ਸਨਿੱਚਰਵਾਰ 16 ਸਤੰਬਰ 2017 (1 ਅੱਸੂ ਭਾਦੋਂ ਸੰਮਤ 549 ਨਾਨਕਸ਼ਾਹੀ)
ਸਲੋਕੁ ਮਃ ੩ ॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ ॥ ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥੧॥ ਮਃ ੩ ॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ ਪਉੜੀ ॥ ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥੪॥ {ਅੰਗ 644}
ਅਰਥ: ਮਾਇਆ ਦੀ ਅਪਣੱਤ (ਭਾਵ, ਇਹ ਖ਼ਿਆਲ ਕਿ ਏਹ ਸ਼ੈ ਮੇਰੀ ਹੈ, ਇਹ ਧਨ ਮੇਰਾ ਹੈ,) ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ (ਭਾਵ, ਸਮੂਲਚਾ ਹੀ ਨਿਗਲ ਲਿਆ ਹੈ) , ਮਨਮੁਖ (ਇਸ ‘ਮਮਤਾ‘ ਵਿਚ) ਗ੍ਰਸੇ ਗਏ ਹਨ, ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿਚ ਚਿੱਤ ਜੋੜਿਆ ਹੈ ਉਹ ਬਚ ਗਏ ਹਨ। ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ ਨਾਮ ਮਨ ਵਿਚ ਨਹੀਂ ਵਸਾਉਂਦਾ। (ਪਰ) ਹੇ ਨਾਨਕ! ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦੇ ਅਨੁਸਾਰ) (ਸੰਸਕਾਰ-ਰੂਪ ਲੇਖ) ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ।੧। (ਨਾਮ-ਰੂਪ) ਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ। ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ, (ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ। ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈ; ਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ। ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ; ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ। ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ।੨। ਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈ? ਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏ? ਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰੀਏ? ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ; ਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ।੪।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