ਬੁੱਧਵਾਰ 28 ਨਵੰਬਰ 2018 (13 ਮੱਘਰ ਸੰਮਤ 550 ਨਾਨਕਸ਼ਾਹੀ)
ਗੋਂਡ ॥ ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥ ਆਵਤ ਪਹੀਆ ਖੂਧੇ ਜਾਹਿ ॥ ਵਾ ਕੈ ਅੰਤਰਿ ਨਹੀ ਸੰਤੋਖੁ ॥ ਬਿਨੁ ਸੋਹਾਗਨਿ ਲਾਗੈ ਦੋਖੁ ॥੧॥ ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥ ਸੋਹਾਗਨਿ ਕਿਰਪਨ ਕੀ ਪੂਤੀ ॥ ਸੇਵਕ ਤਜਿ ਜਗਤ ਸਿਉ ਸੂਤੀ ॥ ਸਾਧੂ ਕੈ ਠਾਢੀ ਦਰਬਾਰਿ ॥ ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥ ਸੋਹਾਗਨਿ ਹੈ ਅਤਿ ਸੁੰਦਰੀ ॥ ਪਗ ਨੇਵਰ ਛਨਕ ਛਨਹਰੀ ॥ ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥ ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥ ਸੋਹਾਗਨਿ ਭਵਨ ਤ੍ਰੈ ਲੀਆ ॥ ਦਸ ਅਠ ਪੁਰਾਣ ਤੀਰਥ ਰਸ ਕੀਆ ॥ ਬ੍ਰਹਮਾ ਬਿਸਨੁ ਮਹੇਸਰ ਬੇਧੇ ॥ ਬਡੇ ਭੂਪਤਿ ਰਾਜੇ ਹੈ ਛੇਧੇ ॥੪॥ ਸੋਹਾਗਨਿ ਉਰਵਾਰਿ ਨ ਪਾਰਿ ॥ ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥ ਪਾਂਚ ਨਾਰਦ ਕੇ ਮਿਟਵੇ ਫੂਟੇ ॥ ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥ {ਅੰਗ 872}
ਪਦਅਰਥ: ਗ੍ਰਿਹਿ = ਘਰ ਵਿਚ। ਜਾ ਕੈ ਗ੍ਰਿਹਿ = ਜਿਸ ਦੇ ਘਰ ਵਿਚ। ਸੋਭਾ = ਮਾਇਆ। ਰੇ = ਹੇ ਭਾਈ! ਪਹੀਆ = ਰਾਹੀ, ਪਾਂਧੀ, ਅੱਭਿਆਗਤ। ਖੂਧੇ = ਭੁੱਖੇ। ਵਾ ਕੈ ਅੰਤਰਿ = ਉਸ ਗ੍ਰਿਹਸਤੀ ਦੇ ਮਨ ਵਿਚ ਭੀ। ਸੰਤੋਖੁ = ਖ਼ੁਸ਼ੀ, ਧਰਵਾਸ। ਸੋਹਾਗਨਿ = ਇਹ ਸਦਾ ਖਸਮ = ਵਤੀ ਰਹਿਣ ਵਾਲੀ ਮਾਇਆ। ਦੋਖੁ = ਦੋਸ਼, ਐਬ।੧।
ਧਨੁ = ਮੁਬਾਰਿਕ। ਪਵੀਤ = ਪਵਿੱਤਰ।੧।ਰਹਾਉ।
ਕਿਰਪਨ = ਕੰਜੂਸ। ਪੂਤੀ = ਪੁੱਤਰੀ। ਸੇਵਕ ਤਜਿ = ਪ੍ਰਭੂ ਦੇ ਭਗਤਾਂ ਨੂੰ ਛੱਡ ਕੇ।
ਠਾਢੀ = ਖਲੋਤੀ। ਦਰਬਾਰਿ = ਦਰ ਤੇ।੨।
ਪਗ = ਪੈਰਾਂ ਵਿਚ। ਨੇਵਰ = ਝਾਂਜਰਾਂ। ਬੇਗਿ = ਛੇਤੀ।੩।
ਲੀਆ = ਵੱਸ ਕੀਤੇ ਹੋਏ ਹਨ। ਦਸ ਅਠ = ਅਠਾਰਾਂ। ਰਸ = ਪਿਆਰ। ਬੇਧੇ = ਵਿੱਝੇ ਹੋਏ। ਭੂਪਤਿ = ਰਾਜੇ {ਭੂ = ਧਰਤੀ। ਪਤਿ = ਮਾਲਕ}। ਛੇਧੇ = ਵਿੰਨ੍ਹੇ ਹੋਏ।੪।
ਉਰਵਾਰਿ = ਉਰਲਾ ਬੰਨਾ। ਪਾਂਚ ਕੈ ਸੰਗਿ = ਪੰਜਾਂ ਦੇ ਨਾਲ। ਨਾਰਦ = {ਬ੍ਰਹਮਾ ਦੇ ਮਨ ਤੋਂ ਜੰਮੇ ਦਸ ਪੁੱਤਰਾਂ ਵਿਚੋਂ ਇਕ ਦਾ ਨਾਮ ਨਾਰਦ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪੁਆਉਣ ਦਾ ਇਸਨੂੰ ਸ਼ੌਕ ਸੀ} ਗਿਆਨ = ਇੰਦ੍ਰੇ ਜੋ ਮਾਇਆ ਦੇ ਪ੍ਰਭਾਵ ਵਿਚ ਆ ਕੇ ਮਨੁੱਖ ਦੇ ਆਤਮਕ ਜੀਵਨ ਵਿਚ ਗੜਬੜ ਪਾਂਦੇ ਹਨ। ਬਿਧ ਵਾਰਿ = {विध = penatration, ਵਿੰਨ੍ਹਣਾ} ਬਿਧ ਵਾਰੀ, ਵਿੰਨ੍ਹਣ ਵਾਲੀ, ਮਿਲੀ ਹੋਈ। ਮਿਟਵੇ = ਮਿੱਟੀ ਦੇ ਭਾਂਡੇ। ਫੂਟੇ = ਟੁੱਟ ਗਏ।੫।
ਅਰਥ: ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ, (ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ, ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ, ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ। ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ।੧।
ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ) ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ) ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ।੨।
ਮਾਇਆ ਬੜੀ ਸੁਹਣੀ ਹੈ। ਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ। (ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ ਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ।੩।
ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ, ਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ, ਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ, ਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ।੪।
ਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ; ਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ। ਪਰ, ਹੇ ਕਬੀਰ! ਤੂੰ ਆਖ-ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ, ਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ) ।੫।੫।੮।