ਵੀਰਵਾਰ 12 ਨਵੰਬਰ 2015 (27 ਕੱਤਕ ਸੰਮਤ 547 ਨਾਨਕਸ਼ਾਹੀ)

87
Today's Mukhwak from G.Damdama Sahib Thatta

Today's Mukhwak from G.Damdama Sahib Thatta

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥ ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥ {ਅੰਗ 746}

ਅਰਥ: ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣ ਵਾਲੇ ਲਾਲਪ੍ਰਭੂ ਦੀ ਹੈ। ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ।੧।ਰਹਾਉ। ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ। (ਹਰੇਕ ਸਰੀਰਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ। ਪਿਆਰਾ ਪ੍ਰਭੂ(ਹਰੇਕ ਸਰੀਰਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ, ਅਤੇ ਉੱਥੇ ਆਨੰਦ ਮਾਣਦਾ ਹੈ। ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ।੧। ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ, ਵਿਸ਼ੇਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ। ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ, ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ, (ਪ੍ਰਭੂ ਦਾ) ਦਰਸਨ ਕਰਦਾ ਹੈ। ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ, ਉਹ ਮੁੜ ਜਨਮਮਰਣ ਦੇ ਗੇੜ ਵਿਚ ਨਹੀਂ ਭਟਕਦਾ।੨।੧।੪੪।