Today’s Hukamnama from State Gurdwara Sahib Kapurthala

60

ਸ਼ੁੱਕਰਵਾਰ 19 ਅਪ੍ਰੈਲ 2019 (6 ਵੈਸਾਖ ਸੰਮਤ 551 ਨਾਨਕਸ਼ਾਹੀ)

ਸਲੋਕ ਮਃ ੩ ॥ ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥ ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥ ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥ ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥ ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥ {ਪੰਨਾ 850}

ਪਦਅਰਥ: ਬਿੰਦਹਿ = ਪਛਾਣਦੇ ਹਨ, ਡੂੰਘੀ ਸਾਂਝ ਪਾਂਦੇ ਹਨ। ਬ੍ਰਹਮੁ = ਪਰਮਾਤਮਾ। ਭਾਇ = ਪਿਆਰ ਵਿਚ। ਚਲਹਿ = (ਜੀਵਨ = ਸਫ਼ਰ ਵਿਚ) ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ। ਕੈ ਹਿਰਦੈ = ਦੇ ਹਿਰਦੇ ਵਿਚ। ਗਵਾਇ = ਦੂਰ ਕਰ ਕੇ। ਰਵਹਿ = ਚੇਤੇ ਕਰਦੇ ਹਨ। ਸੰਗ੍ਰਹਹਿ = ਇਕੱਠੇ ਕਰਦੇ ਹਨ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ ਮਿਲਾਇ = (ਆਪਣੀ) ਸੁਰਤਿ ਜੋੜ ਕੇ। ਜੁਗ ਮਹਿ = ਮਨੁੱਖਾ ਜੀਵਨ ਵਿਚ। ਲਾਇ = ਲਾ ਕੇ। ਨਦਰਿ = ਮਿਹਰ ਦੀ ਨਿਗਾਹ। ਸਚਾ = ਸਦਾ ਕਾਇਮ ਰਹਿਣ ਵਾਲਾ। ਨਾਮਿ = ਨਾਮ ਵਿਚ। ਲਿਵ = ਸੁਰਤਿ।੧।

ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਸਤਿਗੁਰੂ ਦੀ ਰਜ਼ਾ ਵਿਚ ਜੀਵਨ ਬਤੀਤ ਕਰਦੇ ਹਨ (ਆਪਣੇ ਅੰਦਰੋਂ) ਹਉਮੈ (ਦਾ) ਰੋਗ ਦੂਰ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਵੱਸਦਾ ਹੈ ਉਹ ਮਨੁੱਖ ਹਨ (ਅਸਲ) ਬ੍ਰਾਹਮਣ। (ਉਹ ਬ੍ਰਾਹਮਣ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤਿ-ਜੋੜ ਕੇ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਤੇ ਪਰਮਾਤਮਾ ਦੇ ਗੁਣ (ਆਪਣੇ ਅੰਦਰੋਂ) ਇਕੱਠੇ ਕਰਦੇ ਰਹਿੰਦੇ ਹਨ। ਪਰ ਹੇ ਭਾਈ! ਇਸ ਮਨੁੱਖਾ ਜੀਵਨ ਵਿਚ (ਇਹੋ ਜਿਹੇ) ਬ੍ਰਾਹਮਣ ਵਿਰਲੇ ਹੀ ਹੁੰਦੇ ਹਨ ਜੋ ਮਨ ਲਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ।

ਹੇ ਨਾਨਕ! ਜਿਨ੍ਹਾਂ (ਇਹੋ ਜਿਹੇ ਬ੍ਰਾਹਮਣਾਂ) ਉਤੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ।੧।

ਮਃ ੩ ॥ ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥ ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥ ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥ ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥ ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥ {ਪੰਨਾ 850}

ਪਦਅਰਥ: ਸੇਵ = ਸੇਵਾ, ਕਾਰ। ਸਬਦਿ = ਗੁਰੂ ਦੇ ਸ਼ਬਦ ਵਿਚ। ਭਾਉ = ਪਿਆਰ। ਦੀਰਘੁ = ਲੰਮਾ। ਬਹੁ ਸੁਆਉ = ਬਹੁਤੇ ਸੁਆਦਾਂ ਵਲ ਪ੍ਰੇਰਨ ਵਾਲਾ। ਹਠਿ = ਹਠ ਦੀ ਰਾਹੀਂ। ਪਾਇ = ਪੈਂਦਾ ਹੈ। ਸਫਲੁ = ਕਾਮਯਾਬ। ਆਪੇ = (ਪ੍ਰਭੂ) ਆਪ ਹੀ। ਨਦਰੀ = ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ। ਪਲੈ ਪਾਇ = ਹਾਸਲ ਕਰ ਲੈਂਦਾ ਹੈ।੨।

ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ-ਕਮਾਈ ਨਾਹ ਕੀਤੀ, ਜਿਸ ਦਾ ਪਿਆਰ (ਗੁਰੂ ਦੇ) ਸ਼ਬਦ ਵਿਚ ਨਾਹ ਬਣਿਆ (ਆਪਣੇ ਹੀ ਮਨ ਦਾ ਮੁਰੀਦ ਰਹਿ ਕੇ ਉਸ ਨੇ) ਅਨੇਕਾਂ ਚਸਕਿਆਂ ਵਲ ਪ੍ਰੇਰਨ ਵਾਲਾ ਬਹੁਤ ਲੰਮਾ ਹਉਮੈ ਦਾ ਰੋਗ ਹੀ ਖੱਟਿਆ; ਆਪਣੇ ਮਨ ਦੇ ਹਠ ਦੇ ਆਸਰੇ (ਹੋਰ ਹੋਰ) ਕਰਮ ਕਰਦੇ ਰਹਿਣ ਕਰਕੇ ਉਹ ਮਨੁੱਖ ਮੁੜ ਮੁੜ ਜੂਨਾਂ (ਦੇ ਗੇੜ) ਵਿਚ ਪੈਂਦਾ ਹੈ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ (ਪਰ ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਜਿਸ ਨੂੰ (ਪਰਮਾਤਮਾ) ਆਪ ਹੀ (ਗੁਰੂ ਦੇ ਚਰਨਾਂ ਵਿਚ) ਜੋੜਦਾ ਹੈ। ਹੇ ਨਾਨਕ! ਜਦੋਂ ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ (ਕਿਸੇ ਮਨੁੱਖ ਉਤੇ ਮਿਹਰ ਦੀ) ਨਿਗਾਹ ਕਰਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ-ਧਨ ਪ੍ਰਾਪਤ ਕਰ ਲੈਂਦਾ ਹੈ।੨।

ਪਉੜੀ ॥ ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥ ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥ ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥ ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥ ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥ {ਪੰਨਾ 850}

ਪਦਅਰਥ: ਸਭ ਵਡਿਆਈਆ = ਸਾਰੇ ਗੁਣ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ। ਧਿਆਈਐ = ਸਿਮਰਿਆ ਜਾ ਸਕਦਾ ਹੈ। ਜਿ ਵਸਤੁ = ਜਿਹੜੀ ਚੀਜ਼। ਨਾਮਿ = ਨਾਮ ਵਿਚ। ਗੁਹਜ ਗਲ = ਲੁਕਵੀਂ ਗੱਲ, ਅੰਦਰਲੀ ਗੱਲ, ਦਿਲ ਦੀ ਘੁੰਡੀ। ਜੀਅ ਕੀ = ਦਿਲ ਦੀ। ਕੀਚੈ = ਕੀਤੀ ਜਾਏ। ਸਰਬ ਸੁਖੁ = ਹਰੇਕ ਕਿਸਮ ਦਾ ਸੁਖ। ਦੇਇ = ਦੇਂਦਾ ਹੈ। ਭੁਖ = ਤ੍ਰਿਸ਼ਨਾ। ਪੂਰਬਿ = ਪਹਿਲਾਂ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ= (ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ) ਲਿਖਿਆ ਹੋਇਆ ਲੇਖ।੩।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਿਚ ਸਾਰੇ ਗੁਣ ਹਨ (ਜੇ ਮਨੁੱਖ ਨਾਮ ਸਿਮਰੇ ਤਾਂ ਉਸ ਦੇ ਅੰਦਰ ਸਾਰੇ ਆਤਮਕ ਗੁਣ ਪੈਦਾ ਹੋ ਜਾਂਦੇ ਹਨ, ਪਰ) ਪਰਮਾਤਮਾ (ਦਾ ਨਾਮ) ਗੁਰੂ ਦੀ ਸਰਨ ਪਿਆਂ ਹੀ ਸਿਮਰਿਆ ਜਾ ਸਕਦਾ ਹੈ। ਹੇ ਭਾਈ! ਜੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜੀ ਰੱਖੀਏ ਤਾਂ (ਉਸ ਦੇ ਦਰ ਤੋਂ) ਜਿਹੜੀ ਭੀ ਚੀਜ਼ ਮੰਗੀ ਜਾਂਦੀ ਹੈ ਉਹੀ ਮਿਲ ਜਾਂਦੀ ਹੈ। ਹੇ ਭਾਈ! ਜਦੋਂ ਦਿਲ ਦੀ ਘੁੰਡੀ ਸਤਿਗੁਰੂ ਦੇ ਅੱਗੇ ਖੋਹਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ। ਪੂਰਾ ਸਤਿਗੁਰੂ ਪਰਮਾਤਮਾ (ਦੇ ਸਿਮਰਨ) ਦਾ ਉਪਦੇਸ਼ ਦੇਂਦਾ ਹੈ (ਅਤੇ ਸਿਮਰਨ ਦੀ ਬਰਕਤ ਨਾਲ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਪਰ ਹੇ ਭਾਈ! ਜਿਸ ਮਨੁੱਖ ਦੇ ਅੰਦਰ ਮੁੱਢ ਤੋਂ {ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ} ਲੇਖ ਲਿਖਿਆ ਹੁੰਦਾ ਹੈ ਉਹ ਹੀ ਪਰਮਾਤਮਾ ਦੇ ਗੁਣ ਗਾਂਦਾ ਹੈ (ਬਾਕੀ ਸਾਰੀ ਲੁਕਾਈ ਤਾਂ ਮਾਇਆ ਦੇ ਢਹੇ ਚੜ੍ਹੀ ਰਹਿੰਦੀ ਹੈ) ।੩।