ਵੀਰਵਾਰ 23 ਮਈ 2019 (9 ਜੇਠ ਸੰਮਤ 551 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥ ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥ ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥੧॥ ਰਹਾਉ ॥ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ॥ ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ ॥੨॥੪॥੬੮॥ {ਪੰਨਾ 817-818}
ਪਦਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਆਰਾਧੀਐ = ਆਰਾਧਨਾ ਚਾਹੀਦਾ ਹੈ। ਮਿਲਿ = ਮਿਲ ਕੇ। ਸਾਧ ਸਮਾਗੈ = ਸਾਧ = ਸਮਾਗਮ ਵਿਚ, ਸਾਧ ਸੰਗਤਿ ਵਿਚ। ਉਚਰਤ = ਉਚਾਰਦਿਆਂ। ਜਸੁ = ਸਿਫ਼ਤਿ-ਸਾਲਾਹ। ਤੇ = ਤੋਂ।੧।ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੈ = (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ। ਤੰਤੁ ਮੰਤੁ = ਜਾਦੂ ਟੂਣਾ। ਜੋਹਈ = ਜੋਹੈ, ਤੱਕ ਸਕਦਾ, ਅਸਰ ਕਰ ਸਕਦਾ। ਤਿਤੁ = ਉਸ (ਮਨੁੱਖ) ਉੱਤੇ। ਚਾਖੁ = ਭੈੜੀ ਨਜ਼ਰ।੧।ਰਹਾਉ।ਮਦ ਮਾਨ = ਅਹੰਕਾਰ ਦੀ ਮਸਤੀ। ਮਦ = ਮਸਤੀ। ਅਨ ਰਾਗੈ = ਹੋਰ ਹੋਰ ਮੋਹ = ਪਿਆਰ। ਮਗਨ = ਮਸਤ। ਰਸਿ = ਰਸ ਵਿਚ, ਸੁਆਦ ਵਿਚ। ਰੰਗਿ = ਪ੍ਰੇਮ ਵਿਚ।੨।
ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਹਰ ਵੇਲੇ ਸਦਾ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ। ਕੋਈ ਜਾਦੂ ਟੁਣਾ ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ।੧।ਰਹਾਉ।ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨਾਲ ਹਿਰਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿਣਾ ਚਾਹੀਦਾ ਹੈ। ਜਗਤ ਦੇ ਰੱਖਿਅਕ ਪ੍ਰਭੂ ਦੇ ਗੁਣ ਅਤੇ ਜਸ ਉਚਾਰਦਿਆਂ ਜਮ (ਭੀ) ਦੂਰ ਤੋਂ ਹੀ ਭੱਜ ਜਾਂਦਾ ਹੈ।੧।
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ। (ਉਸ ਦੇ ਅੰਦਰੋਂ) ਕਾਮ, ਕ੍ਰੋਧ, ਅਹੰਕਾਰ ਦੀ ਮਸਤੀ, ਮੋਹ, ਹੋਰ ਹੋਰ ਪਦਾਰਥਾਂ ਦੇ ਚਸਕੇ ਸਭ ਨਾਸ ਹੋ ਜਾਂਦੇ ਹਨ।੨।੪।੬੮।