ਸਨਿੱਚਰਵਾਰ 17 ਨਵੰਬਰ 2018 (2 ਮੱਘਰ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ੴ ਸਤਿਗੁਰ ਪ੍ਰਸਾਦਿ ॥ ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥੧॥ {ਅੰਗ 838-839}
ਪਦਅਰਥ: ਥਿਤੀ = ਥਿਤਾਂ (ਬਹੁ-ਵਚਨ ‘ਥਿਤਿ‘ ਤੋਂ) । ਥਿਤਿ = {थिति = A Lunar day} ਚੰਦ ਦੇ ਘਟਣ ਵਧਣ ਦੇ ਹਿਸਾਬ ਦਿਹਾੜੇ {ਨੋਟ: ਪੂਰਨਮਾਸ਼ੀ ਨੂੰ ਚੰਦ ਵਾਲਾ ਮਹੀਨਾ ਪੂਰਾ ਹੋ ਜਾਂਦਾ ਹੈ। ਅਗਾਂਹ ਨਵਾਂ ਮਹੀਨਾ ਚੜ੍ਹਦਾ ਹੈ– ਵਦੀ ਏਕਮ ਦੂਜ ਤੀਜ ਆਦਿਕ}। ਜਤਿ = ਜੋੜੀ ਵਜਾਣ ਦੀ ਇਕ ਗਤ।
ਏਕਮ = ਚੰਦ ਦੇ ਮਹੀਨੇ ਦੀ ਪਹਿਲੀ ਤਾਰੀਖ਼। ਨਿਰਾਲਾ = {निर्+आलय} ਜਿਸ ਦਾ ਕੋਈ ਖ਼ਾਸ ਘਰ ਨਹੀਂ। ਜਾਲਾ = ਜਾਲ, ਬੰਧਨ। ਅਗਮ = ਅਪਹੁੰਚ। ਅਗੋਚਰੁ = {ਅ = ਗੋ = ਚਰੁ। ਗੋ = ਗਿਆਨ = ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ। ਰੂਪੁ = ਸ਼ਕਲ। ਰੇਖਿਆ = ਨਿਸ਼ਾਨ। ਘਟਿ ਘਟਿ = ਹਰੇਕ ਸਰੀਰ ਵਿਚ। ਜੋ = ਜੇਹੜਾ (ਗੁਰੂ) । ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈ = ਮੈਂ ਪ੍ਰਾਪਤ ਕਰ ਸਕਦਾ ਹਾਂ। ਪਰਸਾਦਿ = ਕਿਰਪਾ ਨਾਲ। ਤਿਸ ਕਉ = {ਸੰਬੰਧਕ ‘ਕਉ‘ ਦੇ ਕਾਰਨ ਲਫ਼ਜ਼ ‘ਤਿਸੁ‘ ਦਾ ੁ ਉੱਡ ਗਿਆ ਹੈ}।੧।
ਅਰਥ: ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ) । ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ। ਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ। ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ।
ਮੈਂ ਉਸ (ਗੁਰੂ) ਤੋਂ ਸਦਕੇ ਜਾਂਦਾ ਹਾਂ ਜਿਹੜਾ (ਹਰੇਕ ਸਰੀਰ ਵਿਚ ਪ੍ਰਭੂ ਨੂੰ) ਵੇਖ ਕੇ (ਹੋਰਨਾਂ ਨੂੰ ਭੀ) ਵਿਖਾ ਦੇਂਦਾ ਹੈ। ਗੁਰੂ ਦੀ ਕਿਰਪਾ ਨਾਲ (ਹੀ ਉਸ ਦਾ ਹਰੇਕ ਸਰੀਰ ਵਿਚ ਦਰਸਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ।੧।