ਸੋਮਵਾਰ 2 ਅਪ੍ਰੈਲ 2018 (20 ਚੇਤ ਸੰਮਤ 550 ਨਾਨਕਸ਼ਾਹੀ)
ਬਿਹਾਗੜਾ ਮਹਲਾ ੫ ਛੰਤ ॥ ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥ ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥
ਪਦਅਰਥ: ਅਨਕ = {अनक, अणक} ਤੁੱਛ, ਬਹੁਤ ਨਿੱਕੀ। ਅਨਕਾਏ = ਤੁੱਛ ਪਦਾਰਥਾਂ ਵਿਚ। ਰਾਤੜਿਆ = ਹੇ ਰੱਤੇ ਹੋਏ! ਵਾਟ = (ਜੀਵਨ ਦਾ) ਰਸਤਾ। ਦੁਹੇਲੀ = ਦੁੱਖਾਂ ਭਰੀ। ਕਮਾਵਦਿਆ = ਹੇ ਕਮਾਣ ਵਾਲੇ! ਬੇਲੀ = ਸਾਥੀ। ਪਛੋਤਾਵਹੇ = ਪਛੋਤਾਵਹਿ, ਤੂੰ ਪਛੁਤਾਂਦਾ ਰਹੇਂਗਾ। ਨ ਜਪਹਿ = ਤੂੰ ਨਹੀਂ ਜਪਦਾ। ਰਸਨਾ = ਜੀਭ (ਨਾਲ) । ਸੇ ਦਿਹ = ਇਹ ਦਿਨ (ਬਹੁ-ਵਚਨ) । ਆਵਹੇ = ਆਵਹਿ, ਆਵਣਗੇ। ਪਾਤ = ਪੱਤਰ। ਤਰਵਰ = ਰੁੱਖ। ਮਗਿ = ਰਸਤੇ ਉਤੇ। ਗਉਨੁ = ਗਮਨ, ਤੋਰ।੭।
ਅਰਥ: ਹੇ ਤੁੱਛ ਪਦਾਰਥਾਂ (ਦੇ ਮੋਹ) ਵਿਚ ਰੱਤੇ ਹੋਏ ਮਨੁੱਖ! ਇਸ ਮੋਹ ਦੇ ਕਾਰਨ) ਤੇਰਾ ਜੀਵਨ-ਪੰਧ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ। ਹੇ ਪਾਪ ਕਮਾਣ ਵਾਲੇ ਕੋਈ ਭੀ ਤੇਰਾ (ਸਦਾ ਦਾ) ਸਾਥੀ ਨਹੀਂ। (ਕੀਤੇ ਪਾਪਾਂ ਦੀ ਸਜ਼ਾ ਵਿਚ ਭਾਈਵਾਲ ਬਣਨ ਲਈ) ਤੇਰਾ ਕੋਈ ਭੀ ਸਾਥੀ ਨਹੀਂ ਬਣੇਗਾ, ਤੂੰ ਸਦਾ ਹੱਥ ਮਲਦਾ ਰਹਿ ਜਾਏਂਗਾ। ਤੂੰ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ, ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ (ਜਿਵੇਂ) ਰੁੱਖਾਂ ਨਾਲੋਂ ਵਿਛੁੜੇ ਹੋਏ ਪੱਤਰ (ਮੁੜ ਰੁੱਖਾਂ ਨਾਲ) ਨਹੀਂ ਜੁੜ ਸਕਦੇ। (ਕੀਤੇ ਪਾਪਾਂ ਦੇ ਕਾਰਨ ਮਨੁੱਖ ਦੀ ਜਿੰਦ) ਆਤਮਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰੀ ਹੋਈ ਭਟਕਦੀ ਰਹਿੰਦੀ ਹੈ।੧।