ਸ਼ੁੱਕਰਵਾਰ 20 ਜੁਲਾਈ 2018 (5 ਸਾਵਣ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥ ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥ ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥ ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥ ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥ ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ ॥੩॥ ਜੈ ਜੈ ਕਾਰੁ ਸਭੈ ਕਰਹਿ ਸਚੁ ਥਾਨੁ ਸੁਹਾਇਆ ॥ ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥੪॥੩੩॥੬੩॥ {ਅੰਗ 816-817}
ਪਦਅਰਥ: ਸਿਮਰਿ = ਸਿਮਰ ਕੇ। ਪੂਰਨ = ਸਾਰੇ ਗੁਣਾਂ ਨਾਲ ਭਰਪੂਰ। ਕਾਰਜ = (ਸਾਰੇ) ਕੰਮ। ਭਏ ਰਾਸਿ = ਸਫਲ ਹੋ ਜਾਂਦੇ ਹਨ। ਕਰਤਾਰ ਪੁਰਿ = ਕਰਤਾਰ ਦੇ ਸ਼ਹਿਰ ਵਿਚ, ਉਸ ਅਸਥਾਨ ਵਿਚ ਜਿਥੇ ਕਰਤਾਰ ਸਦਾ ਵੱਸਦਾ ਹੈ, ਸਾਧ ਸੰਗਤਿ ਵਿਚ। ਕਰਤਾ = ਪਰਮਾਤਮਾ।੧।ਰਹਾਉ।
ਬਿਘਨੁ = ਰੁਕਾਵਟ। ਕੋਊ = ਕੋਈ ਭੀ। ਪਹਿ = ਪਾਸ। ਰਾਇ = ਰਾਜਾ। ਰਾਸਿ = ਸਰਮਾਇਆ।੧।
ਤੋਟਿ = ਘਾਟ। ਨ ਮੂਲਿ = ਬਿਲਕੁਲ ਨਹੀਂ। ਪੂਰਨ = ਭਰੇ ਹੋਏ। ਭੰਡਾਰ = ਖ਼ਜ਼ਾਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਅਗਮ = ਅਪਹੁੰਚ। ਅਪਾਰ = ਬੇਅੰਤ।੨।
ਬਸਤ = (ਸਾਧ ਸੰਗਤਿ ਵਿਚ, ਕਰਤਾਰ ਦੇ ਸ਼ਹਿਰ ਵਿਚ) ਵੱਸਦਿਆਂ। ਸਭਿ = ਸਾਰੇ। ਊਨ = ਕਮੀ, ਘਾਟਾ। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭੇਟੇ = ਮਿਲ ਪੈਂਦੇ ਹਨ। ਜਗਦੀਸੈ = ਜਗਤ ਦਾ ਮਾਲਕ।੩।
ਜੈ ਜੈਕਾਰੁ = ਸੋਭਾ, ਵਡਿਆਈ। ਕਰਹਿ = ਕਰਦੇ ਹਨ। ਸਚੁ = ਸਦਾ ਕਾਇਮ ਰਹਿਣ ਵਾਲਾ। ਸੁਹਾਇਆ = ਸੋਹਣਾ। ਜਪਿ = ਜਪ ਕੇ। ਨਿਧਾਨ ਸੁਖ = ਸੁਖਾਂ ਦੇ ਖ਼ਜ਼ਾਨੇ।੪।
ਅਰਥ: ਹੇ ਭਾਈ! ਸਾਧ ਸੰਗਤਿ ਵਿਚ ਪਰਮਾਤਮਾ (ਆਪ) ਵੱਸਦਾ ਹੈ, ਆਪਣੇ ਸੰਤ ਜਨਾਂ ਦੇ ਅੰਗ-ਸੰਗ ਵੱਸਦਾ ਹੈ। (ਸਾਧ ਸੰਗਤਿ ਵਿਚ) ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ (ਦਾ ਨਾਮ) ਸਿਮਰ ਸਿਮਰ ਕੇ (ਮਨੁੱਖ ਦੇ) ਸਾਰੇ ਕੰਮ ਸਫਲ ਹੋ ਜਾਂਦੇ ਹਨ।੧।ਰਹਾਉ।
ਹੇ ਭਾਈ! ਪ੍ਰਭੂ ਪਾਤਿਸ਼ਾਹ ਆਪਣੇ ਸੰਤ ਜਨਾਂ ਦਾ (ਸਦਾ) ਆਪ ਰਾਖਾ ਹੈ, ਪ੍ਰਭੂ (ਦਾ ਨਾਮ) ਸੰਤ ਜਨਾਂ ਦਾ ਸਰਮਾਇਆ ਹੈ। (ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ ਆ ਕੇ) ਗੁਰੂ ਦੇ ਦਰ ਤੇ ਅਰਦਾਸ ਕਰਦੇ ਰਹਿੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।੧।
(ਹੇ ਭਾਈ! ਸਾਧ ਸੰਗਤਿ ਇਕ ਐਸਾ ਅਸਥਾਨ ਹੈ ਜਿਥੇ ਬਖ਼ਸ਼ਸ਼ਾਂ ਦੇ) ਭੰਡਾਰੇ ਭਰੇ ਰਹਿੰਦੇ ਹਨ, (ਉਥੇ ਇਹਨਾਂ ਬਖ਼ਸ਼ਸ਼ਾਂ ਦੀ) ਕਦੇ ਭੀ ਤੋਟ ਨਹੀਂ ਆਉਂਦੀ। (ਜੇਹੜਾ ਭੀ ਮਨੁੱਖ ਸਾਧ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ) ਮਨ ਵਿਚ (ਉਸ ਦੇ) ਹਿਰਦੇ ਵਿਚ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਸੋਹਣੇ ਚਰਣ ਟਿਕੇ ਰਹਿੰਦੇ ਹਨ।੨।
(ਹੇ ਭਾਈ! ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ) ਨਿਵਾਸ ਰੱਖਦੇ ਹਨ ਅਤੇ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਉਹ ਸਾਰੇ ਸੁਖੀ ਰਹਿੰਦੇ ਹਨ, ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਦਿੱਸਦੀ। ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਜਗਤ ਦੇ ਮਾਲਕ ਪੂਰਨ ਪ੍ਰਭੂ ਜੀ ਮਿਲ ਪੈਂਦੇ ਹਨ।੩।
(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕਦੇ ਹਨ) ਸਾਰੇ ਲੋਕ (ਉਹਨਾਂ ਦੀ) ਸੋਭਾ-ਵਡਿਆਈ ਕਰਦੇ ਹਨ। ਸਾਧ ਸੰਗਤਿ ਇਕ ਐਸਾ ਸੋਹਣਾ ਥਾਂ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਹੇ ਨਾਨਕ! ਸਾਧ ਸੰਗਤਿ ਦੀ ਬਰਕਤਿ ਨਾਲ) ਸਾਰੇ ਸੁਖਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਕੇ ਪੂਰੇ ਗੁਰੂ ਦਾ (ਸਦਾ ਲਈ) ਮਿਲਾਪ ਪ੍ਰਾਪਤ ਕਰ ਲਈਦਾ ਹੈ।੪।੩੩।੬੩।