ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ ਫ਼ਸਲਾਂ ਵੱਲ ਮੁੱਖ ਮੋੜ ਰਹੇ ਹਨ ਤੇ ਕਈ ਕਿਸਾਨ ਸਬਜ਼ੀਆਂ, ਫਲਾਂ ਤੇ ਬਾਗਬਾਨੀ ਦੀ ਖੇਤੀ ਕਰਕੇ ਚੰਗਾ ਲਾਭ ਕਮਾ ਰਹੇ ਹਨ | ਕਪੂਰਥਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਦੇ ਕਿਸਾਨ ਬਲਕਾਰ ਸਿੰਘ ਤੇ ਉਸ ਦੇ ਬੇਟੇ ਸੁਖਜਿੰਦਰ ਸਿੰਘ ਨੇ ਇੰਟਰਨੈੱਟ ਤੋਂ ਸਟ੍ਰਾਬੇਰੀ ਦੀ ਫ਼ਸਲ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਸ ਦੀ ਖੇਤੀ ਸ਼ੁਰੂ ਕੀਤੀ ਤੇ ਸਫਲਤਾ ਪ੍ਰਾਪਤ ਕੀਤੀ ਹੈ | ਕਿਸਾਨ ਬਲਕਾਰ ਸਿੰਘ ਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ 2011 ਵਿਚ ਇੰਟਰਨੈੱਟ ਤੋਂ ਕੇਵਲ ਇਸ ਫ਼ਸਲ ਬਾਰੇ ਪੜਿ੍ਹਆ ਸੀ, ਪਰ ਇਹ ਫ਼ਸਲ ਨਾ ਦੇਖੀ ਸੀ ਤੇ ਨਾ ਇਸ ਦਾ ਸਵਾਦ ਹੀ ਦੇਖਿਆ ਸੀ, ਪਰ 2013 ਵਿਚ ਸਟ੍ਰਾਬੇਰੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਹਿਮਾਚਲ ਦੇ ਜ਼ਿਲ੍ਹਾ ਸੋਲਨ ਤੋਂ ਸਟ੍ਰਾਬੇਰੀ ਦੀ ਪਨੀਰੀ ਲਿਆ ਕੇ ਕੇਵਲ 2 ਕਨਾਲ ਜ਼ਮੀਨ ਵਿਚ ਇਸ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਚੰਗਾ ਮੁਨਾਫ਼ਾ ਕਮਾਉਣ ਤੋਂ ਬਾਅਦ ਇਸ ਦੀ ਜ਼ਿਆਦਾ ਖੇਤਰ ਵਿਚ ਬਿਜਾਈ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਫ਼ਸਲ ਦੀ ਪੈਕਿੰਗ ਕਰਨ ਵਿਚ ਜ਼ਰੂਰ ਮੁਸ਼ਕਲ ਆਈ, ਪਰ ਹੌਲੀ ਹੌਲੀ ਸਮੱਸਿਆ ਹੱਲ ਹੋ ਗਈ | ਉਨ੍ਹਾਂ ਦੱਸਿਆ ਕਿ ਪੌਸ਼ਟਿਕ ਫ਼ਸਲ ਸਟ੍ਰਾਬੇਰੀ ਦੀ ਖੇਤੀ ਮਹਿੰਗੀ ਹੈ, ਜਿਸ ਕਰਕੇ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ | ਉਨ੍ਹਾਂ ਕਿਹਾ ਕਿ ਇਕ ਏਕੜ ਵਿਚ ਬੀਜ ਸਮੇਤ ਢਾਈ ਲੱਖ ਰੁਪਏ ਖ਼ਰਚ ਆਉਂਦਾ ਹੈ | ਜਦਕਿ 5 ਤੋਂ 6 ਲੱਖ ਤੱਕ ਵੱਟਤ ਹੁੰਦੀ ਹੈ | ਫ਼ਸਲ ਸਤੰਬਰ ਅਕਤੂਬਰ ਵਿਚ ਉਗਾਈ ਜਾਂਦੀ ਹੈ ਤੇ ਜਨਵਰੀ ਫਰਵਰੀ ਮਹੀਨੇ ਵਿਚ ਫ਼ਸਲ ਤਿਆਰ ਹੋ ਜਾਂਦੀ ਹੈ | ਸ਼ੁਰੂਆਤੀ ਦਿਨਾਂ ਵਿਚ ਫ਼ਸਲ 250 ਤੋਂ 300 ਰੁਪਏ ਪ੍ਰਤੀ ਕਿੱਲੋ ਤੇ ਬਾਅਦ ਵਿਚ 200, 150 ਰੁਪਏ ਵਿਕਦੀ ਹੈ | ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਦੀ ਖੇਤੀ ਵਿਚ ਉਨ੍ਹਾਂ ਨੂੰ ਇਸ ਸਾਲ ਸਟੇਟ ਐਵਾਰਡ ਮਿਲਿਆ ਹੈ | ਜ਼ਿਲ੍ਹਾ ਪੱਧਰ ‘ਤੇ ਉਨ੍ਹਾਂ ਨੂੰ 10 ਤੋਂ ਜ਼ਿਆਦਾ ਇਨਾਮ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਡੇਢ ਏਕੜ ਸਟ੍ਰਾਬੇਰੀ, ਇਕ ਕਨਾਲ ਅਮਰੂਦ ਤੇ ਢਾਈ ਏਕੜ ਵਿਚ ਬੇਮੌਸਮੀ ਟਮਾਟਰ ਦੀ ਖੇਤਰ ਕਰਦੇ ਹਨ | ਜਿਸ ਤੋਂ ਢਾਈ ਲੱਖ ਤੋਂ 3 ਲੱਖ ਤੱਕ ਪ੍ਰਤੀ ਏਕੜ ਆਮਦਨ ਹੁੰਦੀ ਹੈ | ਇਸ ਤੋਂ ਇਲਾਵਾ ਉਹ ਢਾਈ ਏਕੜ ਵਿਚ ਬੇਮੌਸਮੀ ਫੁੱਲ-ਗੋਭੀ ਦੀ ਫ਼ਸਲ ਵੀ ਬੀਜਦੇ ਹਨ | ਇਸ ਤਰ੍ਹਾਂ ਸਫ਼ਲ ਕਿਸਾਨ ਸੁਖਜਿੰਦਰ ਸਿੰਘ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਵੱਖ-ਵੱਖ ਫ਼ਸਲਾਂ ਬੀਜ ਕੇ ਵੱਧ ਕਮਾਈ ਕਰਦੇ ਹਨ | ਸੁਖਜਿੰਦਰ ਸਿੰਘ ਨੇ ਖੇਤਾਂ ਵਿਚ ਜਦੋਂ ਪਹਿਲੀ ਵਾਰ ਸਟ੍ਰਾਬੇਰੀ ਦੀ ਫ਼ਸਲ ਬੀਜੀ ਸੀ ਤਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਤੋਂ ਫ਼ੋਨ ਕਰਕੇ ਸਟ੍ਰਾਬੇਰੀ ਦੀ ਫ਼ਸਲ ਬਾਰੇ ਜਾਣਕਾਰੀ ਲਈ ਸੀ ਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਸੀ। ਉਸ ਸਮੇਂ ਸੁਖਜਿੰਦਰ ਸਿੰਘ ਮੁੱਖ ਖੇਤੀਬਾੜੀ ਅਧਿਕਾਰੀ ਡਾ: ਮਨੋਹਰ ਸਿੰਘ ਤੇ ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਤੇ ਹੋਰ ਅਧਿਕਾਰੀਆਂ ਨਾਲ ਸਾਬਕਾ ਮੁੱਖ ਮੰਤਰੀ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਘੱਟੋਂ ਘੱਟ 2 ਏਕੜ ‘ਤੇ ਸਟ੍ਰਾਬੇਰੀ ਦੀ ਖੇਤੀ ਕਰਨ ਦੀ ਸਲਾਹ ਦਿੱਤੀ ਸੀ।