ਸੋਮਵਾਰ 12 ਨਵੰਬਰ 2018 (27 ਕੱਤਕ ਸੰਮਤ 550 ਨਾਨਕਸ਼ਾਹੀ)
ਰਾਗੁ ਗੂਜਰੀ ਵਾਰ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੫ ॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ {ਅੰਗ 517}
ਪਦਅਰਥ: ਅੰਤਰਿ = ਮਨ ਵਿਚ। ਆਰਾਧਣਾ = ਯਾਦ ਕਰਨਾ। ਗੁਰ ਨਾਉ = ਗੁਰੂ ਦਾ ਨਾਮ। ਸ੍ਰਵਣੀ = ਕੰਨਾਂ ਨਾਲ। ਸੇਤੀ = ਨਾਲ। ਰਤਿਆ = ਰੰਗੀਜ ਕੇ, ਪਿਆਰ ਕੀਤਿਆਂ। ਵਥੁ = ਚੀਜ਼। ਕਾਢੀਅਹਿ = ਅਖਵਾਂਦੇ ਹਨ।
ਅਰਥ: ਜੇ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ। ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ, ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ-ਇਹ ਦਾਤਿ, ਆਖ, ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ, ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ।੧।
ਮਃ ੫ ॥ ਰਖੇ ਰਖਣਹਾਰਿ ਆਪਿ ਉਬਾਰਿਅਨੁ ॥ ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥ {ਪੰਨਾ 517}
ਪਦਅਰਥ: ਰਖਣਹਾਰਿ = ਰੱਖਣਹਾਰ ਨੇ, ਰੱਖਿਆ ਕਰਨ ਵਾਲੇ (ਪ੍ਰਭੂ) ਨੇ। ਉਬਾਰਿਅਨੁ = ਬਚਾ ਲਏ ਉਸ (ਪ੍ਰਭੂ) ਨੇ। ਸਵਾਰਿਅਨੁ = ਸਵਾਰ ਦਿੱਤੇ ਉਸ ਨੇ। ਮਨਹੁ = ਮਨ ਤੋਂ। ਵਿਸਾਰਿਅਨੁ = ਵਿਸਾਰ ਦਿੱਤੇ ਉਸ ਨੇ। ਭਵਜਲੁ = ਸੰਸਾਰ = ਸਮੁੰਦਰ। ਤਾਰਿਅਨੁ = ਤਾਰੇ ਉਸ ਨੇ। ਸਾਕਤੁ = ਟੁਟੇ ਹੋਏ, ਵਿਛੁੜੇ ਹੋਏ। ਬਿਦਾਰਿਅਨੁ = ਨਾਸ ਕਰ ਦਿੱਤੇ ਉਸ ਨੇ।
ਅਰਥ: ਰੱਖਿਆ ਕਰਨ ਵਾਲੇ ਪਰਮਾਤਮਾ ਨੇ ਜਿਨ੍ਹਾਂ ਬੰਦਿਆਂ ਦੀ ਮਦਦ ਕੀਤੀ, ਉਹਨਾਂ ਨੂੰ ਉਸ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ, ਉਹਨਾਂ ਨੂੰ ਗੁਰੂ ਦੀ ਪੈਰੀਂ ਪਾ ਕੇ ਉਹਨਾਂ ਦੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ, ਉਹਨਾਂ ਨੂੰ ਗੁਰਮੁਖਾਂ ਦੀ ਸੰਗਤਿ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ।
ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ।
ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੨।
ਪਉੜੀ ॥ ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ ਸਚੋ ਸਚਾ ਸਚੁ ਸਚੁ ਨਿਹਾਰੀਐ ॥ ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥ {ਪੰਨਾ 518}
ਪਦਅਰਥ: ਅਕੁਲ = ਅ+ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਨਿਰ+ਅੰਜਨ, ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਪੁਰਖੁ = ਜੋ ਸਭ ਵਿਚ ਮੌਜੂਦ ਹੈ। ਅਗਮੁ = ਜਿਸ ਤਕ ਪਹੁੰਚ ਨਾ ਹੋ ਸਕੇ, ਅਪਹੁੰਚ। ਅਪਾਰੀਐ = ਅ+ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਸਚਾ = ਸਦਾ-ਥਿਰ ਰਹਿਣ ਵਾਲਾ। ਨਿਹਾਰੀਐ = ਵੇਖਦਾ ਹੈ। ਨ ਜਾਪੈ = ਨਹੀਂ ਜਾਪਦੀ, ਮਲੂਮ ਨਹੀਂ ਹੁੰਦੀ। ਧਾਰੀਐ = ਬਣਾਈ ਹੋਈ ਹੈ। ਦੇ = ਦੇਂਦਾ ਹੈ। ਜੇਤ = ਜਿਤਨੀ (ਸ੍ਰਿਸ਼ਟੀ। ਇਕਤੁ ਸੂਤਿ = ਇਕੋ ਧਾਗੇ ਵਿਚ। ਸੰਜਾਰੀਐ = ਮਿਲਾ ਦਿਤੀ ਹੈ। ਮਥਾਰੀਐ = ਮੱਥੇ ਤੇ। ਗਤਿ = ਹਾਲਤ। ਮਿਤਿ = ਮਿਣਤੀ, ਅੰਦਾਜ਼ਾ।
ਅਰਥ: ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ, ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।
(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ; ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ; ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।
ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ; ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ।੧।