ਮੰਗਲਵਾਰ 2 ਅਕਤੂਬਰ 2018 (16 ਅੱਸੂ ਸੰਮਤ 550 ਨਾਨਕਸ਼ਾਹੀ)
ਸੋਰਠਿ ਮਹਲਾ ੫ ॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {ਅੰਗ 617}
ਪਦਅਰਥ: ਜੀਅਨ ਕੋ = ਸਭ ਜੀਵਾਂ ਦਾ। ਸਭ ਮਲੁ = ਸਾਰੀ ਮੈਲ {ਲਫ਼ਜ਼ ‘ਮਲੁ‘ ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ ‘ਗੁਰਬਾਣੀ ਵਿਆਕਰਣ‘}। ਨਿਧਾਨ = ਖ਼ਜ਼ਾਨਾ। ਕਉ = ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼।੧।
ਬਾਹੁੜਿ = ਫਿਰ, ਮੁੜ।੧।ਰਹਾਉ।
ਸਾਧ ਸੰਗੁ = ਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤ = ਉਹਨਾਂ ਨੂੰ ਮਿਲਿਆਂ। ਦੁਰਮਤਿ = ਖੋਟੀ ਮਤਿ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ।੨।
ਅਰਥ: ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ।੧।ਰਹਾਉ।
ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।੧।
ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ। ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ।੨।੫।੩੩।