ਸੋਮਵਾਰ 11 ਜੂਨ 2018 (28 ਜੇਠ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥ ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥ ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥ ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥ ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥ {ਅੰਗ 807}
ਪਦਅਰਥ: ਕਾਹੂ ਸੰਗਿ = ਕਿਸੇ ਦੇ ਭੀ ਨਾਲ। ਨ ਚਾਲਹੀ = ਨ ਚਾਲਹਿ, ਨਹੀਂ ਚੱਲਦੇ। ਜੰਜਾਲ = ਖਲ = ਜਗਨ, ਬਖੇੜੇ, ਖਿਲਾਰੇ। ਊਠਿ = ਉੱਠ ਕੇ, ਛੱਡ ਕੇ। ਸਿਧਾਰੇ = ਤੁਰ ਪਏ। ਛਤ੍ਰ ਪਤਿ = ਛਤ੍ਰ ਦੇ ਮਾਲਕ, ਰਾਜੇ ਮਹਾਰਾਜੇ। ਸੰਤਨ ਕੈ = ਸੰਤ ਜਨਾਂ ਦੇ ਮਨ ਵਿਚ। ਖਿਆਲ = (ਇਹ) ਨਿਸ਼ਚਾ।ਰਹਾਉ।
ਅਹੁੰਬਧਿ = ਹਉਮੈ ਵਾਲੀ ਬੁੱਧੀ। ਕਉ = ਨੂੰ। ਬਿਨਸਨਾ = (ਆਤਮਕ) ਮੌਤ। ਢਾਲ = ਮਰਯਾਦਾ, ਰੀਤ। ਜਨਮਹਿ = ਜੰਮਦੇ ਹਨ। ਮਰਹਿ = ਮਰਦੇ ਹਨ। ਬਿਖਿਆ = ਮਾਇਆ। ਬਿਕਰਾਲ = ਭਿਆਨਕ।੧।
ਸਤਿ ਬਚਨ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਹਹਿ = ਉਚਾਰਦੇ ਹਨ। ਸਿਮਰਿ = ਸਿਮਰ ਕੇ। ਤਰੇ = (ਸੰਸਾਰ = ਸਮੁੰਦਰ ਤੋਂ) ਪਾਰ ਲੰਘ ਗਏ।੨।
ਅਰਥ: ਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ ਇਹ) ਯਕੀਨ ਬਣਿਆ ਰਹਿੰਦਾ ਹੈ ਕਿ ਮਾਇਆ ਦੇ ਖਿਲਾਰੇ ਕਿਸੇ ਭੀ ਮਨੁੱਖ ਦੇ ਨਾਲ ਨਹੀਂ ਜਾਂਦੇ। ਰਾਜੇ ਮਹਾਰਾਜੇ ਭੀ (ਮੌਤ ਆਉਣ ਤੇ) ਇਹਨਾਂ ਨੂੰ ਛੱਡ ਕੇ ਤੁਰ ਪੈਂਦੇ ਹਨ (ਇਸ ਵਾਸਤੇ ਸੰਤ ਜਨ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ) ।ਰਹਾਉ।
(ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਹਰ ਵੇਲੇ ਇਹ ਧਾਰਨ ਵਾਲੇ ਨੂੰ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸ) ਮੈਂ ਮੈਂ ਦੀ ਹੀ ਸੂਝ ਵਾਲੇ ਨੂੰ (ਜ਼ਰੂਰ) ਆਤਮਕ ਮੌਤ ਮਿਲਦੀ ਹੈ-ਇਹ ਮਰਯਾਦਾ ਧੁਰ-ਦਰਗਾਹ ਤੋਂ ਚਲੀ ਆ ਰਹੀ ਹੈ। ਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ।੧।
ਹੇ ਨਾਨਕ! ਗੁਰਮੁਖ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਦਾ ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਜਪਦੇ ਹਨ। ਪਰਮਾਤਮਾ ਦੇ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀਜ ਕੇ ਸੰਤ ਜਨ ਸਦਾ ਪ੍ਰਭੂ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ, ਮਾਇਆ ਦੇ ਮੋਹ ਤੋਂ) ਪਾਰ ਲੰਘ ਜਾਂਦੇ ਹਨ।੨।੧੧।