ਕੈਨੇਡਾ ਦੀ ਧਰਤੀ ‘ਤੇ ਗ਼ਦਰੀ ਬਾਬਿਆਂ ਦੀ ਸ਼ਤਾਬਦੀ ਵਰ੍ਹੇਗੰਢ ‘ਤੇ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਡੇਸ਼ਨ ਕੈਨੇਡਾ ਵੱਲੋਂ ਸਾਲਾਨਾ ‘ਮੇਲਾ ਗ਼ਦਰੀ ਬਾਬਿਆਂ ਦਾ ਮਨਾਇਆ ਗਿਆ, ਜਿਸ ਵਿਚ ਹਜ਼ਾਰਾਂ ਪੰਜਾਬੀ ਕੈਨੇਡਾ ਅਤੇ ਅਮਰੀਕਾ ਦੇ ਕੋਨੇ-ਕੋਨੇ ਤੋਂ ਸ਼ਾਮਿਲ ਹੋਏ। ਲਗਾਤਾਰ 8 ਘੰਟੇ ਤੱਕ ਬੇਅਰ ਕਰੀਕ ਪਾਰਕ ਸਰੀ ‘ਚ ਜੁੜੇ ਇਸ ਮੇਲੇ ‘ਚ ਗ਼ਦਰ ਲਹਿਰ ਦੇ 100 ਸਾਲਾ ‘ਤੇ ਮਹੱਤਵਪੂਰਨ ਮਤਿਆਂ ਲਈ ਜਨਤਾ ਵੱਲੋਂ ਪ੍ਰਧਾਨਗੀ ਲਈ ਗਈ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਚੇਅਰਮੈਨ ਸਾਹਿਬ ਥਿੰਦ ਵੱਲੋਂ ਪੜ੍ਹੇ ਮਤਿਆਂ ਨੂੰ ਲੋਕਾਂ ਦੋਵੇਂ ਹੱਥ ਖੜੇ੍ਹ ਕਰਕੇ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ‘ਚ ਗ਼ਦਰੀ ਯੋਧਿਆਂ ਦੇ ਨਾਂਅ ‘ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਯੂਨੀਵਰਸਿਟੀ ਸਥਾਪਿਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਤੋਂ ਇਲਾਵਾ ਜਿਹੜੇ ਦੇਸ਼ ਭਗਤਾਂ ਦੀਆਂ ਜਾਇਦਾਦਾਂ ਅੰਗਰੇਜ਼ ਸਰਕਾਰ ਵੇਲੇ ਜ਼ਬਤ ਹੋਈਆਂ ਤੇ ਅਜੇ ਤੱਕ ਵਾਰਿਸਾਂ ਨੂੰ ਮੋੜੀਆਂ ਨਹੀਂ ਗਈਆਂ, ਉਨ੍ਹਾਂ ਦੀ ਵਾਪਸੀ ਕੀਤੇ ਜਾਣ, ਕੈਨੇਡਾ ਦੇ ਭਾਰਤੀ ਸਫ਼ਾਰਤਖਾਨਿਆਂ ‘ਚ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਲਗਾਏ ਜਾਣ ਅਤੇ ਕੈਨੇਡਾ ਦੀ ਪਾਰਲੀਮੈਂਟ ‘ਚ ਕਾਮਾਗਾਟਾਮਾਰੂ ਦੁਖਾਂਤ ਦੀ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ ਗਈ। 