ਸੋਮਵਾਰ 29 ਅਕਤੂਬਰ 2018 (13 ਕੱਤਕ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੫ ॥ ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥ ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥ {ਅੰਗ 553}
ਪਦਅਰਥ: ਤੈ ਤਨਿ = ਉਹਨਾਂ ਦੇ ਸਰੀਰ ਤੇ। ਖੇਹ = ਸੁਆਹ। ਜਿਨਿ = ਜਿਸ ਪ੍ਰਭੂ ਨੇ। ਅਲੂਣੀ = ਪ੍ਰੇਮ = ਵਿਹੂਣੀ। ਦੇਹ = ਸਰੀਰ।
ਅਰਥ: ਜੋ ਮਨੁੱਖ ਸਾਧ ਸੰਗਤਿ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ। ਹੇ ਨਾਨਕ! ਪ੍ਰੇਮ ਤੋਂ ਸੱਖਣੇ ਉਸ ਸਰੀਰ ਨੂੰ ਧਿੱਕਾਰ ਹੈ, ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ।੧।
ਮਃ ੫ ॥ ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥ {ਪੰਨਾ 554}
ਪਦਅਰਥ: ਘਟਿ = ਹਿਰਦੇ ਵਿਚ। ਚਰਣਾਰਬਿੰਦ = (ਚਰਣ+ਅਰਬਿੰਦ। ਅਰਬਿੰਦ = ਕਉਲ ਫੁੱਲ) ਕਉਲ ਫੁੱਲ ਵਰਗੇ ਪੈਰ। ਰਸਨਾ = ਜੀਭ। ਦੇਹੀ = ਸਰੀਰ।
ਅਰਥ: ਹੇ ਨਾਨਕ! ਜਿਸ ਮਨੁੱਖ ਦੇ) ਹਿਰਦੇ ਵਿਚ ਪ੍ਰਭੂ ਦੇ ਚਰਨ ਕਮਲ ਵੱਸਦੇ ਹਨ ਤੇ ਜੀਭ ਹਰੀ ਨੂੰ ਜਪਦੀ ਹੈ, ਅਤੇ ਪ੍ਰਭੂ (ਜਿਸ ਸਰੀਰ ਕਰਕੇ) ਸਿਮਰਿਆ ਜਾਂਦਾ ਹੈ ਉਸ ਸਰੀਰ ਦੀ ਪਾਲਣਾ ਕਰੋ।੨।
ਪਉੜੀ ॥ ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥ ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥ ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥ ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥ ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥ {ਪੰਨਾ 554}
ਪਦਅਰਥ: ਅਠਸਠਿ = ਅਠਾਹਠ। ਸੰਜਮਿ = ਜੁਗਤੀ ਨਾਲ। ਮਾਨੁ = ਆਦਰ। ਹਰਿ ਜਾਨੁ = ਹਰਿ ਜਨੁ, ਪ੍ਰਭੂ ਦਾ ਸੇਵਕ ਭਗਤ। ਸਚਾ = ਪ੍ਰਭੂ (ਦਾ ਰੂਪ) ।
ਅਰਥ: ਪ੍ਰਭੂ ਆਪ ਹੀ ਅਠਾਹਠ ਤੀਰਥਾਂ ਦਾ ਕਰਨ ਵਾਲਾ ਹੈ, ਆਪ ਹੀ (ਉਹਨਾਂ ਤੀਰਥਾਂ ਤੇ) ਇਸ਼ਨਾਨ ਕਰਦਾ ਹੈ, ਮਾਲਕ ਆਪ ਹੀ ਜੁਗਤੀ ਵਿਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ, ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ ਤੇ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ, ਜਿਸ ਮਨੁੱਖ ਨੂੰ ਸਤਿਗੁਰੂ ਦੀ ਰਾਹੀਂ ਸਮਝ ਬਖ਼ਸ਼ਦਾ ਹੈ, ਉਹ ਸਦਾ ਦਰਗਾਹ ਵਿਚ ਆਦਰ ਪਾਉਂਦਾ ਹੈ। ਜਿਸ ਦੀ ਲਾਜ ਆਪ ਰੱਖਦਾ ਹੈ, ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ।੧੪।