ਵੇਈਂ ਦਾ ਕਾਰਜ ਦੇਸ਼ ਨੂੰ ਰਾਹ ਦਿਖਾਉਣ ਵਾਲਾ
ਬਾਬੇ ਨਾਨਕ ਦੀ ਵੇਈਂ ਦੇ ਮੁੱਢ ਸਰੋਤ ਨੇੜੇ ਦਸੂਹਾ ਹਲਕੇ ਵਿੱਚ ਇਸ ਦੇ ਕੰਢੇ ਮਜ਼ਬੂਤ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਚਲਾਈ ਜਾ ਰਹੀ ਕਾਰ ਸੇਵਾ ਦੌਰਾਨ ਸੰਤ ਨਿਰਮਲ ਦਾਸ ਜੀ ਡੇਰਾ ਬਾਬੇ ਜੌੜੇ ਵਾਲੇ ਸੰਗਤਾਂ ਸਮੇਤ ਕਾਰ ਸੇਵਾ ‘ਚ ਯੋਗਦਾਨ ਪਾਉਣ ਲਈ ਉਚੇਚੇ ਤੌਰ ‘ਤੇ ਪਹੁੰਚੇ।ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮੋਹਨ ਲਾਲ ਨੇ ਕਾਰ ਸੇਵਾ ਵਾਲੀ ਥਾਂ ਜਾ ਕੇ ਸੰਤ ਸੀਚੇਵਾਲ ਜੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਸਲਾਂਘਾ ਕੀਤੀ। ਉਧਰ ਸਰਕਾਰੀ ਧਿਰ ਨੇ ਇੱਕਵਾਰ ਫਿਰ ਕਿਹਾ ਕਿ ਇਸ ਇਲਾਕੇ ਵਿੱਚ ਸੇਮ ਦੀ ਕੋਈ ਸਮੱਸਿਆ ਨਹੀਂ ਹੈ।
ਪਿੱਛਲੇ ਤਿੰਨ ਹਫ਼ਤਿਆਂ ਤੋਂ ਦਸੂਹਾ ਇਲਾਕੇ ਵਿੱਚ ਬਾਬੇ ਨਾਨਕ ਦੀ ਵੇਈਂ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਵੇਈਂ ਦੇ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਚੱਲਦੀ ਕਾਰ ਸੇਵਾ ਦੌਰਾਨ ਸ਼੍ਰੀ ਗੁਰੂ ਰਵੀਦਾਸ ਸਾਧੂ ਸੰਪਰਦਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਤੇ ਡੇਰਾ ਬਾਬਾ ਜੌੜਾ ਦੇ ਮੁਖੀ ਸੰਤ ਨਿਰਮਲ ਦਾਸ ਜੀ ਉਚੇਚੇ ਤੌਰ ‘ਤੇ ਸੇਵਾ ਵਿੱਚ ਹਿੱਸਾ ਲੈਣ ਲਈ ਪਹੁੰਚੇ। ਬਾਬੇ ਨਾਨਕ ਦੇ ਇਤਿਹਾਸ ਨਾਲ ਜੁੜੀ ਇਸ ਪਵਿੱਤਰ ਵੇਈਂ ਦਾ ਸਿੱਖ ਜਗਤ ਵਿੱਚ ਅਹਿਮ ਅਸਥਾਂਨ ਹੈ। ਸੰਤ ਨਿਰਮਲ ਦਾਸ ਜੀ ਨੇ ਇਸ ਮੌਕੇ ਸੰਗਤਾਂ ਸਮੇਤ ਮਿੱਟੀ ਦੇ ਆਪ ਬੋਰੇ ਭਰਨ ਦੀ ਕਾਰ ਸੇਵਾ ਕੀਤੀ। ਸੰਤ ਸੀਚੇਵਾਲ ਜੀ ਵੀ ਸੰਗਤਾਂ ਨਾਲ ਆਪ ਮੋਹਰੇ ਹੋ ਕੇ ਮਿੱਟੀ ਦੇ ਬੋਰੇ ਭਰਵਾ ਰਹੇ ਸਨ। ਵੇਈਂ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਢਿੱਗਾਂ ਡਿੱਗਣ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਪਹਿਲਾ ਕਈਆਂ ਨੇ ਇਸ ਗੱਲ ਦਾ ਗਿਲਾ ਕੀਤਾ ਸੀ ਕਿ ਵੇਈਂ ਵਿੱਚ ਪਾਣੀ ਹੋਣ ਕਾਰਨ ਸੇਮ ਵੱਧ ਗਈ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ‘ਤੇ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਦੋ ਵਾਰ ਕਰਵਾਏ ਗਏ ਸਰਵੇ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਇਲਾਕੇ ਵਿੱਚ ਵੇਈਂ ਕਾਰਨ ਕੋਈ ਸੇਮ ਨਹੀਂ ਹੋ ਰਹੀ ਸਗੋਂ ਵੇਈਂ ਦੇ ਵੱਗਣ ਨਾਲ ਸੇਮ ਘੱਟ ਗਈ ਹੈ।
