Today’s Hukamnama from Gurdwara Baoli Sahib Goindwal Sahib

64

ਸਨਿੱਚਰਵਾਰ 19 ਮਈ 2018 (6 ਜੇਠ ਸੰਮਤ 550 ਨਾਨਕਸ਼ਾਹੀ)

ਗੂਜਰੀ ਮਹਲਾ ੫ ॥ ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥ ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥ ਮਾਈ ਖਾਟਿ ਆਇਓ ਘਰਿ ਪੂਤਾ ॥ ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥ ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥ ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥ ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ ॥ ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥੩॥ ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥ ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥ {ਅੰਗ 495-496}

ਪਦ ਅਰਥ: ਜਾਪ = ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦੇ ਜਾਪ। ਤਾਪ = ਧੂਣੀਆਂ ਤਪਾਣੀਆਂ। ਭਾਇਆ = ਚੰਗਾ ਲੱਗਾ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਬਿਸਰਉ = ਮੈਂ ਨਹੀਂ ਭੁਲਾਂਦਾ, ਬਿਸਰਉਂ। ਤੇ = ਤੋਂ।1।

ਮਾਈ = ਹੇ ਮਾਂ! ਖਾਟਿ = ਖੱਟ ਕੇ। ਚਲਤੇ = ਤੁਰਦਿਆਂ। ਬੈਸੇ = ਬੈਠਿਆਂ। ਸੂਤਾ = ਸੁੱਤਿਆਂ।1। ਰਹਾਉ।

ਸੰਗਿ = ਨਾਲ। ਲਾਇ ਧਿਆਨਾ = ਸੁਰਤਿ ਜੋੜਦਾ ਹੈ। ਤੁਲਹਾ = ਲੱਕੜਾਂ ਬੰਨ੍ਹ ਕੇ ਨਦੀ ਪਾਰ ਕਰਨ ਲਈ ਬਣਾਇਆ ਹੋਇਆ ਗੱਠਾ। ਤਾਰਿ = ਤਾਰੇ, ਪਾਰ ਲੰਘਾ ਦੇਂਦਾ ਹੈ। ਪਰਾਨਾ = ਪਾਰਲੇ ਪਾਸੇ।2।

ਵਿਸਾਰੀ = ਭੁਲਾ ਦਿੱਤੀ। ਧਨਿ = ਧਨ ਨੇ। ਧੋਖਾ = ਫ਼ਿਕਰ। ਲਾਹਿਆ = ਦੂਰ ਕਰ ਦਿੱਤਾ। ਤੇ = ਤੋਂ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਨਿਧਿ = ਖ਼ਜ਼ਾਨਾ। ਨਵ = ਨੌ। ਹਾਥਿ ਚਰਿਓ = ਹੱਥ ਆ ਗਿਆ, ਮਿਲ ਗਿਆ। ਥੋਕ = ਪਦਾਰਥ।3।

ਤੋਟਿ = ਕਮੀ। ਹਲਤ = ਇਹ ਲੋਕ। ਪਲਤ = ਪਰਲੋਕ। ਲਾਦਿ = ਲੱਦ ਕੇ। ਗੁਰਿ = ਗੁਰੂ ਨੇ। ਰੰਗੇ = ਰੰਗਿ, ਰੰਗ ਲਵੋ।4।

ਅਰਥ: ਹੇ ਮਾਂ! (ਕਿਸੇ ਮਾਂ ਦਾ ਉਹ) ਪੁੱਤਰ ਖੱਟ ਕੇ ਘਰ ਆਇਆ ਸਮਝ, ਜੇਹੜਾ ਤੁਰਦਿਆਂ ਬੈਠਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਹਰਿ-ਨਾਮ-ਧਨ ਦਾ ਹੀ ਵਪਾਰ ਕਰਦਾ ਹੈ।1। ਰਹਾਉ।

ਹੇ ਮਾਂ! ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਵਾਸਤੇ ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦਾ) ਜਾਪ ਹੈ, ਹਰਿ-ਨਾਮ ਧਨ ਹੀ (ਮੇਰੇ ਵਾਸਤੇ) ਧੂਣੀਆਂ ਦਾ ਤਪਾਣਾ ਹੈ; ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਆਤਮਕ ਜੀਵਨ ਲਈ) ਖ਼ੁਰਾਕ ਹੈ, ਤੇ, ਇਹ ਖ਼ੁਰਾਕ ਮੈਨੂੰ ਚੰਗੀ ਲੱਗੀ ਹੈ। ਹੇ ਮਾਂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਮੈਂ ਆਪਣੇ ਮਨ ਤੋਂ ਨਹੀਂ ਭੁਲਾਂਦਾ, ਮੈਂ ਇਹ ਧਨ ਸਾਧ ਸੰਗਤਿ ਵਿਚ (ਰਹਿ ਕੇ) ਲੱਭਾ ਹੈ।1।

ਹੇ ਮਾਂ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ-ਧਨ ਨੂੰ ਹੀ ਤੀਰਥ-ਇਸ਼ਨਾਨ ਸਮਝਿਆ ਹੈ ਨਾਮ-ਧਨ ਨੂੰ ਹੀ ਸ਼ਾਸਤ੍ਰ ਆਦਿਕਾਂ ਦੀ ਵਿਚਾਰ ਮਿਥਿਆ ਹੈ, ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਹੀ ਸੁਰਤਿ ਜੋੜਦਾ ਹੈ (ਇਸੇ ਨੂੰ ਸਮਾਧੀ ਲਾਣੀ ਸਮਝਦਾ ਹੈ,) ਜਿਸ ਮਨੁੱਖ ਨੇ ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਹਰਿ-ਨਾਮ-ਧਨ ਨੂੰ ਤੁਲਹਾ ਬਣਾ ਲਿਆ ਹੈ, ਬੇੜੀ ਬਣਾ ਲਿਆ ਹੈ, ਪਰਮਾਤਮਾ ਉਸ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਪਾਰਲੇ ਪਾਸੇ ਅਪੜਾ ਦੇਂਦਾ ਹੈ।2।

ਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ। ਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤਿ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ।3।

ਹੇ ਮਾਂ! ਗੁਰੂ ਨੇ (ਮੈਨੂੰ) ਨਾਨਕ ਨੂੰ ਨਾਮ-ਧਨ ਦਾ ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ, (ਤੇ ਆਖਿਆ ਹੈ–) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ, ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ।4।2।3।