ਬੇਅਦਬੀ ਨੂੰ ਲੈ ਕੇ ਸੀਚੇਵਾਲ ‘ਚ ਹੋਇਆ ਰੋਸ ਮਾਰਚ-ਪੜ੍ਹੋ ਪੂਰੀ ਖਬਰ

49

Untitled-1 copy

ਪੰਜਾਬ ਦੇ ਵੱਖ-ਵੱਖ ਥਾਵਾਂ ‘ਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਿਰੁੱਧ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਮਹਾਂਪੁਰਸ਼ਾਂ ਦੀ ਅਗਵਾਈ ‘ਚ ਪਿੰਡ ਦੇ ਲੋਕਾਂ ਨੇ ਰੋਸ ਮਾਰਚ ਕੀਤਾ। ਬਾਅਦ ਦੁਪਹਿਰ ਹੋਏ ਇਸ ਰੋਸ ਮਾਰਚ ‘ਚ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਨਿਰਮਲ ਕੁਟੀਆ ਲੋਹੀਆਂ ਤੋਂ ਸੰਤ ਪਾਲ ਸਿੰਘ, ਬਿੱਲੀ ਬੜੈਚ ਤੋਂ ਬਾਬਾ ਗੁਰਮੇਜ ਸਿੰਘ, ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ, ਪੰਚ ਸੁਰਜੀਤ ਸਿੰਘ ਸ਼ੰਟੀ, ਸਰਪੰਚ ਰਜਵੰਤ ਕੌਰ ਸ਼ਾਮਿਲ ਸਨ। ਰੋਸ ਮਾਰਚ ‘ਚ ਬਜ਼ੁਰਗ, ਨੌਜਵਾਨ, ਔਰਤਾਂ ਅਤੇ ਬੱਚੇ ਸ਼ਾਮਿਲ ਸਨ। ਇਸ ਰੋਸ ਮਾਰਚ ਵਿੱਚ ਸੰਤ ਅਵਤਾਰ ਸਿੰਘ ਜੀ ਦੀ ੯੦ ਸਾਲਾ ਮਾਤਾ ਗੁਰਦਿਆਲ ਕੌਰ ਵੀ ਸ਼ਾਮਿਲ ਸੀ। ਰੋਸ ਮਾਰਚ ਕਰਨ ਵਾਲਿਆਂ ਦੇ ਹੱਥਾਂ ‘ਚ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਬਾਰ-ਬਾਰ ਮੰਗ ਕਰ ਰਹੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਬਹਿਬਲ ਕਲਾਂ ‘ਚ ਰੋਸ ਪ੍ਰਗਟਾ ਰਹੀਆਂ ਸਗਤਾਂ ‘ਤੇ ਗੋਲੀਆਂ ਚਲਾਉਣ ਵਾਲੇ ਅਧਿਕਾਰੀਆਂ ‘ਤੇ ਕਤਲ ਦੇ ਕੇਸ ਦਰਜ਼ ਕੀਤੇ ਜਾਣ। ਇਹ ਰੋਸ ਮਾਰਚ ਨਿਰਮਲ ਕੁਟੀਆ ਸੀਚੇਵਾਲ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ। ਤਖਤੀਆਂ ਉੱਪਰ ਲਿਖਿਆ ਹੋਇਆ ਸੀ ਕਿ ‘ਲੋਕਾਂ ਦੇ ਜ਼ਜਬਾਤਾਂ ਨੂੰ ਅੱਗਾਂ ਨਾ ਲਗਾਓ’ ਅਤੇ ‘ਰਾਹ ਨਾ ਰੋਕੋ, ਸਚਾਈ ਦੇ ਰਾਹ ਦਿਖਾਓ’ ਨਾਅਰੇ ਲਿਖੇ ਹੋਏ ਸਨ। ਇਸ ਰੋਸ ਮਾਰਚ ਵਿੱਚ ਪਿੰਡ ਸੀਚੇਵਾਲ ਤੋਂ ਇਲਾਵਾ ਨਿਹਾਲੂਵਾਲ, ਮਾਲੂਪੁਰ, ਤਲਵੰਡੀ ਮਾਧੋ, ਚੱਕਚੇਲਾ, ਚਾਚੋਵਾਲ, ਬਦਲੀ, ਬਾੜਾ ਜਗੀਰ, ਮੁਰੀਦਵਾਲ, ਸੋਹਲ ਖਾਲਸਾ, ਆਧੀ, ਮਾਹਲਾ ਅਤੇ ਮਹਿੰਮੂਵਾਲ ਆਦਿ ਪਿੰਡਾਂ ਵਿੱਚੋਂ ਲੋਕਾਂ ਨੇ ਬੜੀ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਸੰਤ ਸੀਚੇਵਾਲ ਨੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਰੋਸ ਪ੍ਰਗਟਾਉਣ ਦਾ ਢੰਗ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਸਰਕਾਰ ‘ਤੇ ਵੱਧ ਤੋਂ ਵੱਧ ਦਬਾਅ ਬਣੇ। ਉਨ੍ਹਾਂ ਰੋਸ ਪ੍ਰਗਟਾਉਣ ਲਈ ਰੁੱਖ ਵੱਢ ਕੇ ਰਾਹ ਰੋਕੇ ਜਾਣ ਦੇ ਵਰਤਾਰੇ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਹਰ ਇੱਕ ਨੂੰ ਬਹੁਤ ਦੁੱਖ ਹੈ। ਸਿੱਖ ਜਗਤ ਦੇ ਇਸ ਦੁੱਖ ਵਿੱਚ ਸਭ ਜਾਤਾਂ ਤੇ ਧਰਮਾਂ ਦੇ ਲੋਕਾਂ ਨੂੰ ਦਿਲੋਂ ਹਮਦਰਦੀ ਹੈ ਪਰ ਪੱਕੇ ਤੌਰ ‘ਤੇ ਧਰਨੇ ਲਗਾਉਣਾ ਸਮੱਸਿਆ ਦਾ ਹੱਲ ਨਹੀਂ ਹੈ। ਇਸ ਮੌਕੇ ਸੂਬਾ ਸਿੰਘ ਚੱਕਚੇਲਾ, ਜੋਗਾ ਸਿੰਘ, ਨੰਬਰਦਾਰ ਨਿਰਮਲ ਸਿੰਘ, ਹਰਜਿੰਦਰ ਸਿੰਘ ਮਠਾੜੂ, ਜਗਤਾ ਸਿੰਘ ਆਧੀ, ਤਰਲੋਕ ਸਿੰਘ, ਹਰਭਜਨ ਸਿੰਘ ਕਾਮਰੇਡ, ਨੰਬਰਦਾਰ ਕ੍ਰਿਪਾਲ ਸਿੰਘ, ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਅਤੇ ਸਰਪੰਚ ਜਗਦੀਸ਼ ਸਿੰਘ ਆਦਿ ਹਾਜ਼ਰ ਸਨ।