ਮੂਲ ਰੂਪ ਵਿੱਚ ਪਿੰਡ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਦੋਵੇਂ ਹੀ ਪੁਰਾਣੇ ਵੱਸਦੇ ਠੱਟਾ ਪਿੰਡ ਦੇ ਦੋ ਹਿੱਸੇ ਹਨ। ਠੱਟਾ ਨਾਂ ਦਾ ਪਿੰਡ ਕਾਲਣਾ ਨਦੀ ਦੇ ਕੰਢੇ ਤੇ ਵੱਸਦਾ ਸੀਕਾਲਣਾ ਨਦੀ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬੀਰ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਨ ਲਈ ਦੋਆਬੇ ਦੇ ਇਲਾਕੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਮੌਜੂਦਾ ਗੁਰਦੁਆਰਾ ਦਮਦਮਾ ਸਾਹਿਬ ਵਾਲੀ ਜਗ੍ਹਾ ਦੀ ਪ੍ਰਕਰਮਾ ਕੀਤੀ ਤੇ ਉਸ ਥਾਂ ਤੇ ਬੈਠ ਗਏ। ਬਾਬਾ ਜੀ ਨੂੰ ਉਸ ਜਗ੍ਹਾ ਤੇ ਬੈਠਾ ਦੇਖ ਕੇ ਇਲਾਕੇ ਦੇ ਲੋਕ ਉਹਨਾਂ ਦੇ ਦੁਆਲੇ ਇਕੱਠੇ ਹੋ ਗਏ ਤੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲੱਗੇ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬਾਬਾ ਜੀ ਸਾਡੀ ਜਮੀਨ ਕੱਲਰ ਦੀ ਮਾਰੀ ਹੋਈ ਹੈ ਅਤੇ ਇਸ ਵਿੱਚ ਕੋਈ ਵੀ ਫਸਲ ਨਹੀਂ ਹੁੰਦੀ ਤੇ ਸਾਡੇ ਬਾਲ-ਬੱਚੇ ਭੁੱਖੇ ਮਰ ਰਹੇ ਹਨ। ਇਸ ਦਾ ਉਪਾਅ ਕਰੋ। ਬਾਬਾ ਜੀ ਨੇ ਆਏ ਲੋਕਾਂ ਨੂੰ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ ਅਤੇ ਬਚਨ ਕੀਤਾ ਕਿ ਦਰਿਆ ਬਿਆਸ ਵਿੱਚੋਂ ਕਾਲਣਾ (ਕਾਲ ਨੂੰ ਖਤਮ ਕਰਨ ਵਾਲਾ) ਨਾਲਾ ਨਿਕਲੇਗਾ ਤੇ ਇਸ ਇਲਾਕੇ ਦਾ ਕੱਲਰ ਧੋ ਦੇਵੇਗਾ। ਇਸ ਤੋਂ ਬਾਅਦ ਤਲਵੰਡੀ ਦੇ ਵਸਨੀਕ ਚੌਧਰੀਆਂ ਵੱਲੋਂ ਆਪਣੇ ਫਲਾਂ ਦੇ ਬਾਗ ਨੂੰ ਪਾਣੀ ਦੇਣ ਵਾਸਤੇ ਦਰਿਆ ਬਿਆਸ ਤੋਂ ਇੱਕ ਛੋਟਾ ਖਾਲਾ ਖੁਦਵਾਇਆ ਗਿਆ। ਬਾਬਾ ਜੀ ਦੇ ਬਚਨਾਂ ਮੁਤਾਬਕ ਕੁੱਝ ਸਮੇਂ ਬਾਦ ਦਰਿਆ ਬਿਆਸ ਵਿੱਚ ਹੜ੍ਹ ਆਇਆ ਅਤੇ ਇਲਾਕੇ ਦਾ ਸਾਰਾ ਕੱਲਰ ਰੋੜ੍ਹ ਕੇ ਲੈ ਗਿਆ ਤੇ ਜਮੀਨ ਉਪਜਾਊ ਬਣ ਗਈ ਅਤੇ ਛੋਟੇ ਖਾਲੇ ਨੇਂ ਕਾਲਣਾ ਨਾਂ ਦੀ ਨਦੀ ਦਾ ਰੂਪ ਧਾਰਨ ਕਰ ਲਿਆ। ਕੁੱਝ ਸਮੇਂ ਬਾਦ ਇਸ ਨਦੀ ਨੇ ਪਿੰਡ ਦੇ ਇੱਕ ਹਿੱਸੇ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ। ਇਸ ਹਿੱਸੇ ਦੇ ਲੋਕਾਂ ਨੇ ਉੱਥੋਂ ਉੱਠ ਕੇ ਨਵੀਂ ਜਗ੍ਹਾ ਤੇ ਬਸੇਰਾ ਕਰ ਲਿਆ। ਤੇ ਇਹ ਜਗ੍ਹਾ ਪਿੰਡ ਠੱਟਾ ਨਵਾਂ ਤੇ ਪਿੱਛੇ ਬਚਦੀ ਅਬਾਦੀ ਠੱਟਾ ਪੁਰਾਣਾ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ।
ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਸ਼੍ਰੀ ਤਰਨਤਾਰਨ ਤੋਂ ਤਕਰੀਬਨ 8 ਕੋਹਾਂ ਦੀ ਵਿੱਥ ਤੇ ਗਗੋਬੂਆ ਨਗਰ ਵਿੱਚ ਜੱਟ ਬਿਰਾਦਰੀ ਦੇ ਢਿੱਲੋਂ ਖਾਨਦਾਨ ਵਿੱਚ ਬਿਕਰਮੀ ਸੰਮਤ 1825 ਵਿੱਚ ਹੋਇਆ। ਉਸ ਵੇਲੇ ਸ਼ੁਕਲਾ ਪੱਖ ਤਿਥੀ ਤੀਜੀ ਮਹੀਨਾ ਸਾਵਣ ਸੀ। ਸਵਾ ਪਹਿਰ ਰਾਤ ਰਹਿੰਦੀ ਆਪ ਜੀ ਦਾ ਜਨਮ ਮਾਤਾ ਧਰਮ ਕੌਰ ਜੀ ਦੀ ਕੁੱਖ ਵਿੱਚੋ ਹੋਇਆ। ਆਪ ਜੀ ਦੇ ਪਿਤਾ ਦਾ ਸ਼ੁੱਭ ਨਾਮ ਸਰਦਾਰ ਸੇਵਾ ਸਿੰਘ ਸੀ।
ਇਸ ਘਰਾਣੇ ਬਾਬਤ ਸੀਨੇ ਬਸੀਨੇ ਇਹ ਸਰੋਤ ਚਲੀ ਆ ਰਹੀ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋ ਸ਼੍ਰੀ ਤਰਨਤਾਰਨ ਸਰੋਵਰ ਦੀ ਸੇਵਾ ਕਰਵਾਈ ਸੀ ਤਾਂ ਇਹਨਾ ਦੇ ਵਡੇਰਿਆਂ ਨੇ ਤਨ, ਮਨ, ਧੰਨ ਕਰਕੇ ਅਟੁੱਟ ਸੇਵਾ ਕੀਤੀ ਸੀ ਜਿਸਤੇ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਨੇ ਇਹ ਵਰਦਾਨ ਬਖਸ਼ਿਆ ਸੀ ਕਿ ਜਾਹ ਭਾਈ ਗੁਰੂ ਸਿੱਖਾ! ਜੈਸੇ ਤੁਸੀਂ ਤਨ, ਮਨ, ਧੰਨ ਕਰਕੇ ਨਿਸ਼ਕਾਮ ਸੇਵਾ ਕੀਤੀ ਹੈ ਤੈਸੇ ਹੀ ਤੁਹਾਡੀ ਕੁਲ ਵਿੱਚ ਤੱਤਵੇਤਾ, ਬ੍ਰਹਮ ਗਿਆਨੀ, ਮੀਰੀ ਪੀਰੀ ਦਾ ਮਾਲਿਕ, ਸ਼ਕਤੀ ਸੰਪਨ ਸਾਡਾ ਸਿੱਖ ਪੈਦਾ ਹੋਵੇਗਾ। ਜੋ ਪ੍ਰਿਥਵੀ ਸਮਾਨ ਧੀਰਜ ਵਾਨ, ਸਮੇਰੂ ਪਰਬਤ ਸਮਾਨ ਅਡੋਲ ਤੇ ਅਚੱਲ ਨਿਸ਼ਚੇ ਵਾਲਾ ਮਹਾਂਪੁਰਖ ਹੋਵੇਗਾ।
ਦੂਜੀ ਸਾਖੀ ਇਹ ਵੀ ਪ੍ਰਚਲਤ ਹੈ ਕਿ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਸ਼ਿਕਾਰ ਕਰਨ ਲਈ ਇੱਕ ਵੇਰ ਗਗੋਬੂਆ ਪਿੰਡ ਨੇੜੇ ਆਏ ਤਾਂ ਸੰਤਾਂ ਦੇ ਵੱਡੇ ਵਡੇਰਿਆਂ ਨੇ ਖੂਬ ਸੇਵਾ ਕਰਕੇ ਉਹਨਾ ਨੂੰ ਪ੍ਰਸੰਨ ਕੀਤਾ ਸੀ ਜਿਸਤੇ ਉਹਨਾ ਨੇ ਵਰਦਾਨ ਦਿੰਦੇ ਹੋਏ ਫਰਮਾਇਆ ਸੀ ਕਿ ਭਾਈ ਸਿੱਖਾ ਤੂੰ ਸੇਵਾ ਵਿੱਚ ਕਸਰ ਨਹੀਂ ਰੱਖੀ, ਪ੍ਰਸੰਨ ਕੀਤਾ ਹੈ ਤੇ ਤੇਰੇ ਘਰਾਣੇ ਵਿੱਚ ਸਮਾਂ ਪਾ ਕੇ ਇੱਕ ਦੈਵੀ ਸੰਪਦਾ ਰਾਜਯੋਗ ਮਾਨਣ ਵਾਲਾ ਬੜਾ ਤੇਜੱਸਵੀ ਤੇ ਬ੍ਰਹਮਚਾਰੀ ਜਤੀ ਪੁਰਖ ਪੈਦਾ ਹੋਵੇਗਾ। ਜੋ ਆਪ ਤਰੇ, ਸਗਲੇ ਕੁਲ ਤਾਰੇ। ਐਸਾ ਵਰਦਾਨ ਦੇ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ ਸਨ। ਉਸ ਸਮੇਂ ਤੋ ਵਰਦਾਨ ਦੀ ਇਹ ਸਾਖੀ ਨਗਰ ਵਾਸੀਆਂ ਵਿੱਚ ਪੀੜ੍ਹੀ ਦਰ ਪੀੜੀ੍ਹ ਚੱਲਦੀ ਆ ਰਹੀ ਹੈ। ਗਗੋਬੂਆ ਪਿੰਡ ਦੇ ਬਿਰਧ ਬਾਬਾ ਬੂਟਾ ਸਿੰਘ ਦੱਸਦੇ ਸਨ ਕਿ ਜਿਸ ਸਮੇਂ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਰਾਣਿਓ ਤੁਰਕੇ ਗਗੋਬੂਆ ਆਏ ਸਨ ਤਾ ਉੱਥੇ ਇੱਕ ਬੈਰਾਗੀਆ ਦੇ ਡੇਰੇ ਵਾਲੀ ਬਿਰਧ ਮਾਈ ਨੇ ਗੁਰੂ ਜੀ ਦਾ ਆਉਣਾ ਸੁਣ ਕੇ ਝਟ ਪਟ ਹੀ ਖੀਰ ਪੂੜਿਆਂ ਦਾ ਲੰਗਰ ਤਿਆਰ ਕਰਕੇ ਗੁਰੂ ਜੀ ਦੇ ਹਜੂਰ ਪੇਸ਼ ਕੀਤਾ ਸੀ।