ਇਸ ਮੌਕੇ ਸੰਤ ਨਿਰਮਲ ਦਾਸ ਜੀ ਨੇ ਕਿਹਾ ਕਿ ਇਸ ਖਿੱਤੇ ਵਿੱਚ ਜੋ ਕਾਰਜ ਸੰਤ ਸੀਚੇਵਾਲ ਜੀ ਨੇ ਸਮਾਜ ਦੇ ਹਿੱਤਾਂ ਲਈ ਕੀਤੇ ਹਨ ਉਹ ਕੋਈ ਵੀ ਹੋਰ ਨਹੀਂ ਕਰਵਾ ਸਕਦਾ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਯਾਦ ਨਾਲ ਜੁੜੀ ਇਸ ਧਰੋਹਰ ਪਵਿੱਤਰ ਕਾਲੀ ਵੇਈਂ ਨੂੰ ਮੁੜ ਜੀਵਤ ਕਰਨ ਦਾ ਜੋ ਕੰਮ ਸੰਤ ਸੀਚੇਵਾਲ ਜੀ ਨੇ ਕੀਤਾ ਹੈ ਉਸ ਕਾਰਨ ਸਾਰਾ ਸਿੱਖ ਜਗਤ ਉਨ੍ਹਾ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਕਾਰ ਸੇਵਾ ਵਿੱਚ ਉਨ੍ਹਾਂ ਦੇ ਏਰੇ ਵੱਲੋਂ ਵੀ ਸੰਗਤਾਂ ਭੇਜੀਆਂ ਜਾਣਗੀਆਂ ਅਤੇ ਵੱਧ ਤੋਂ ਵੱਧ ਖਾਲੀ ਬੋਰੇ ਇਕੱਠੇ ਕਰ ਕੇ ਭੇਜੇ ਜਾਣਗੇ।
ਦਸੂਹਾ ਖੇਤਰ ਵਿੱਚ ਚੱਲ ਰਹੀ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੌਰਾਨ ਮਿੱਟੀ ਦੇ ਬੋਰਿਆਂ ਨਾਲ ਭਰੇ ਕਰੇਟ ਲਗਾ ਕਿ ਕੰਢੇ ਮਜ਼ਬੂਤ ਕੀਤੇ ਜਾ ਰਹੇ ਹਨ। ਇਸ ਕਾਰ ਸੇਵਾ ਦੌਰਾਨ ਦਸੂਹਾ ਇਲਾਕੇ ਦੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਮਿੱਟੀ ਦੇ ਕੇ ਕਾਰ ਸੇਵਾ ਵਿੱਚ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਲਈ ਪੈਦਲ ਲਾਂਘੇ ਵਾਲੇ ਪੁੱਲ ਲਗਾਉਣ ਦੀ ਕਾਰ ਸੇਵਾ ਵੀ ਵੱਡੇ ਪੱਧਰ ‘ਤੇ ਚੱਲ ਰਹੀ ਹੈ। ਗਾਲੋਵਾਲ ਤੋਂ ਪੂਛਾਂ ਵਾਲੇ ਪੁੱਲ ਤੱਕ ਪਵਿੱਤਰ ਕਾਲੀ ਵੇਈਂ ਦੇ ਕੰਢੇ -ਕੰਢੇ ਰਸਤਾ ਬਣਾਉਣ ਦੀ ਕਾਰ ਸੇਵਾ ਵੀ ਨਿਰੰਤਰ ਚੱਲ ਰਹੀ ਹੈ। ਇਸ ਕਾਰ ਸੇਵਾ ਨਾਲ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ।
ਇਸ ਕਾਰ ਸੇਵਾ ਦੌਰਾਨ ਹੀ ਭਾਜਪਾ ਦੇ ਸਾਬਕਾ ਮੰਤਰੀ ਮੋਹਨ ਲਾਲ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਤਾਂ ਹਰ ਖੇਤਰ ਵਿੱਚ ਸਮਾਜ ਦਾ ਭਲਾ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜੀ ਦੀ ਅਗਵਾਈ ਹੇਠ ਚੱਲੀ ਇਸ ਕਾਰ ਸੇਵਾ ਨੇ ਮੋਦੀ ਸਰਕਾਰ ਨੂੰ ਇੱਕ ਰਾਹ ਦਿਖਾਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਕਿਵੇਂ ਗੰਗਾ ਨੂੰ ਸਾਫ ਕਰਨ ਵਾਲਾ ਮਾਡਲ ਦੇਸ਼ ਦੇ ਲੋਕਾਂ ਸਾਹਮਣੇ ਰੱਖਿਆ ਹੈ।ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜੀ ਵੱਲੋਂ ਦਸੂਹਾ ਹਲਕੇ ਵਿੱਚ ਸੇਮ ਖਤਮ ਕਰ ਕਿਸਾਨਾਂ ਨੂੰ ਵੱਡੇ ਕਿਸਾਨੀ ਸੰਕਟ ਵਿੱਚੋਂ ਕੱਢਿਆ ਹੈ। ਇਹ ਕੰਮ ਸੂਬੇ ਦੀਆਂ ਸਰਕਾਰਾਂ ਕਦੇ ਵੀ ਨਹੀਂ ਸੀ ਕਰ ਸਕਦੀਆਂ । ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਵੀ ਹਾਜ਼ਰ ਸਨ ਜਿੰਨ੍ਹਾਂ ਨੇ ਬੀਤੇ ਦਿਨੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਪੱਤਰ ਲਿਖਕੇ ਮੰਗ ਕੀਤੀ ਸੀ ਕਿ ਵੇਈਂ ਦੇ ਕਾਰਜਾਂ ਵਿੱਚ ਅੜਿੱਕੇ ਪਾਉਣ ਵਾਲੇ ਭਾਜਪਾ ਆਗੂਆਂ ਨੂੰ ਵਰਜਿਆ ਜਾਵੇ ਜਿਹੜੇ ਬਾਬੇ ਨਾਨਕ ਦੀ ਵੇਈਂ ਦੀ ਹੋਂਦ ਨੂੰ ਖਤਮ ਕਰਨਾ ਚਹੁੰਦੇ ਹਨ।