Today’s Hukamnama from Gurdwara Damdama Sahib Thatta

63

ਮੰਗਲਵਾਰ 5 ਮਾਰਚ 2019 (21 ਫੱਗਣ ਸੰਮਤ 550 ਨਾਨਕਸ਼ਾਹੀ)

ਸੋਰਠਿ    ੴ ਸਤਿਗੁਰ ਪ੍ਰਸਾਦਿ ॥ ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥ {ਪੰਨਾ 656}

ਪਦਅਰਥ: ਬਹੁ ਪਰਪੰਚ = ਕਈ ਠੱਗੀਆਂ। ਕਰਿ = ਕਰ ਕੇ। ਪਰ = ਪਰਾਇਆ। ਸੁਤ = ਪੁੱਤਰ। ਦਾਰ = ਵਹੁਟੀ। ਪਹਿ = ਕੋਲ। ਆਨਿ = ਲਿਆ ਕੇ। ਲੁਟਾਵੈ = ਹਵਾਲੇ ਕਰ ਦੇਂਦਾ ਹੈਂ।੧।

ਕਪਟੁ = ਧੋਖਾ, ਠੱਗੀ। ਅੰਤਿ = ਆਖ਼ਰ ਨੂੰ। ਨਿਬੇਰਾ = ਫ਼ੈਸਲਾ, ਲੇਖਾ, ਹਿਸਾਬ। ਤੇਰੇ ਜੀਅ ਪਹਿ = ਤੇਰੀ ਜਿੰਦ ਪਾਸੋਂ।੧।ਰਹਾਉ।

ਛਿਨੁ ਛਿਨੁ = ਪਲ ਪਲ ਵਿਚ। ਛੀਜੈ = ਕਮਜ਼ੋਰ ਹੋ ਰਿਹਾ ਹੈ। ਜਰਾ = ਬੁਢੇਪਾ। ਜਣਾਵੈ = ਆਪਣਾ ਆਪ ਵਿਖਾ ਰਿਹਾ ਹੈ। ਓਕ = ਬੁੱਕ। ਪਾਨੀਓ = ਪਾਣੀ ਭੀ।੨।

ਹਿਰਦੈ = ਹਿਰਦੇ ਵਿਚ। ਕੀ ਨ = ਕਿਉਂ ਨਹੀਂ? ਸਵੇਰਾ = ਵੇਲੇ ਸਿਰ।੩।

ਅਰਥ: ਹੇ ਮੇਰੇ ਭੁੱਲੇ ਹੋਏ ਮਨ! ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।੧।ਰਹਾਉ।

ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ।੧।

(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ (ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ।੨।

(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ। (ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ?।੩।੯।

ਸ਼ਬਦ ਦਾ ਭਾਵ: ਵਿਹਾਰ-ਕਾਰ ਵਿਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਜਿਨ੍ਹਾਂ ਪੁੱਤਰ, ਇਸਤ੍ਰੀ ਆਦਿਕ ਲਈ ਮਨੁੱਖ ਠੱਗੀ-ਚੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਭਾਉਣਾ ਤਾਂ ਕਿਤੇ ਰਿਹਾ, ਬੁਢੇਪਾ ਆਇਆਂ ਹੀ ਉਹ ਖ਼ੁਸ਼ ਹੋ ਕੇ ਪਾਣੀ ਦਾ ਘੁੱਟ ਭੀ ਨਹੀਂ ਦੇਂਦੇ।੯।

ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ {ਪੰਨਾ 656}

ਪਦਅਰਥ: ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ {ਨੋਟ:ਕਈ ਸੱਜਣਾਂ ਨੇ ਇਸ ਦਾ ਅਰਥ ਕੀਤਾ ਹੈ = “ਜੋਗ ਦੀ ਪ੍ਰਾਪਤੀ ਹੋ ਗਈ ਹੈ”। ਪਰ ਲਫ਼ਜ਼ ‘ਜੋਗੁ’ ਦੇ ਅੰਤ ਵਿਚ (ੁ) ਹੈ, ਇਸ ਦਾ ਅਰਥ “ਜੋਗ ਦੀ” ਨਹੀਂ ਹੋ ਸਕਦਾ। ਜਿਵੇਂ ‘ਗੁਰ ਪਰਸਾਦੁ ਕਰੈ’, ਇੱਥੇ ਲਫ਼ਜ਼ ‘ਗੁਰੁ’ ਦਾ ਅਰਥ ‘ਗੁਰ ਦਾ’ ਨਹੀਂ ਹੋ ਸਕਦਾ; ਹਾਂ, ‘ਗੁਰ ਪ੍ਰਸਾਦਿ’ ਵਿਚ ਲਫ਼ਜ਼ ‘ਗੁਰ’ ਦਾ ਅਰਥ ‘ਗੁਰ ਦੀ’ ਹੋਵੇਗਾ}। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ {ਨੋਟ:ਆਪਣੇ ਕਿਸੇ ਬਣਾਏ ਹੋਏ ਖ਼ਿਆਲ ਅਨੁਸਾਰ ਕਬੀਰ ਜੀ ਦੀ ਬਾਣੀ ਵਿਚ ਵਰਤੇ ਹੋਏ ਲਫ਼ਜ਼ ‘ਜੋਗ’ ਨੂੰ ਹਰ ਥਾਂ ‘ਜੋਗ = ਸਾਧਨ’ ਵਿਚ ਵਰਤਿਆ ਸਮਝ ਲੈਣਾ ਠੀਕ ਨਹੀਂ ਹੈ। ਸ਼ਬਦ ਵਿਚ ਜੋ ਲਫ਼ਜ਼ ਜਿਸ ਸ਼ਕਲ ਵਿਚ ਵਰਤੇ ਹੋਏ ਹਨ, ਉਹਨਾਂ ਨੂੰ ਨਿਰਪੱਖ ਹੋ ਕੇ ਸਮਝਣ ਦਾ ਜਤਨ ਕਰੀਏ। ਭਗਤ ਕਬੀਰ ਜੀ ਆਦਿਕ ਨਿਰੇ ਬੰਦਗੀ ਵਾਲੇ ਮਹਾਂਪੁਰਖ ਨਹੀਂ ਸਨ, ਉਹ ਉੱਚੇ ਦਰਜੇ ਦੇ ਕਵੀ ਭੀ ਸਨ। ਇਹਨਾਂ ਦੀ ‘ਰੱਬੀ ਕਵਿਤਾ’ ਸਹੀ ਤਰੀਕੇ ਨਾਲ ਸਮਝਣ ਲਈ ਇਹਨਾਂ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਵੇਖ ਕੇ ਸਮਝਣ ਦੀ ਲੋੜ ਹੈ}।ਰਹਾਉ।

ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ। ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ = ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ। ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ। ਅਨਹਦ = ਇੱਕ = ਰਸ। ਬਾਜੀਅਲੇ = ਵੱਜਣ ਲੱਗ ਪਏ ਹਨ। {ਨੋਟ: ਗੁਰੂ ਦੇ ਹਿਦਾਇਤ ਕਰਨ ਤੋਂ ਪਹਿਲਾਂ, ਇੱਕ ਤਾਂ ਗਿਆਨ = ਇੰਦ੍ਰੇ ਖੁਲ੍ਹੇ ਰਹਿੰਦੇ ਸਨ ਤੇ ਕਾਮਾਦਿਕ ਇਹਨਾਂ ਦੀ ਰਾਹੀਂ ਅੰਦਰ ਲੰਘ ਆਉਂਦੇ ਸਨ; ਦੂਜੇ ਅੰਦਰ ਮਨ ਵੀ ਬਾਹਰਲੀਆਂ ਉਕਸਾਹਟਾਂ ਲਈ ਤਿਆਰ ਰਹਿੰਦਾ ਸੀ। ਹੁਣ, ਗੁਰੂ ਦੀ ਸਹਾਇਤਾ ਨਾਲ ਗਿਆਨ = ਇੰਦ੍ਰੇ ਪਰਾਇਆ ਰੂਪ ਨਿੰਦਿਆ ਆਦਿਕ ਨੂੰ ਸ੍ਵੀਕਾਰ ਕਰਨ ਵਲੋਂ ਰੋਕ ਲਏ ਗਏ ਹਨ; ਦੂਜੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ ਵਾਜੇ ਇਤਨੇ ਜ਼ੋਰ ਨਾਲ ਵੱਜ ਰਹੇ ਹਨ ਕਿ ਅੰਦਰ ਬੈਠੇ ਮਨ ਨੂੰ ਬਾਹਰੋਂ ਕਾਮਾਦਿਕਾਂ ਦਾ ਖੜਾਕ ਸੁਣਾਈ ਹੀ ਨਹੀਂ ਦੇਂਦਾ}।੧।

ਕੁੰਭ = ਹਿਰਦਾ = ਰੂਪ ਘੜਾ। ਜਲਿ = ਵਿਕਾਰ = ਰੂਪ ਪਾਣੀ ਨਾਲ। ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ। ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ। ਮਾਨਿਆ = ਪਤੀਜ ਗਿਆ ਹੈ।੨।

ਅਰਥ: ਹੇ ਸੰਤ ਜਨੋ! ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਰਹਾਉ।

(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ।੧।

(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਹੇ ਦਾਸ ਕਬੀਰ! ਹੁਣ) ਆਖ-ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ।੨।੧੦।

ਸ਼ਬਦ ਦਾ ਭਾਵ: ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ।੧੦।