ਪਿੰਡ ਠੱਟਾ ਨਵਾਂ ਦੀ ਸਰਪੰਚ ਸ੍ਰੀਮਤੀ ਜਸਵੀਰ ਕੌਰ ਨੇ ਪੰਜਾਬ ਦੇ 163 ਪੋਸਟ ਗਰੈਜੂਏਟ ਅਤੇ ਜ਼ਿਲ੍ਹਾ ਕਪੂਰਥਲਾ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਸਰਪੰਚਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾ ਕੇ ਜ਼ਿਲ੍ਹਾ ਕਪੂਰਥਲਾ, ਪਿੰਡ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਅਜੀਤ ਅਖਬਾਰ ਵੱਲੋਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ ਪੰਜਾਬ ਦੇ ਕੁੱਲ 13028 ਪਿੰਡਾਂ ਦੇ ਸਰਪੰਚਾਂ ‘ਚੋਂ ਸੂਬੇ ਵਿਚ ਪੋਸਟ ਗਰੈਜੂਏਟ ਕੇਵਲ 163 ਸਰਪੰਚ, 1049 ਗਰੈਜੂਏਟ, ਜਦਕਿ ਮੈਟ੍ਰਿਕ ਪਾਸ ਦੀ ਗਿਣਤੀ ਸਭ ਤੋਂ ਵੱਧ 4565 ਹੈ। ਇਸ ਤੋਂ ਇਲਾਵਾ 1989 ਸਰਪੰਚ ਪ੍ਰਾਇਮਰੀ ਪਾਸ ਹਨ ਅਤੇ ਅਜੇ ਵੀ 1485 ਸਰਪੰਚ ਅੱਖ਼ਰ ਗਿਆਨ ਤੋਂ ਵਿਹੂਣੇ ਹਨ ਅਤੇ ਪਹਿਲੇ ਪੰਜ ਜ਼ਿਲ੍ਹਿਆਂ ਵਿਚੋਂ ਸਭ ਤੋਂ ਪਿੱਛੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਹੈ। ਇਸੇ ਪ੍ਰਕਾਰ ਸੂਬੇ ਵਿਚ ਸਭ ਤੋਂ ਵੱਧ ਪੜੇ ਲਿਖ਼ੇ ਲੋਕਾਂ ਵਾਲੇ ਜ਼ਿਲ੍ਹੇ ਦਾ ਦਰਜ਼ਾ ਪ੍ਰਾਪਤ ਹੁਸ਼ਿਆਪੁਰ ਹੀ ਇਕ ਅਜਿਹਾ ਜ਼ਿਲ੍ਹਾ ਹੈ ਜਿਥੇ ਮੈਟ੍ਰਿਕ ਤੋਂ ਲੈ ਕੇ ਪੋਸਟ ਗਰੈਜੂਏਟਾਂ ਦੀ ਗਿਣਤੀ ਸਭ ਤੋਂ ਵੱਧ ਹੈ। ਹੁਸ਼ਿਆਪੁਰ ਵਿਚ ਬੀ. ਏ. ਪਾਸ ਸਰਪੰਚਾਂ ਦੀ ਗਿਣਤੀ 145 ਅਤੇ 26 ਪੋਸਟ ਗਰੈਜੂਏਟ ਸਰਪੰਚ ਹਨ। ਦੂਜੇ ਪਾਸੇ ਪਹਿਲੇ ਪੰਜ ਗਰੈਜੂਏਟ ਸਰਪੰਚਾਂ ਵਾਲੇ ਜ਼ਿਲ੍ਹਿਆਂ ਵਿਚੋਂ ਗੁਰਦਾਸਪੁਰ ਦੂਜੇ ਨੰਬਰ ‘ਤੇ, 77 ਸਰਪੰਚਾਂ ਨਾਲ ਲੁਧਿਆਣਾ ਤੀਸਰੇ, 74 ਸਰਪੰਚਾਂ ਨਾਲ ਜ਼ਿਲ੍ਹਾ ਪਟਿਆਲਾ ਚੌਥੇ, 66 ਗਰੈਜੂਏਟ ਸਰਪੰਚਾਂ ਨਾਲ ਜਲੰਧਰ 5ਵੇਂ ਸਥਾਨ ‘ਤੇ ਹੈ। ਪੋਸਟ ਗਰੈਜੂਏਟ ਸਰਪੰਚਾਂ ਦੇ ਪਹਿਲੇ 5 ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਪੁਰ ‘ਚ ਸਭ ਤੋਂ ਵੱਧ 26 ਸਰਪੰਚ ਪੋਸਟ ਗਰੈਜੂਏਟ ਹਨ, ਦੂਜੇ ਪਾਸੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦੇ ਆਪਣੇ ਜੱਦੀ ਜ਼ਿਲ੍ਹੇ ਬਠਿੰਡਾ ਜਿਸ ਦਾ ਤਾਰੁਫ਼ ਪਹਿਲਾਂ ਪੱਛੜੇ ਜ਼ਿਲ੍ਹੇ ਕਰਕੇ ਹੁੰਦਾ ਸੀ, ਨੇ ਪੜ੍ਹਾਈ ਲਿਖ਼ਾਈ ਦੇ ਮਾਮਲੇ ਵਿਚ ਕੀਤੀ ਤਰੱਕੀ ਨੂੰ ਬਾਖੂਬੀ ਪੇਸ਼ ਕਰਦਿਆਂ ਸਾਖ਼ਰਤਾ ਦੇ ਸਿਰ ‘ਤੇ ਵੱਡਾ ਮਾਣ ਹਾਸਲ ਕਰਦਿਆਂ 19 ਪੋਸਟ ਗਰੈਜੂਏਟ ਸਰਪੰਚਾਂ ਦੇ ਦਮ ‘ਤੇ ਸੂਚੀ ਵਿਚ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਕਾਰ ਜਲੰਧਰ, ਗੁਰਦਾਸਪੁਰ, ਪਟਿਆਲਾ ਵਿਚ ਇਕੇ ਜਿੰਨ੍ਹੇ 15-15 ਸਰਪੰਚਾਂ ਦੀ ਗਿਣਤੀ ਹੋਣ ਕਰਕੇ ਇਹ ਜ਼ਿਲ੍ਹੇ ਕ੍ਰਮ ਵਿਚ ਬਠਿੰਡਾ ਤੋਂ ਪਿੱਛੇ ਰਹਿ ਗਏ ਹਨ। ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਸੂਬੇ ‘ਚ ਪਿੰਡਾਂ ਦੀ ਨੁਮਾਇੰਦਗੀ ਕਰਨ ਵਾਲੇ ਇਨ੍ਹਾਂ ਨੁਮਾਇੰਦਿਆਂ ਨੂੰ ਸਾਖ਼ਰ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਸ: ਗੁਰਪ੍ਰੀਤ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਬਠਿੰਡਾ ਵਿਚ ਇਸ ਸਬੰਧੀ ਵਿਸ਼ੇਸ਼ ਟੀਮ ਨੂੰ ਗਠਿਤ ਕਰਕੇ ਇਹ ਕਾਰਜ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਦੇ ਵਿਕਾਸ ਅਤੇ ਭਲਾਈ ਯੋਜਨਾ ਸਬੰਧੀ ਰਾਜ ਸਰਕਾਰ ਦੀਆਂ ਸਕੀਮਾਂ ਅਤੇ ਉਨ੍ਹਾਂ ਤੇ ਅਮਲ ਲਈ ਅਗਾਉ ਜਾਣਕਾਰੀ ਦੇਣ ਲਈ ਵਿਚ ਜਿਲ੍ਹਾ ਪੱਧਰੀ ਕੈਂਪਾਂ ਦਾ ਆਯੋਜਨ ਕਰਕੇ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਕੀਮ ਹੈ ਤਾਂ ਜੋ ਪਿੰਡਾਂ ਦੇ ਵੱਧ ਪੜੇ ਲਿਖੇ ਨੌਜਵਾਨਾਂ ਨੂੰ ਵੀ ਇਸ ਵਿਚ ਸ਼ਾਮਲ ਕਰਕੇ ਉਨ੍ਹਾਂ ਦਾ ਸਹਿਯੋਗ ਲਿਆ ਜਾ ਸਕੇ।