ਸਨਿੱਚਰਵਾਰ 14 ਅਪ੍ਰੈਲ 2018 (1 ਵੈਸਾਖ ਸੰਮਤ 550 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥ ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥ ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥ ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥ ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥ ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥੨॥੫॥੬੯॥ {ਅੰਗ 818}
ਪਦਅਰਥ: ਜੀਅ ਜੁਗਤਿ = ਜੀਵਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਢੰਗ। ਵਸਿ = ਵੱਸ ਵਿਚ। ਕੈ ਵਸਿ = ਦੇ ਵੱਸ ਵਿਚ। ਕਹੈ– ਆਖਦਾ ਹੈ, ਪ੍ਰੇਰਨਾ ਕਰਦਾ ਹੈ। ਗੋਪਾਲ ਰਾਇ = ਜਗਤ ਦਾ ਪਾਲਕ ਪਾਤਿਸ਼ਾਹ। ਭਉ = ਡਰ।੧।
ਚਿਤਾਰੇ = ਚਿਤਾਰਿ, ਚਿੱਤ ਵਿਚ ਵਸਾਈ ਰੱਖ। ਜਮ ਕੰਕਰੁ = ਜਮ ਕਿੰਕਰੁ, ਜਮ ਦਾ ਸੇਵਕ, ਜਮਦੂਤ। ਆਵਈ = ਆਵਏ, ਆਵੈ, ਆਉਂਦਾ। ਗੁਰ ਸਿਖ = ਹੇ ਗੁਰੂ ਦੇ ਸਿੱਖ! ਪਿਆਰੇ = ਹੇ ਪਿਆਰੇ!।੧।ਰਹਾਉ।
ਕਰਣ = ਜਗਤ। ਕਾਰਣ = ਮੂਲ। ਕਰਣ ਕਾਰਣ ਸਮਰਥੁ = ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ। ਜੋਰੁ = ਤਾਕਤ, ਬਲ, ਆਸਰਾ।੨।
ਅਰਥ: ਹੇ ਪਿਆਰੇ ਗੁਰਸਿੱਖ! ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਈ ਰੱਖ, ਤੈਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕੇਗਾ, (ਦੁੱਖ ਤਾਂ ਕਿਤੇ ਰਹੇ) ਜਮਦੂਤ (ਭੀ) ਤੇਰੇ ਨੇੜੇ ਨਹੀਂ ਆਵੇਗਾ।੧।ਰਹਾਉ।
ਹੇ ਭਾਈ! ਅਸਾਂ ਜੀਵਾਂ ਦੀ ਜੀਵਨ-ਜੁਗਤਿ ਪਰਮਾਤਮਾ ਦੇ ਵੱਸ ਵਿਚ ਹੈ, ਜੋ ਕੁਝ ਕਰਨ ਵਾਸਤੇ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਉਹੀ ਅਸੀ ਕਰ ਸਕਦੇ ਹਾਂ। ਜਿਸ ਮਨੁੱਖ ਉਤੇ ਜਗਤ-ਪਾਲ ਪਾਤਿਸ਼ਾਹ ਦਇਆਵਾਨ ਹੁੰਦਾ ਹੈ, ਉਸ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਰਹਿੰਦੀ।੧।
ਹੇ ਨਾਨਕ! ਪ੍ਰਭੂ ਹੀ ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ। ਅਸੀ ਜੀਵ ਉਸ ਪ੍ਰਭੂ ਦੀ ਸਰਨ ਵਿਚ ਹੀ ਰਹਿ ਸਕਦੇ ਹਾਂ, (ਸਾਡੇ) ਮਨ ਵਿਚ ਉਸੇ ਦਾ ਹੀ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੨।੫।੬੯।