Today’s Hukamnama from State Gurdwara Sahib Kapurthala

64

ਸੋਮਵਾਰ 8 ਅਕਤੂਬਰ 2018 (22 ਅੱਸੂ ਸੰਮਤ 550 ਨਾਨਕਸ਼ਾਹੀ)

ਸੂਹੀ ਮਹਲਾ ੫ ॥ ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥ ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥ ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥ ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥ ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥ {ਅੰਗ 745}

ਪਦਅਰਥ: ਜਿਨਿ = ਜਿਸ (ਮਾਇਆ) ਨੇ। ਮੋਹੇ = ਮੋਹ ਲਏ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਖੰਡ = ਸਾਰੇ ਦੇਸ। ਤਾ ਹੂ ਮਹਿ = ਉਸੇ ਵਿਚ ਹੀ। ਪਾਉ = ਪਾਉਂ, ਮੈਂ ਪੈ ਰਿਹਾ ਹਾਂ। ਬਿਖਈ = ਵਿਕਾਰੀ।੧।ਰਹਾਉ।

ਜਾ ਤੇ = ਜਿਸ (ਮਾਇਆ) ਪਾਸੋਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਕਉ = ਨੂੰ। ਲਪਟਾਉ = ਲਪਟਾਉਂ।੧।

ਕਰੁਣਾ = ਤਰਸ। ਪਤਿ = ਮਾਲਕ। ਪਤੇ = ਹੇ ਮਾਲਕ! ਕਰੁਣਾਪਤੇ = ਹੇ ਤਰਸ ਦੇ ਮਾਲਕ! ਗਾਉ = ਗਾਉਂ। ਸਮਾਉ = ਸਮਾਉਂ, ਮੈਂ ਲੀਨ ਰਹਾਂ।੨।

ਅਰਥ: ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ।੧।ਰਹਾਉ।

ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ। ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ।੧।

ਹੇ ਤਰਸ ਦੇ ਮਾਲਕ! ਹੇ ਹਰੀ! ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ। ਹੇ ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ।੨।੩।੪੩।