ਮੰਗਲਵਾਰ 21 ਮਈ 2019 (7 ਜੇਠ ਸੰਮਤ 551 ਨਾਨਕਸ਼ਾਹੀ)
ਸਲੋਕ ਮਃ ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਪੰਨਾ 790}
ਪਦਅਰਥ: ਜਾਰ = ਵਿਭਚਾਰੀ ਮਨੁੱਖ। ਰੰਡੀ = ਵਿਭਚਾਰਨ ਇਸਤ੍ਰੀ। ਕੁਟਣੀ = ਦੱਲੀ। ਦੀਬਾਣੁ = ਮਜਲਸ, ਬਹਿਣ ਖਲੋਣ ਦੀ ਸਾਂਝ। ਵੇਦੀਨ = ਅਧਰਮੀ। ਖਾਣੁ = ਖਾਣ ਪੀਣ ਦੀ ਸਾਂਝ। ਗਦਹੁ = ਖੋਤਾ। ਚੰਦਨਿ = ਚੰਦਨ ਨਾਲ। ਖਉਲੀਐ = ਮਲੀਏ। ਸਾਹੂ = ਸੁਆਹ। ਪਾਣੁ = ਪੈਣ ਦਾ ਸੁਭਾਉ, ਵਰਤੋਂ = ਵਿਹਾਰ। ਕੂੜੈ ਕਤਿਐ = ਕੂੜ = ਰੂਪ ਸੂਤ ਕੱਤਣ ਨਾਲ। ਤਾਣੁ = ਤਾਣਾ। ਕਛੀਐ = ਕੱਛੀਦਾ ਹੈ, ਮਿਣੀਦਾ ਹੈ।
ਅਰਥ: ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ) ।
ਹੇ ਨਾਨਕ! “ਕੂੜ” (ਦਾ ਸੂਤਰ) ਕੱਤਣ ਨਾਲ “ਕੂੜ” ਦਾ ਹੀ ਤਾਣਾ ਚਾਹੀਦਾ ਹੈ, “ਕੂੜ” ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ “ਕੂੜ”-ਰੂਪ ਪੁਸ਼ਾਕ ਦੇ ਕਾਰਨ “ਕੂੜ” ਹੀ ਵਡਿਆਈ ਮਿਲਦੀ ਹੈ (ਭਾਵ, “ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ”) ।੧।
ਮਃ ੧ ॥ ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥ {ਪੰਨਾ 790}
ਪਦਅਰਥ: ਬੁਰਗੂ = (ਫ਼ਾ: ਬੁਰਗ਼ੂ) ਤੂਤੀ। ਪਰਵਾਣੁ = ਕਬੂਲ, ਪਸੰਦ।
ਅਰਥ: (ਮੁੱਲਾਂ) ਬਾਂਗ ਦੇ ਕੇ, (ਫ਼ਕੀਰ) ਤੂਤੀ ਵਜਾ ਕੇ, (ਜੋਗੀ) ਸਿੰਙੀ ਵਜਾ ਕੇ, (ਮਿਰਾਸੀ) ਕਲਾਣ ਕਰ ਕੇ (ਲੋਕਾਂ ਦੇ ਦਰ ਤੋਂ ਮੰਗਦੇ ਹਨ) ; (ਸੰਸਾਰ ਵਿਚ ਇਸ ਤਰ੍ਹਾਂ ਦੇ) ਕਈ ਮੰਗਤੇ ਤੇ ਕਈ ਦਾਤੇ ਹਨ, ਪਰ ਮੈਨੂੰ ਤੇਰਾ ਨਾਮ ਹੀ ਚਾਹੀਦਾ ਹੈ।
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ ਸੁਣ ਕੇ ਉਸ ਵਿਚ ਮਨ ਨੂੰ ਜੋੜ ਲਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।੨।
ਪਉੜੀ ॥ ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥ {ਪੰਨਾ 790}
ਪਦਅਰਥ: ਕੂੜੁ = ਛਲ, ਭਰਮ। ਕੂੜੋ = ਕੂੜ ਹੀ, ਛਲ ਹੀ। ਪਾਇਓਨੁ = ਪਾਇਆ ਉਸ (ਪ੍ਰਭੂ) ਨੇ। ਚੁਕਾਇਓਨੁ = ਮੁਕਾਇਆ ਉਸ (ਪ੍ਰਭੂ) ਨੇ। ਸਭੁ = ਹਰ ਥਾਂ। ਭਉਜਲੁ = ਸੰਸਾਰ = ਸਮੁੰਦਰ। ਨਾਮਿ = ਨਾਮ ਵਿਚ।
ਅਰਥ: ਮਾਇਆ ਦਾ ਮੋਹ ਨਿਰੋਲ ਇਕ ਛਲ ਹੈ, (ਆਖ਼ਰ) ਛਲ ਹੀ (ਸਾਬਤ) ਹੁੰਦਾ ਹੈ, ਪਰ ਪ੍ਰਭੂ ਨੇ (ਮਾਇਆ ਦੇ ਮੋਹ ਵਿਚ ਜੀਵ ਫਸਾ ਕੇ) ‘ਹਉਮੈ’ ਦਾ ਗੇੜ ਪੈਦਾ ਕਰ ਦਿੱਤਾ ਹੈ ਇਸ ਗੇੜ ਵਿਚ (ਪੈ ਕੇ) ਜਗਤ ਦੁਖੀ ਹੋ ਰਿਹਾ ਹੈ।
ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ, ਉਸ ਨੂੰ ਇਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ; ਗੁਰਮੁਖ ਹਰ ਥਾਂ ਪਰਮਾਤਮਾ ਨੂੰ ਹੀ ਪਛਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ; ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੁੰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ।੪।