ਸਿੱਖ ਧਰਮ ਸੰਸਾਰ ਦਾ ਵਿਲੱਖਣ ਅਤੇ ਵੱਖਰੀ ਪਹਿਚਾਣ ਰੱਖਣ ਵਾਲਾ ਧਰਮ ਹੈ। ਸਿੱਖਾਂ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਅੱਜ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਦਰਪੇਸ਼ ਵੱਖ-ਵੱਖ ਚੁਣੌਤੀਆਂ ਵਿਚ ਸਾਡੀ ਦਸਤਾਰ ਲਈ ਪੈਦਾ ਹੋ ਰਹੀਆਂ ਸਮੱਸਿਆਵਾਂ ਕਰਕੇ ਮੀਡੀਆ ਵਿਚ ਸਮੇਂ-ਸਮੇਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਸਾਡੇ ਸਾਰੇ ਗੁਰੂ ਸਾਹਿਬਾਨ ਦਸਤਾਰ ਧਾਰਨ ਕਰਦੇ ਸਨ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਦੇ ਪਾਵਨ ਅਵਸਰ ‘ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਸਮੇਂ ਦਸਤਾਰ ਨੂੰ ਸਿੱਖਾਂ ਦੇ ਅਤਿ ਜ਼ਰੂਰੀ ਪਹਿਰਾਵੇ ਦਾ ਅੰਗ ਬਣਾ ਦਿੱਤਾ। ਦਸਤਾਰ ਹੀ ਹੈ ਜਿਹੜੀ ਪੰਜਾਂ ਕਕਾਰਾਂ ਵਿਚੋਂ ਕੇਸਾਂ ਦੀ ਸੰਭਾਲ ਲਈ ਪਹਿਨਣ ਵਾਲੇ ਬਸਤਰਾਂ ਵਿਚ ਅਹਿਮ ਸਥਾਨ ਰੱਖਦੀ ਹੈ। ਦਸਤਾਰ ਤੋਂ ਬਿਨਾਂ ਸਿੱਖ ਦਾ ਸਰੂਪ ਕਿਆਸਿਆ ਵੀ ਨਹੀਂ ਜਾ ਸਕਦਾ। ਸੌਣ ਸਮੇਂ ਜਾਂ ਆਰਾਮ ਕਰਨ ਸਮੇਂ ਨਿੱਕੀ ਦਸਤਾਰ ਸਜਾਉਣਾ ਸਿੱਖ ਲਈ ਲਾਜ਼ਮੀ ਹੈ, ਜਿਸ ਨੂੰ ਕੇਸਕੀ ਦਾ ਨਾਂਅ ਦਿੱਤਾ ਗਿਆ ਹੈ। ਆਮ ਤੌਰ ‘ਤੇ ਅੰਮ੍ਰਿਤਧਾਰੀ ਸਿੱਖ ਦਸਤਾਰ ਦੇ ਹੇਠਾਂ ਕੇਸਕੀ ਸਜਾਉਂਦੇ ਹਨ। ਏਸ਼ੀਆ ਦੇ ਕੁਝ ਦੇਸ਼ਾਂ ਵਿਚ ਸਿਰ ਨੂੰ ਢਕਣ ਲਈ ਮੁੱਢਕਦੀਮ ਤੋਂ ਹੀ ਪਗੜੀ ਦੀ ਵਰਤੋਂ ਹੁੰਦੀ ਆਈ ਹੈ। ਆਰੀਆ ਲੋਕਾਂ ਵਿਚ ਵੀ ਪਗੜੀ ਬੰਨ੍ਹਣ ਦਾ ਰਿਵਾਜ ਹੈ। ਪੰਜਾਬ ਵਿਚ ਮੁੱਢਕਦੀਮ ਤੋਂ ਹੀ ਦਸਤਾਰ ਸਜਾਉਣੀ ਸਾਡੇ ਸਮਾਜ ਅਤੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਹਰ ਧਰਮ ਅਤੇ ਜਾਤ ਦੇ ਲੋਕ ਦਸਤਾਰ ਸਜਾਉਂਦੇ ਰਹੇ ਹਨ। ਸਾਡੇ ਪੰਜਾਬੀ ਭਾਸ਼ਾ ਦੇ ਮੁਹਾਵਰਿਆਂ ਵਿਚ ਦਸਤਾਰ, ਪੱਗ, ਪਗੜੀ ਦੀ ਅਹਿਮੀਅਤ ਵੀ ਓਨੀ ਹੀ ਪੁਰਾਣੀ ਹੈ, ਜਿੰਨੀ ਸਾਡੀ ਭਾਸ਼ਾ ਅਤੇ ਮਾਂ-ਬੋਲੀ ਦੇ ਜਨਮ ਦੀ ਗਾਥਾ। ਜਦੋਂ ਅੰਗਰੇਜ਼ਾਂ ਨੇ ਭਾਰਤ ਵਿਚ ਪ੍ਰਵੇਸ਼ ਕੀਤਾ ਤਾਂ ਅੰਗਰੇਜ਼ੀ ਸੱਭਿਆਚਾਰ ਨੇ ਦਸਤਾਰ ਨੂੰ ਕੇਵਲ ਸਿੱਖ ਸਮਾਜ ਤੱਕ ਹੀ ਸੀਮਤ ਕਰ ਦਿੱਤਾ।
ਅਸੀਂ ਅਜੇ ਵੀ ਦੇਖਦੇ ਹਾਂ ਕਿ ਹਿੰਦੂ ਧਰਮ ਵਿਚ ਖੁਸ਼ੀ ਜਾਂ ਗ਼ਮੀ ਦੇ ਸਮਾਗਮਾਂ ਵਿਚ ਪਗੜੀ ਬੰਨ੍ਹਣ ਦਾ ਰਿਵਾਜ ਹਾਲੇ ਵੀ ਕਾਇਮ ਹੈ। ਕਿਸੇ ਬਜ਼ੁਰਗ ਦੇ ਮਰਨ ਤੋਂ ਪਿੱਛੋਂ ਉਸ ਦੇ ਪੁੱਤਰ ਨੂੰ ਦਸਤਾਰ ਜਾਂ ਪਗੜੀ ਸਮਾਜਿਕ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਚਿੰਨ੍ਹ ਵਜੋਂ ਦਿੱਤੀ ਜਾਂਦੀ ਹੈ। ਦੂਜੇ ਵੱਡੇ ਸੰਸਾਰ ਯੁੱਧ ਸਮੇਂ ਅੰਗਰੇਜ਼ਾਂ ਦੇ ਅਧੀਨ ਲੜ ਰਹੇ ਸਿੱਖ ਫੌਜੀਆਂ ਨੂੰ ਲੋਹ-ਟੋਪ ਪਾਉਣ ਦੇ ਆਦੇਸ਼ ਦਿੱਤੇ ਗਏ ਸਨ। ਜਾਨੀ ਨੁਕਸਾਨ ਹੋਣ ਦੇ ਡਰ ਵਜੋਂ ਅਜਿਹਾ ਲਾਜ਼ਮੀ ਕੀਤਾ ਗਿਆ ਸੀ। ਭਾਰਤ ਦੀ ਬਰਤਾਨਵੀ ਸਰਕਾਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਏਨਾ ਜਾਨੀ ਨੁਕਸਾਨ ਹੋਣ ‘ਤੇ ਸਿੱਖ ਫ਼ੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦੇਣ ਦਾ ਬੋਝ ਨਹੀਂ ਚੁੱਕ ਸਕਦੇ ਪਰ ਸਾਡੇ ਸਿੱਖ ਫੌਜੀ ਜਵਾਨਾਂ ਅਤੇ ਅਫਸਰਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਜਦੋਂ ਕਿਸੇ ਦਸਤਾਰਧਾਰੀ ਜਵਾਨ ਦੀ ਮੌਤ ਸਿਰ ਵਿਚ ਗੋਲੀ ਲੱਗਣ ਨਾਲ ਹੋਵੇਗੀ ਤਾਂ ਉਸ ਦੀ ਵਿਧਵਾ ਤੇ ਪਰਿਵਾਰ ਪੈਨਸ਼ਨ ਨਹੀਂ ਲਵੇਗਾ। ਸਮੁੱਚਾ ਦੂਜਾ ਵਿਸ਼ਵ ਯੁੱਧ ਬਿਨਾਂ ਲੋਹ-ਟੋਪ ਪਹਿਨਣ ਤੋਂ ਦਸਤਾਰਾਂ ਸਜਾ ਕੇ ਲੜਿਆ। ਸਿੱਖ ਜਵਾਨ ਸਮਝਦੇ ਸਨ ਕਿ ਵਿਸ਼ਵ ਭਰ ਦੇ ਦੇਸ਼ਾਂ ਵਿਚ ਸਾਡੀ ਪਹਿਚਾਣ ਇਸ ਦਸਤਾਰ ਕਰਕੇ ਹੀ ਬਣਦੀ ਹੈ। ਡਾ: ਰਤਨ ਸਿੰਘ ਜੱਗੀ ‘ਸਿੱਖ ਪੰਥ ਵਿਸ਼ਵ ਕੋਸ਼’ ਵਿਚ ਲਿਖਦੇ ਹਨ ਕਿ ਹੁਣ ਤੱਕ ਹੋਏ ਦੋਵੇਂ ਵਿਸ਼ਵ ਯੁੱਧਾਂ ਦੌਰਾਨ 83055 ਦਸਤਾਰਧਾਰੀ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਇਨ੍ਹਾਂ ਦੋਵਾਂ ਲੜਾਈਆਂ ਦੌਰਾਨ 1,09,045 ਸਿੱਖ ਜਵਾਨ ਜ਼ਖਮੀ ਹੋਏ। ਕੀ ਇਹ ਦਸਤਾਰ ਪਹਿਨਣ ਵਾਲੇ ਸਿੱਖਾਂ ਲਈ ਮਾਣ ਵਾਲੀ ਗੱਲ ਨਹੀਂ? ਵਰਤਮਾਨ ਸਮੇਂ ਵਿਚ ‘ਸਿੱਖ ਦਸਤਾਰ ਦਿਵਸ’ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ ‘ਦਸਤਾਰ ਸਿੱਖ ਦੀ ਪਹਿਚਾਣ’ ਦਾ ਸੁਨੇਹਾ ਦਿੰਦਾ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਪਰਵਾਸੀ ਭਾਰਤੀ ਵੀਰਾਂ ਨੂੰ ਦਸਤਾਰ ਧਾਰਨ ਕਰਨ ਲਈ ਅੱਜ ਵੀ ਕਈ ਵਾਰ ਸਿੱਖੀ ਦੇ ਵੱਕਾਰ ਦਾ ਮਸਲਾ ਬਣ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਦਸਤਾਰ ਸਜਾ ਕੇ ਨੌਕਰੀ ਜਾਂ ਹੋਰ ਕਾਰੋਬਾਰ ਕਰਨ ਦੀ ਸਿੱਖਾਂ ਨੂੰ ਇਜਾਜ਼ਤ ਮਿਲੀ ਹੋਈ ਹੈ ਪਰ ‘ਦਸਤਾਰ’ ਲਈ ਸੰਘਰਸ਼ ਅਜੇ ਵੀ ਜਾਰੀ ਹੈ। ਬਹੁਤ ਸਾਰੇ ਦੇਸ਼ਾਂ ਵਿਚ ਸਿੱਖ ਭੈਣਾਂ ਅਤੇ ਵੀਰਾਂ ਨੂੰ ਦੋਪਹੀਆ ਸਵਾਰੀ ਨੂੰ ਚਲਾਉਣ ਸਮੇਂ ਲੋਹ-ਟੋਪ ਪਹਿਨਣ ਤੋਂ ਛੋਟ ਮਿਲੀ ਹੋਈ ਹੈ ਪਰ ਇਸ ਜਾਰੀ ਸੰਘਰਸ਼ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਕੇ ਹਰ ਸਿੱਖ ਨੂੰ ਚੱਲਣਾ ਪਵੇਗਾ। ‘ਸਿੱਖ ਦਸਤਾਰ ਦਿਵਸ’ ਸਮੇਂ ਸੁੰਦਰ ਦਸਤਾਰ ਮੁਕਾਬਲੇ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਹੋਰ ਵਧੇਰੇ ਉਤਸ਼ਾਹ ਅਤੇ ਲਗਨ ਨਾਲ ਦਸਤਾਰ ਦੀ ਪਹਿਚਾਣ ਲਈ ਗੰਭੀਰ ਯਤਨ ਕਰਨੇ ਪੈਣਗੇ।