Today’s Hukamnama from Gurdwara Damdama Sahib Thatta

60

ਐਤਵਾਰ 21 ਅਕਤੂਬਰ 2018 (5 ਕੱਤਕ ਸੰਮਤ 550 ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥ ਦਰਸਨੁ ਦੇਖਤ ਦੋਖ ਨਸੇ ॥ ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥ ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥ ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥ ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਰੀ ॥ ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥ ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥ ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥ ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥ ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥ {ਅੰਗ 826}

ਪਦਅਰਥ: ਦੋਖ = (ਸਾਰੇ) ਐਬ, ਵਿਕਾਰ। ਦ੍ਰਿਸਟਿ ਅਗੋਚਰ = ਨਜ਼ਰ ਦੀ ਪਹੁੰਚ ਤੋਂ ਪਰੇ, ਨਜ਼ਰੋਂ ਉਹਲੇ। ਜੀਅ ਕੈ ਸੰਗਿ = ਜਿੰਦ ਦੇ ਨਾਲ। ਬਸੇ = ਬਸੇ ਰਹੋ।੧।ਰਹਾਉ।

ਪ੍ਰਾਨ ਅਧਾਰ = ਜਿੰਦ ਦਾ ਆਸਰਾ। ਪੂਰਿ ਰਹੇ = ਹਰ ਥਾਂ ਮੌਜੂਦ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।੧।

ਸਾਰਿ = ਚੇਤੇ ਕਰ ਕੇ। ਸਮ੍ਹ੍ਹਾਰੀ = ਸਮ੍ਹ੍ਹਾਰੀਂਮੈਂ ਸੰਭਾਲਾਂ, ਮੈਂ ਹਿਰਦੇ ਵਿਚ ਵਸਾਵਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰੀ = ਚਿਤਾਰੀਂ, ਮੈਂ ਚੇਤੇ ਕਰਦਾ ਰਹਾਂ।੨।

ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਪ੍ਰਤਿਪਾਲਾ = ਪਾਲਣਾ।੩।

ਜਨੁ = ਦਾਸ, ਸੇਵਕ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ।੪।

ਅਰਥ: (ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। (ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ।੧।ਰਹਾਉ।

ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ।੧।

(ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂਹੇ ਪ੍ਰਭੂ! ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ।੨।

ਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ।੩।

ਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ। (ਪਰ) ਹੇ ਨਾਨਕ! ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ।੪।੨੩।੧੦੯।