ਸ਼ੁੱਕਰਵਾਰ 22 ਜੁਲਾਈ 2016 (7 ਸਾਵਣ ਸੰਮਤ 548 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥ ਤੁਮ੍ਹ੍ਹਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥ ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ ਰਹਾਉ ॥ ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥੨॥੭॥੭੧॥ {ਅੰਗ 818}
ਅਰਥ: ਹੇ ਸਰਬ–ਵਿਆਪਕ ਪ੍ਰਭੂ! ਤੂੰ (ਹੀ) ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਮੈਨੂੰ (ਤੇਰੇ) ਹੀ ਸੋਹਣੇ ਚਰਣਾਂ ਦਾ ਆਸਰਾ ਹੈ। (ਮੇਰੇ ਉਤੇ ਮੇਹਰ ਕਰ) ਜਦ ਤਕ (ਮੇਰੇ) ਸਰੀਰ ਵਿਚ ਸਾਹ (ਚੱਲ ਰਿਹਾ ਹੈ), ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੇਰੀ ਸਿਫ਼ਤਿ–ਸਾਲਾਹ ਕਰਦਾ ਰਹਾਂ।੧।ਰਹਾਉ। ਹੇ ਪਾਰਬ੍ਰਹਮ! (ਮੈਂ ਤੇਰਾ ਦਾਸ ਹਾਂ) ਤੇਰੇ ਦਾਸ ਦੀ (ਤੇਰੇ ਦਰ ਤੇ) ਅਰਜ਼ੋਈ ਹੈ ਕਿ ਮੇਰੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਕਰ (ਤਾਂ ਕਿ) ਤੇਰੀ ਕਿਰਪਾ ਨਾਲ (ਮੇਰੇ ਅੰਦਰੋਂ) ਵਿਕਾਰਾਂ ਦਾ ਨਾਸ ਹੋ ਜਾਏ।੧। ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ, ਤੂੰ ਹੀ ਮੇਰਾ ਸਾਕ–ਸੈਣ ਹੈਂ, ਤੂੰ ਸਾਰੇ ਹੀ ਜੀਵਾਂ ਵਿਚ ਵੱਸਦਾ ਹੈਂ। ਹੇ ਨਾਨਕ! ਜਿਸ ਪ੍ਰਭੂ ਦੀ ਸਿਫ਼ਤਿ–ਸਾਲਾਹ (ਜੀਵਨ) ਪਵਿੱਤਰ ਕਰ ਦੇਂਦੀ ਹੈ, ਉਸ ਦੀ ਸਰਨ ਪਏ ਰਹਿਣਾ ਚਾਹੀਦਾ ਹੈ।੨।੭।੭੧।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | twitter@Pind_Thatta | YouTube/PindThatta | WhatsApp: 98728-98928