ਜਿਹੜਾ ਵੇਲਾ ਲੰਘੇ ਉਹਦਾ ਸ਼ੁਕਰ ਮਨਾਈਦਾ, ਉਧਾਰਿਆਂ ਸਾਹਾਂ ਦਾ ਨਈਂਓ ਮਾਣ ਜਤਾਈਦਾ।
ਉਹਦੀਆਂ ਉਹ ਜਾਣੇ ਜਿਨ ਸ੍ਰਿਸ਼ਟੀ ਰਚਾਈ ਏ, ਸਾਹਾਂ ਵਾਲੀ ਚਾਬੀ ਭਰ ਮਿੱਟੀ ‘ਚ ਟਿਕਾਈ ਏ।
ਮਿੱਟੀ ਦੇ ਖਿਡੌਣੇ ਆਂ ਜੀ ਮਿੱਟੀ ਮਿਲ ਜਾਈਦਾ, ਉਧਾਰਿਆਂ ਸਾਹਾਂ ਦਾ ਨਈਂਓ ਮਾਣ ਜਤਾਈਦਾ।
ਹੁੰਦੇ ਤਾਣ ਬੰਦਾ ਕਦੇ ਮੋਹ ਨਈਂ ਵਿਸਾਰਦਾ, ਸਭ ਕੁਝ ਹਾਰੇ ਪਰ “ਮੈਂ” ਨਈਂ ਉਹ ਹਾਰਦਾ।
ਝੂਠੇ ਮਾਇਆ ਜਾਲ ਨਾ ਨਈਂ ਆਪਾ ਭਰਮਾਈਦਾ, ਉਧਾਰਿਆਂ ਸਾਹਾਂ ਦਾ ਨਈਂਓ ਮਾਣ ਜਤਾਈਦਾ।
ਬਹਿਕੇ ਉੱਚੀ ਸ਼ਾਖ਼ਾ ਪੰਛੀ ਮੱਲਾਂ ਰਹਿੰਦਾ ਮੱਲਦਾ, ਮਾਲੀ ਦਾ ਨਾ ਭੇਦ ਜਾ ਸ਼ਿਕਾਰੀਆਂ’ ਚ ਰੱਲਦਾ।
ਤੋੜ ਨਈਂਓ ਕੋਈ ਵੀ ਉੁਹਦੀ ਨਜ਼ਰ ਟਿਕਾਈਦਾ, ਉਧਾਰਿਆਂ ਸਾਹਾਂ ਦਾ ਨਈਂਓ ਮਾਣ ਜਤਾਈਦਾ।
ਸਾਂਭ ਕੇ ਤੂੰ ਰੱਖ “ਜੀਤ “ਬੋਲਾਂ ਵਾਲੇ ਬਾਣ ਨੀ, ਰਿਸ਼ਤੇ ਪਿਆਰਿਆਂ ਦੇ ਹੋ ਨਾ ਜਾਣ ਘਾਣ ਨੀ।
ਹੋਵੇ ਜੰਗ ਸ਼ਬਦਾਂ ਦੀ ਕਦੇ ਹਰ ਵੀ ਆ ਜਾਈਦਾ, ਉਧਾਰਿਆਂ ਸਾਹਾਂ ਦਾ ਨਈਂਓ ਮਾਣ ਜਤਾਈਦਾ।
ਉਧਾਰਿਆਂ ਸਾਹਾਂ ਦਾ ਨਈਂਓ ਜਸ਼ਨ ਮਨਾਈਦਾ, ਉਧਾਰਿਆਂ ਸਾਹਾਂ ਦਾ ਨਈਂਓ ਮਾਣ ਜਤਾਈਦਾ।
-ਸੁਰਜੀਤ ਕੌਰ ਬੈਲਜ਼ੀਅਮ