ਸ਼ੁੱਕਰਵਾਰ 14 ਸਤੰਬਰ 2018 (29 ਭਾਦੋਂ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥੧॥ ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥ ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥ ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥ ਚਰਨ ਕਮਲ ਗੁਰਿ ਆਸ੍ਰਮੁ ਦੀਆ ॥੩॥ ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥੩॥੮॥ {ਅੰਗ 803-804}
ਪਦਅਰਥ: ਭੂਲੇ = (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਨੂੰ। ਮਾਰਗੁ = (ਜੀਵਨ ਦਾ ਸਹੀ) ਰਸਤਾ। ਜਿਨਹਿ = ਜਿਨਿ ਹੀ, ਜਿਸ (ਗੁਰੂ) ਨੇ। ਵਡ ਭਾਗੀ = ਵੱਡੇ ਭਾਗਾਂ ਨਾਲ।੧।
ਮਨਾ = ਹੇ ਮਨ! ਚਿਤਾਰੇ = ਚਿਤਾਰਿ, ਚਿਤਾਰ ਕੇ, ਧਿਆਨ ਜੋੜ ਕੇ। ਹਿਰਦੈ = ਹਿਰਦੇ ਵਿਚ।੧।ਰਹਾਉ।
ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਲੀਨਾ = ਫਸਿਆ ਹੋਇਆ। ਕਾਟਿ = ਕੱਟ ਕੇ। ਗੁਰਿ = ਗੁਰੂ ਨੇ। ਮੁਕਤਿ = ਖ਼ਲਾਸੀ।੨।
ਕਰਤ = ਕਰਦਿਆਂ। ਜਨਮਿ = ਜਨਮ ਵਿਚ (ਆ ਕੇ) , ਜੰਮ ਕੇ। ਫੁਨਿ = ਮੁੜ। ਗੁਰਿ = ਗੁਰੂ ਨੇ। ਆਸ੍ਰਮੁ = ਸਹਾਰਾ, ਟਿਕਾਣਾ।੩।
ਅਗਨਿ ਸਾਗਰ = (ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ। ਬੂਡਤ = ਡੁੱਬ ਰਿਹਾ ਹੈ। ਪਕਰਿ = ਫੜ ਕੇ। ਸਤਿਗੁਰਿ = ਸਤਿਗੁਰੂ ਨੇ। ਨਿਸਤਾਰਾ = ਪਾਰ ਲੰਘਾ ਦਿੱਤਾ।੪।
ਅਰਥ: ਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਪਰ ਉਹੀ ਮਨੁੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ।੧।ਰਹਾਉ।
(ਹੇ ਮਨ!) ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ, ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ।੧।
(ਹੇ ਮਨ! ਵੇਖ, ਮਨੁੱਖ ਦਾ) ਮਨ (ਸਦਾ) ਕਾਮ ਵਿਚ ਕ੍ਰੋਧ ਵਿਚ ਲੋਭ ਵਿਚ ਮੋਹ ਵਿਚ ਫਸਿਆ ਰਹਿੰਦਾ ਹੈ। (ਪਰ ਜਦੋਂ ਉਹ ਗੁਰੂ ਦੇ ਸਰਨ ਆਇਆ) , ਗੁਰੂ ਨੇ (ਉਸ ਦੇ ਇਹ ਸਾਰੇ) ਬੰਧਨ ਕੱਟ ਕੇ ਉਸ ਨੂੰ (ਇਹਨਾਂ ਵਿਕਾਰਾਂ ਤੋਂ) ਖ਼ਲਾਸੀ ਦੇ ਦਿੱਤੀ।੨।
ਹੇ ਮਨ! ਦੁੱਖ ਸੁਖ ਕਰਦਿਆਂ ਮਨੁੱਖ ਕਦੇ ਮਰਦਾ ਹੈ ਕਦੇ ਜੀਊ ਪੈਂਦਾ ਹੈ (ਦੁੱਖ ਵਾਪਰਿਆਂ ਸਹਿਮ ਜਾਂਦਾ ਹੈ, ਸੁਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ।੩।
ਹੇ ਨਾਨਕ! ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿਚ ਡੁੱਬ ਰਿਹਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ) ਗੁਰੂ ਨੇ (ਉਸ ਦੀ) ਬਾਂਹ ਫੜ ਕੇ (ਉਸ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਦਿੱਤਾ।੪।੩।੮।