ਬੁੱਧਵਾਰ 17 ਮਈ 2017 (4 ਜੇਠ ਸੰਮਤ 549 ਨਾਨਕਸ਼ਾਹੀ)
ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ {ਅੰਗ 487}
ਅਰਥ: (ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ (ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ) ।1। ਰਹਾਉ। (ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ; ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ।1। ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ, ਸਾਧ ਸੰਗਤਿ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ।2। ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ ਗਿਣਿਆ ਜਾਣ ਲੱਗ ਪਿਆ।3। ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ।4।2। ਨੋਟ: ਇਸ ਸ਼ਬਦ ਤੋਂ ਪਹਿਲੇ ਸ਼ਬਦ ਦਾ ਸਿਰ-ਲੇਖ ਹੈ “ਆਸਾ ਬਾਣੀ ਭਗਤ ਧੰਨੇ ਕੀ”। ਇਸ ਸਿਰ-ਲੇਖ ਹੇਠ 3 ਸ਼ਬਦ ਹਨ; ਪਰ ਇਸ ਦੂਜੇ ਸ਼ਬਦ ਦਾ ਇਕ ਹੋਰ ਨਵਾਂ ਸਿਰ-ਲੇਖ ਹੈ “ਮਹਲਾ 5″। ਇਸ ਦਾ ਭਾਵ ਇਹ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਹੈ। ਇਸ ਵਿਚ ਉਹਨਾਂ ਨੇ ਲਫ਼ਜ਼ ‘ਨਾਨਕ’ ਅਖ਼ੀਰ ਤੇ ਨਹੀਂ ਵਰਤਿਆ। ਭਗਤਾਂ ਦੇ ਸ਼ਬਦਾਂ ਸ਼ਲੋਕਾਂ ਦੇ ਸੰਬੰਧ ਵਿਚ ਉਚਾਰੇ ਹੋਏ ਹੋਰ ਭੀ ਐਸੇ ਵਾਕ ਮਿਲਦੇ ਹਨ, ਜਿਥੇ ਉਹਨਾਂ ‘ਨਾਨਕ’ ਲਫ਼ਜ਼ ਨਹੀਂ ਵਰਤਿਆ; (ਵੇਖੋ, ਸਲੋਕ ਫ਼ਰੀਦ ਜੀ ਨੰ: 75, 82, 83, 105, 108, 109, 110, 111) ਸਿਰ-ਲੇਖ “ਮਹਲਾ 5” ਇਸ ਖ਼ਿਆਲ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦੇਂਦਾ ਕਿ ਇਸ ਦੇ ਉਚਾਰਨ ਵਾਲੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਹਨ। ਆਸਾ ਰਾਗ ਵਿਚ ਗੁਰੂ ਅਰਜਨ ਸਾਹਿਬ ਦੇ ਆਪਣੇ ਸਿਰਫ਼ ਸ਼ਬਦ ਹੀ 163 ਹਨ। (ਵੇਖੋ 1430 ਸਫ਼ੇ ਵਾਲੀ ਬੀੜ ਪੰਨਾ 300 ਤੋਂ 411) ਫਿਰ ਇਹ ਸ਼ਬਦ ਧੰਨੇ ਭਗਤ ਦੇ ਸ਼ਬਦਾਂ ਵਿਚ ਕਿਉਂ ਦਰਜ ਕੀਤਾ ਗਿਆ? ਸ਼ਬਦ ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ ‘ਨਾਨਕ’ ਦੇ ਥਾਂ ‘ਧੰਨਾ’ ਕਿਉਂ ਵਰਤਿਆ ਹੈ? ਇਸ ਦਾ ਉੱਤਰ ਸਾਫ਼ ਹੈ; ਫ਼ਰੀਦ ਜੀ ਦੇ ਸ਼ਲੋਕਾਂ ਵਿਚ ਗੁਰੂ ਅਰਜਨ ਸਾਹਿਬ ਨੇ ਕੁਝ ਸ਼ਲੋਕ ‘ਫਰੀਦ’ ਦੇ ਨਾਮ ਹੇਠ ਉਚਾਰੇ ਹਨ, ਉਹਨਾਂ ਦੀ ਪਛਾਣ ਸਿਰਫ਼ ਇਹੀ ਹੈ ਕਿ ਉਹਨਾਂ ਉੱਤੇ ਸਿਰ-ਲੇਖ “ਮਹਲਾ 5” ਲਿਖਿਆ ਹੈ; ਉਹ ਸ਼ਲੋਕ ਫ਼ਰੀਦ ਜੀ ਦੇ ਉਚਾਰੇ ਸ਼ਲੋਕਾਂ ਨਾਲ ਸੰਬੰਧ ਰੱਖਦੇ ਹਨ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਇਹ ਸ਼ਬਦ ਧੰਨੇ ਭਗਤ ਨਾਲ ਸੰਬੰਧ ਰੱਖਦਾ ਹੈ। ਉਹ ਸੰਬੰਧ ਕੀਹ ਹੈ? ਇਹ ਲੱਭਣ ਵਾਸਤੇ ਸ਼ਬਦ ਦੇ ਚੌਥੇ ਬੰਦ ਦੀ ਪਹਿਲੀ ਤੁਕ ਗਹੁ ਨਾਲ ਪੜ੍ਹੋ:” ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ”। ਕੀਹ ਸੁਣ ਕੇ? ਇਸ ਪ੍ਰਸ਼ਨ ਦਾ ਉੱਤਰ ਪਾਠਕ ਨੂੰ ਹਰੇਕ ਬੰਦ ਪੜ੍ਹਨ ਤੇ ਮਿਲੇਗਾ। ਸੋ ਹਰੇਕ ਬੰਦ ਪੜ੍ਹ ਕੇ “ਇਹ ਬਿਧਿ” ਵਾਲੀ ਤੁਕ ਨਾਲ ਰਲਾਓ। ਧੰਨੇ ਨੇ ਨਾਮਦੇਵ ਦੀ ਸੋਭਾ ਸੁਣੀ, ਕਬੀਰ ਦਾ ਹਾਲ ਸੁਣਿਆ, ਰਵਿਦਾਸ ਦੀ ਚਰਚਾ ਸੁਣੀ ਤੇ ਸੈਣ ਨਾਈ ਦਾ ਉੱਚਾ ਮਰਾਤਬਾ ਸੁਣਿਆ; ਇਹ ਸੁਣ ਕੇ ਉਸ ਨੂੰ ਭੀ ਚਾਉ ਪੈਦਾ ਹੋਇਆ ਭਗਤੀ ਕਰਨ ਦਾ। ਇਸ ਸ਼ਬਦ ਨੂੰ ਜਾਣ-ਬੁੱਝ ਕੇ ਧੰਨੇ ਭਗਤ ਦੀ ਬਾਣੀ ਵਿਚ ਦਰਜ ਕਰਨ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਉਸ ਵੇਲੇ ਧੰਨਾ ਜੀ ਦੇ ਭਗਤੀ ਵਿਚ ਲੱਗਣ ਬਾਰੇ ਅੰਞਾਣ ਲੋਕਾਂ ਵਿਚ ਸੁਆਰਥੀ ਮੂਰਤੀ-ਪੂਜਕ ਪੰਡਿਤ ਲੋਕਾਂ ਨੇ ਮਨ-ਘੜਤ ਕਹਾਣੀਆਂ ਉਡਾਈਆਂ ਹੋਈਆਂ ਸਨ; ਉਹਨਾਂ ਕਹਾਣੀਆਂ ਦੀ ਜ਼ੋਰ-ਦਾਰ ਤਰਦੀਦ ਇਸ ਸ਼ਬਦ ਵਿਚ ਕੀਤੀ ਗਈ ਹੈ; ਲਿਖਿਆ ਹੈ ਕਿ ਧੰਨੇ ਦੇ ਪ੍ਰਭੂ ਭਗਤੀ ਵਿਚ ਲੱਗਣ ਦਾ ਅਸਲ ਕਾਰਨ ਸੀ ਨਾਮਦੇਵ, ਕਬੀਰ, ਰਵਿਦਾਸ ਤੇ ਸੈਣ ਦੀ ਸੁਣੀ ਹੋਈ ਸੋਭਾ। ਜੇ ਅਸਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਹੀ ਰਾਹ ਲੱਭਣਾ ਹੈ, ਤਾਂ ਲੋਕਾਂ ਦੀਆਂ ਲਿਖੀਆਂ ਸਾਖੀਆਂ ਨੂੰ ਰਲਾ ਕੇ ਸ਼ਬਦ ਦੇ ਅਰਥ ਕਰਨ ਦੇ ਥਾਂ ਸਿੱਧਾ ਸ਼ਬਦ ਦਾ ਹੀ ਆਸਰਾ ਲਿਆ ਕਰੀਏ; ਨਹੀਂ ਤਾਂ ਬਹੁਤ ਵਾਰੀ ਟਪਲਾ ਲੱਗ ਸਕਦਾ ਹੈ। ਜੇ ਧੰਨੇ ਭਗਤ ਨੇ ਪੱਥਰ ਪੂਜ ਕੇ ਰੱਬ ਲੱਭਾ ਹੁੰਦਾ, ਤਾਂ ਇਸ ਦਾ ਭਾਵ ਇਹ ਨਿਕਲਦਾ ਕਿ ਪੱਥਰ ਪੂਜ ਕੇ ਰੱਬ ਨੂੰ ਮਿਲਣ ਵਾਲੇ ਦੀ ਬਾਣੀ ਦਰਜ ਕਰ ਕੇ ਗੁਰੂ ਅਰਜਨ ਸਾਹਿਬ ਇਸ ਅਸੂਲ ਨੂੰ ਪ੍ਰਵਾਨ ਕਰ ਬੈਠੇ ਹਨ ਕਿ ਪੱਥਰ ਪੂਜਿਆਂ ਭੀ ਰੱਬ ਮਿਲ ਸਕਦਾ ਹੈ; ਪਰ ਉਹਨਾਂ ਦਾ ਆਪਣਾ ਹੁਕਮ ਇਉਂ ਹੈ:
“ਜਿਸੁ ਪਾਹਨ ਕਉ ਠਾਕੁਰੁ ਕਹਤਾ ॥ ਉਹੁ ਪਾਹਨੁ ਲੈ ਉਸ ਕਉ ਡੁਬਤਾ ॥2॥
ਗੁਨਹਗਾਰੁ ਲੂਣ ਹਰਾਮੀ ॥ ਪਾਹਨ ਨਾਵ ਨ ਪਾਰਗਰਾਮੀ ॥3॥ {ਸੂਹੀ ਮਹਲਾ 5
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
Web: thatta.in | Fb/PindThatta | Twitter@Pind_Thatta | YouTube/PindThatta | WhatsApp: 98728-98928