ਸੋਮਵਾਰ 20 ਜੂਨ 2016 (7 ਹਾੜ ਸੰਮਤ 548 ਨਾਨਕਸ਼ਾਹੀ)

64

Damdama Sahib Thatta

ਸੋਮਵਾਰ 20 ਜੂਨ 2016 (7 ਹਾੜ ਸੰਮਤ 548 ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥ ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥੧॥ ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥ ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥੧॥ ਰਹਾਉ ॥ ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥ ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥੨॥ ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥ ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥ ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥ {ਅੰਗ 812}

ਅਰਥ: ਹੇ ਭਾਈ! ਸਾਰੇ ਜੀਵ (ਹੋਰ ਹੋਰ) ਅਨੇਕਾਂ ਗੱਲਾਂ ਕਰ ਕੇ ਥੱਕ ਜਾਂਦੇ ਹਨ (ਹੋਰ ਹੋਰ ਗੱਲਾਂ ਸਫਲ ਨਹੀਂ ਹੁੰਦੀਆਂ), ਗੁਰੂ (ਹੀ) ਪ੍ਰਭੂਚਰਨਾਂ ਵਿਚ (ਜੀਵ ਨੂੰ) ਲਿਆ ਜੋੜਦਾ ਹੈ। (ਗੁਰੂ ਹੀ) ਪਰਮਾਤਮਾ ਬਾਰੇ ਇਹ ਨਿਸ਼ਚਾ (ਜੀਵ ਦੇ ਅੰਦਰ ਪੈਦਾ ਕਰਦਾ ਹੈ ਕਿ) ਪਰਮਾਤਮਾ ਦਾ ਨਾਮ ਜਪ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰਦਾ ਹੈ।੧।ਰਹਾਉ। ਹੇ ਭਾਈ! ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹਨ। ਗੁਰੂ ਨੇ ਸਾਰੇ ਜਗਤ ਵਿਚ ਇਹ ਗੱਲ ਪਰਗਟ ਸੁਣਾ ਦਿੱਤੀ ਹੈ ਕਿ ਜਿਸ ਮਨੁੱਖ ਨੂੰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਪਾਤਿਸ਼ਾਹ ਮਿਲ ਪੈਂਦਾ ਹੈ।੧।ਰਹਾਉ। (ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਉਸ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜੋ ਉਸ ਦੀ ਸਰਨ ਆ ਪੈਂਦਾ ਹੈਇਸ ਵਿਚ ਰਤਾ ਭੀ ਸ਼ੱਕ ਨਹੀਂ। (ਇਸ ਵਾਸਤੇ, ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਪਰਮਾਤਮਾ ਦਾ ਨਾਮ ਬੀਜੋ। ਇਹ ਮੌਕਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ।੨। (ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸਾਰੀ ਸ੍ਰਿਸ਼ਟੀ ਉਵੇਂ ਹੀ ਕਰਦੀ ਹੈ ਜਿਵੇਂ ਪਰਮਾਤਮਾ ਪ੍ਰੇਰਦਾ ਹੈ। (ਸਰਨ ਪਏ) ਅਨੇਕਾਂ ਹੀ ਵਿਕਾਰੀਆਂ ਨੂੰ ਪਰਮਾਤਮਾ ਪਵਿੱਤਰ ਜੀਵਨ ਵਾਲਾ ਬਣਾ ਦੇਂਦਾ ਹੈਇਹ ਉਸ ਦਾ ਮੁੱਢਕਦੀਮਾਂ ਦਾ ਸੁਭਾਉ ਹੈ।੩। ਹੇ ਨਾਨਕ! (ਆਖ-) ਹੇ ਮਨੁੱਖੋ! ਮਾਇਆ ਦੀ ਭਟਕਣਾ ਵਿਚ ਪੈ ਕੇ ਇਹ ਗੱਲ ਭੁੱਲ ਨਾਹ ਜਾਣੀ ਕਿ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਵਡਿਆਈ ਬਖ਼ਸ਼ੀ, ਉਸ ਦੀ ਉਹ ਇੱਜ਼ਤ ਜ਼ਰੂਰ ਰੱਖ ਲੈਂਦਾ ਹੈ।੪।੧੬।੪੬।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥

www.thatta.in | fb/PindThatta | WhatsApp: 98728-98928