ਸੋਮਵਾਰ 27 ਮਈ 2019 (13 ਜੇਠ ਸੰਮਤ 551 ਨਾਨਕਸ਼ਾਹੀ)
ਸੋਰਠਿ ਮਹਲਾ ੫ ॥ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥ ਮਾਧੋ ਹਮ ਐਸੇ ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥ ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥ ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥ ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥ ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥ ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥{ਪੰਨਾ 613}
ਪਦਅਰਥ: ਮੈਲੇ = ਵਿਕਾਰਾਂ ਦੀ ਮੈਲ ਨਾਲ ਭਰੇ ਹੋਏ। ਊਜਲ = ਸਾਫ਼ = ਸੁਥਰੇ, ਪਵਿੱਤਰ। ਕਰਤੇ = ਕਰਨ ਵਾਲੇ। ਦਾਤਾ = ਗੁਣ ਦੇਣ ਵਾਲਾ। ਚਤੁਰ = ਸਿਆਣਾ। ਕਲਾ = ਹੁਨਰ। ਗਿਆਤਾ = ਜਾਣਨ ਵਾਲਾ।੧।ਮਾਧੋ = {माधव = ਮਾਇਆ ਦਾ ਪਤੀ} ਹੇ ਪ੍ਰਭੂ! ਪਾਪ ਖੰਡਨ = ਪਾਪਾਂ ਦੇ ਨਾਸ ਕਰਨ ਵਾਲੇ। ਨੀਕੋ = ਸੋਹਣਾ, ਚੰਗਾ। ਠਾਕੁਰ = ਹੇ ਪਾਲਣਹਾਰ ਪ੍ਰਭੂ!।ਰਹਾਉ।ਸਾਜਿ = ਪੈਦਾ ਕਰ ਕੇ। ਨਿਵਾਜੇ = ਆਦਰ = ਮਾਣ ਦਿੱਤਾ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਦੇਹੁ = ਤੂੰ ਦੇਂਦਾ ਹੈਂ। ਮਿਹਰਵਾਨਾ = ਹੇ ਮਿਹਰਵਾਨ!।੨।ਨ ਜਾਨਹ = ਅਸੀ ਨਹੀਂ ਜਾਣਦੇ, ਅਸੀ ਕਦਰ ਨਹੀਂ ਜਾਣਦੇ। ਬਿਧਾਤੇ = ਹੇ ਸਿਰਜਣਹਾਰ! ਬਾਲਾ = ਬੱਚੇ।੩।ਨਿਧਾਨ = ਖ਼ਜ਼ਾਨੇ। ਅਟਲ = ਸਦਾ ਕਾਇਮ ਰਹਿਣ ਵਾਲਾ। ਸੁਲਿਤਾਨ = ਬਾਦਸ਼ਾਹ। ਸਭਿ = ਸਾਰੇ। ਜਾਚੈ = ਜਾਚੈਂ, ਮੰਗਦੇ ਹਨ। ਇਹੈ– ਇਹ ਹੀ। ਹਵਾਲਾ = ਹਾਲ। ਕੈ ਪਾਛੈ = ਦੇ ਆਸਰੇ।੪।
ਅਰਥ: ਹੇ ਪ੍ਰਭੂ! ਅਸੀ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ। ਅਸੀ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ।ਰਹਾਉ।ਹੇ ਪ੍ਰਭੂ! ਅਸੀ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ। ਅਸੀ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ।੧।
ਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ। ਹੇ ਮੇਹਰਵਾਨ! ਅਸੀ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ।੨।ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ। ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ।੩।ਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ। ਹੇ ਨਾਨਕ! ਆਖ-(ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ।੪।੬।੧੭।