹੀ)

ਸਲੋਕ ਮਃ ੩ ॥ ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥ {ਪੰਨਾ 851}

ਪਦਅਰਥ: ਕਪਟੁ = ਖੋਟ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਧਿਆਨੁ ਨ ਲਾਗੈ = ਸੁਰਤਿ ਨਹੀਂ ਜੁੜਦੀ। ਵਰਤੈ = ਵਾਪਰਦਾ ਹੈ। ਆਗੈ = ਅਗਾਂਹ, ਪਰਲੋਕ ਵਿਚ। ਕਰਮੀ = (ਪਰਮਾਤਮਾ ਦੀ) ਮਿਹਰ ਨਾਲ। ਭੇਟੀਐ = ਮਿਲਦਾ ਹੈ। ਤਾ = ਤਦੋਂ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ = ਨਾਮ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਅੰਦਰਹੁ = ਮਨ ਵਿਚੋਂ। ਭ੍ਰਮੁ = ਭਟਕਣਾ। ਭਉ = ਸਹਿਮ।੧।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤਿ (ਪਰਮਾਤਮਾ ਵਿਚ) ਨਹੀਂ ਜੁੜਦੀ। ਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ।ਹੇ ਨਾਨਕ! ਜਦੋਂ ਪਰਮਾਤਮਾ ਦੀ) ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ।੧।

ਮਃ ੩ ॥ ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥ ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥ ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥{ਪੰਨਾ 852}

ਪਦਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਦਾ ਹੈ। ਗਿਆਨੁ = ਆਤਮਕ ਜੀਵਨ ਦੀ ਸੂਝ। ਤਿਮਰ = ਹਨੇਰਾ। ਅਗਿਆਨੁ = ਆਤਮਕ ਜੀਵਨ ਵਲੋਂ ਬੇ = ਸਮਝੀ। ਚੁਕਾਇਆ = ਮੁੱਕ ਜਾਂਦਾ ਹੈ।੨।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ (ਉਸ ਦੇ ਅੰਦਰ) ਸਦਾ ਪਰਮਾਤਮਾ ਦੇ ਨਾਮ ਦੀ ਰੰਗਣ ਚੜ੍ਹੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। (ਉਹ ਮਨੁੱਖ ਹਰ ਥਾਂ ਪਰਮਾਤਮਾ ਨੂੰ ਹੀ) ਵੇਖਦਾ ਹੈ (ਸਦਾ ਪਰਮਾਤਮਾ ਦਾ) ਨਾਮ ਹੀ ਉਚਾਰਦਾ ਹੈ, ਨਾਮ ਜਪਦਿਆਂ ਉਸ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਸਹੀ ਜੀਵਨ ਦੀ ਸੂਝ ਵਜੋਂ ਬੇ-ਸਮਝੀ ਦਾ ਘੁੱਪ ਹਨੇਰਾ ਮੁੱਕ ਜਾਂਦਾ ਹੈ।੨।