Today’s Hukamnama from Gurdwara Baoli Sahib Goindwal Sahib

79

ਸੋਮਵਾਰ 5 ਨਵੰਬਰ 2018 (20 ਕੱਤਕ ਸੰਮਤ 550 ਨਾਨਕਸ਼ਾਹੀ)

ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ਅੰਧਿਆਰੇ ਦੀਪਕੁ ਚਹੀਐ ॥ ਇਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ ॥ ਘਟਿ ਦੀਪਕੁ ਰਹਿਆ ਸਮਾਈ ॥੨॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ {ਅੰਗ 655-656}

ਪਦਅਰਥ: ਕਿਆ = ਕੀਹ ਲਾਭਗੁਨੀਐ {Skt. गण्ਵਿਚਾਰੀਏ। ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ। ਜਉ = ਜੇ। ਸਹਜ = {Skt. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ।੧।

ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ! ਬਾਰੰ ਬਾਰਾ = ਮੁੜ ਮੁੜ।੧।ਰਹਾਉ।

ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ। ਅਗੋਚਰ = ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਅ = ਗੋ = ਚਰ}। ਲਹੀਐ = ਲੱਭ ਪਏ। ਪਾਈ = (ਜਿਸ ਨੇ) ਲੱਭ ਲਈ। ਘਟਿ= (ਉਸ ਦੇ) ਹਿਰਦੇ ਵਿਚ। ਸਮਾਈ ਰਹਿਆ = ਅਡੋਲ ਜਗਦਾ ਰਹਿੰਦਾ ਹੈ।੨।

ਕਹਿ = ਕਹੇ, ਕਹਿੰਦਾ ਹੈ। ਅਬ = ਹੁਣ (ਜਦੋਂ ‘ਅਗੋਚਰ ਬਸਤੁ‘ ਲੱਭ ਪਈ ਹੈ। ਜਾਨਿਆ = ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ।ਤਉ = ਤਾਂ। ਕਿਆ ਕੀਜੈ = ਕੀਹ ਕੀਤਾ ਜਾਏਕੋਈ ਮੁਥਾਜੀ ਨਹੀਂ ਹੁੰਦੀ।੩।

ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ (ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ?੧।ਰਹਾਉ।

(ਹੇ ਗੰਵਾਰ!) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੇ ਪੜ੍ਹਨ ਸੁਣਨ ਤੋਂ ਕੋਈ ਫ਼ਾਇਦਾ ਨਹੀਂਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾਹ ਹੋਵੇ।੧।

ਹਨੇਰੇ ਵਿਚ (ਤਾਂਦੀਵੇ ਦੀ ਲੋੜ ਹੁੰਦੀ ਹੈ (ਤਾਕਿ ਅੰਦਰੋਂਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ। ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ।੨।

ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ। ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ। (ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ; (ਦੂਜੇ ਪਾਸੇ,) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ੩।੭।

ਸ਼ਬਦ ਦਾ ਭਾਵ: ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣਦੀ ਤਾਂ ਧਰਮ-ਪੁਸਤਕਾਂ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।੭।

ਹ੍ਰਿਦੈ ਕਪਟੁ ਮੁਖ ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥੧॥ ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥ ਲਉਕੀ ਅਠਸਠਿ ਤੀਰਥ ਨ੍ਹ੍ਹਾਈ ॥ ਕਉਰਾਪਨੁ ਤਊ ਨ ਜਾਈ ॥੨॥ ਕਹਿ ਕਬੀਰ ਬੀਚਾਰੀ ॥ ਭਵ ਸਾਗਰੁ ਤਾਰਿ ਮੁਰਾਰੀ ॥੩॥੮॥ {ਪੰਨਾ 656}

ਪਦਅਰਥ: ਗਿਆਨੀ = ਗਿਆਨ ਦੀਆਂ ਗੱਲਾਂ ਕਰਨ ਵਾਲਾ। ਕਹਾ = ਕੀਹ ਲਾਭ ਹੈਬਿਲੋਵਸਿ = ਤੂੰ ਰਿੜਕਦਾ ਹੈਂ।੧।

ਕਾਂਇਆ = ਸਰੀਰ। ਮਾਂਜਸਿ = ਤੂੰ ਮਾਂਜਦਾ ਹੈਂ। ਕਉਨ ਗੁਨਾਂ = ਇਸ ਦਾ ਕੀਹ ਲਾਭਜਉ = ਜੇ। ਘਟ = ਹਿਰਦਾ। ਮਲਨਾਂ = ਮੈਲ, ਵਿਕਾਰ, ਖੋਟ।੧।ਰਹਾਉ।

ਲਉਕੀ = ਤੂੰਬੀ। ਅਠਸਠਿ = ਅਠਾਹਠ। ਤਊ = ਤਾਂ ਭੀ।੨।

ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ ਕੇ। ਭਵ ਸਾਗਰੁ = ਸੰਸਾਰ = ਸਮੁੰਦਰ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ!੩।

ਅਰਥ: (ਹੇ ਝੂਠੇ!) ਜੇ ਤੇਰੇ ਹਿਰਦੇ ਵਿਚ (ਕਪਟ ਦੀ) ਮੈਲ ਹੈ ਤਾਂ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈਂ (ਭਾਵ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ੧।ਰਹਾਉ।

ਹੇ ਪਖੰਡੀ ਮਨੁੱਖ! ਤੇਰੇ ਮਨ ਵਿਚ ਤਾਂ ਠੱਗੀ ਹੈ, ਪਰ ਤੂੰ ਮੂੰਹੋਂ (ਬ੍ਰਹਮਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ। ਤੈਨੂੰ ਇਸ ਪਾਣੀ ਰਿੜਕਣ ਤੋਂ ਕੋਈ ਲਾਭ ਨਹੀਂ ਹੋ ਸਕਦਾ।੧।

(ਵੇਖ,) ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ, ਤਾਂ ਭੀ ਉਸ ਦੀ (ਅੰਦਰਲੀ) ਕੁੜਿੱਤਣ ਦੂਰ ਨਹੀਂ ਹੁੰਦੀ।੨।

(ਇਸ ਅੰਦਰਲੀ ਮੈਲ ਨੂੰ ਦੂਰ ਕਰਨ ਲਈ) ਕਬੀਰ ਤਾਂ ਸੋਚ ਵਿਚਾਰ ਕੇ (ਪ੍ਰਭੂ ਅੱਗੇ ਹੀ ਇਉਂਅਰਦਾਸ ਕਰਦਾ ਹੈ-ਹੇ ਪ੍ਰਭੂ! ਤੂੰ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।੩।੮।

ਸ਼ਬਦ ਦਾ ਭਾਵ: ਮਨ ਦੀ ਮੈਲ ਤੀਰਥ-ਇਸ਼ਨਾਨ ਜਾਂ ਗਿਆਨ-ਚਰਚਾ ਨਾਲ ਦੂਰ ਨਹੀਂ ਹੁੰਦੀ। ਇਸ ਦਾ ਇਲਾਜ ਇੱਕੋ ਹੀ ਹੈ-ਪ੍ਰਭੂ ਦੇ ਦਰ ਤੇ ਢਹਿ ਪੈਣਾ।੮।