Today’s Hukamnama from Gurdwara Damdama Sahib Thatta

67

ਐਤਵਾਰ 25 ਨਵੰਬਰ 2018 (10 ਮੱਘਰ ਸੰਮਤ 550 ਨਾਨਕਸ਼ਾਹੀ)

ਜੈਤਸਰੀ ਮਹਲਾ ੫ ਘਰੁ ੨ ਛੰਤ    ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥ {ਅੰਗ 704}

ਪਦਅਰਥ: ਅਗਮ = ਅਪਹੁੰਚ। ਕਥਨੁ ਨ ਜਾਇ = ਬਿਆਨ ਨਹੀਂ ਹੋ ਸਕਦਾ। ਅਕਥੁ = ਬਿਆਨ ਤੋਂ ਪਰੇ। ਪ੍ਰਭ = ਹੇ ਪ੍ਰਭੂ! ਰਾਖਨ ਕਉ = ਰੱਖਿਆ ਕਰਨ ਲਈ। ਸਮਰਥੁ = ਤਾਕਤ ਵਾਲਾ।੧।

ਪ੍ਰਭ = ਹੇ ਪ੍ਰਭੂ! ਗਨਉ = ਮੈਂ ਗਿਣਾਂ, ਗਨਉਂ। ਅਸੰਖ = ਗਿਣਤੀ ਤੋਂ ਪਰੇ, ਅਣਗਿਣਤ। ਖਤੇ = ਪਾਪ। ਫੇਰੇ = ਗੇੜੇ। ਨਿਤ ਪ੍ਰਤਿ = ਸਦਾ ਹੀ। ਸਦ = ਸਦਾ। ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ। ਲੂਕ ਕਰਤ = ਲੁਕਾਉ ਕਰਦਿਆਂ। ਬਿਖੜੇ = ਔਖੇ। ਨੇਰ ਹੂ ਤੇ ਨੇਰਿਆ = ਨੇੜੇ ਤੋਂ ਨੇੜੇ। ਭਵਜਲ = ਸੰਸਾਰ = ਸਮੁੰਦਰ। ਫੇਰਿਆ = ਗੇੜਾਂ ਵਿਚੋਂ।੧।

ਅਰਥ: ਸਲੋਕੁ। ਹੇ ਨਾਨਕ! ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ।੧।

ਛੰਤੁ। ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ।੧।