24 ਸਾਲਾਂ ਤੋਂ ਗ਼ਦਰੀ ਬਾਬਿਆਂ ਨੂੰ ਸਮਰਪਿਤ ਇਸ ਸੰਸਥਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਗ਼ਦਰੀ ਬਾਬੇ ਨਿਰੰਜਨ ਸਿੰਘ ਪੰਡੋਰੀ ਦੇ ਪੋਤਰੇ ਮਨਜੀਤ ਸਿੰਘ ਢਿੱਲੋਂ ਸਮੇਤ ਮਹਿਮਾਨਾਂ ਨੇ ਗ਼ਦਰੀ ਝੰਡਾ ਲਹਿਰਾਇਆ ਤੇ ਸੋਵੀਨਾਰ ਰਿਲੀਜ਼ ਕੀਤਾ। ਪ੍ਰਸਿੱਧ ਪੰਜਾਬੀ ਗਾਇਕਾਂ ਅਮਰਿੰਦਰ ਗਿੱਲ, ਮੋਹਸਿਨ ਸ਼ੌਕਤ ਅਲੀ, ਕਮਲ ਖਾਨ, ਬਲਬੀਰ ਬੋਪਾਰਾਏ, ਦਲਜੀਤ ਕੌਰ, ‘ਨਾਬਰ’ ਫ਼ਿਲਮ ਦੇ ਨਾਇਕ ਨਿਸ਼ਾਨ ਘੁੰਮਣ ਤੇ ਹਰਦੇਵ ਸਿੰਘ ਜੱਸੋਵਾਲ ਨੇ ਭਰਪੂਰ ਮਨੋਰੰਜਨ ਕੀਤਾ। ਕੈਨੇਡਾ ਦੇ ਮੁੱਖ ਵਿਰੋਧੀ ਦਲ ਨਿਊ ਡੈਮੋਕਰੇਟਿਵ ਪਾਰਟੀ ਦੇ ਪ੍ਰਧਾਨ ਅਤੇ ਸੰਭਾਵੀ ਪ੍ਰਧਾਨ ਮੰਤਰੀ ਥਾਮਸ ਮਲਕੇਅਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਕਾਮਾਗਾਟਾਮਾਰੂ ਦੁਖਾਂਤ ਲਈ ਉਹ ਕੈਨੇਡਾ ਪਾਰਲੀਮੈਂਟ ‘ਚ ਮੁਆਫ਼ੀ ਮੰਗਣਗੇ। ਉਨ੍ਹਾਂ ਤੋਂ ਇਲਾਵਾ ਲਿਬਰਲ ਪਾਰਟੀ ਦੇ ਆਗੂ ਰਾਲਫ਼ ਗੁਡੇਲ, ਮੰਤਰੀ ਅਮਰੀਕ ਸਿੰਘ ਵਿਰਕ, ਪੀਟਰ ਫਾਸਬੈਂਡਰ, ਐਮ. ਪੀ. ਜਸਬੀਰ ਸਿੰਘ ਸੰਧੂ, ਜਿੰਨੀ ਸਿਮਜ਼, ਪੰਜਾਬ ਦੇ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸਾਬਕਾ ਐਮ. ਪੀ. ਗੁਰਮੰਤ ਸਿੰਘ ਗਰੇਵਾਲ, ਸੁੱਖ ਧਾਲੀਵਾਲ, ਜਗਰੂਪ ਬਰਾੜ, ਪਾਲ ਬਰਾੜ, ਡਾ: ਪ੍ਰਗਟ ਸਿੰਘ ਭੁਰਜੀ, ਹਰਚੰਦ ਸਿੰਘ ਚੰਦੀ, ਸੋਹਣ ਸਿੰਘ ਪੂੰਨੀ ਅਤੇ ਸਿਆਟਲ ਤੋਂ ‘ਅਜੀਤ’ ਦੇ ਪੱਤਰਕਾਰ ਗੁਰਚਰਨ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ। ਮਾਨਵਵਾਦੀ ਸੇਵਾ ਲਈ ਸੁਰਿੰਦਰ ਸਿੰਘ ਕੈਂਥ ਬਰਨਾਲਾ ਨੂੰ ਗ਼ਦਰੀ ਬਾਬਿਆਂ ਦੇ ਮੇਲੇ ‘ਚ ਸਨਮਾਨਿਤ ਕੀਤਾ ਗਿਆ। ਸੁਖਵਿੰਦਰ ਸਿੰਘ ਚੀਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਰਾਜ ਪੱਡਾ, ਤਾਜ ਸਿੱਧੂ, ਸਰਬਜੀਤ ਸਿੰਘ ਗਿੱਲ, ਕਿਰਨਪਾਲ ਸਿੰਘ ਗਰੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।