ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ ਸਨਿਚਰਵਾਰ 29 ਅਗਸਤ 2015 (13 ਭਾਦੋਂ ਸੰਮਤ 547 ਨਾ:)

37
Today's Mukhwak from G.Damdama Sahib Thatta

Huqam
ਸੂਹੀ ਮਹਲਾ ੧ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਅੰਤਰਿ ਵਸੈ ਨ ਬਾਹਰਿ ਜਾਇ ॥ ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥ ਐਸਾ ਗਿਆਨੁ ਜਪਹੁ ਮਨ ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥ ਗਿਆਨੁ ਧਿਆਨੁ ਸਭੁ ਕੋਈ ਰਵੈ ॥ ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥ ਸੇਵਾ ਕਰੇ ਸੁ ਚਾਕਰੁ ਹੋਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥ ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥ {728}q

ਅਰਥ: ਹੇ ਮਨ! ਪਰਮਾਤਮਾ ਨਾਲ ਅਜੇਹੀ ਡੂੰਘੀ ਸਾਂਝ ਪੱਕੀ ਕਰ, (ਜਿਸ ਦੀ ਬਰਕਤਿ ਨਾਲ) ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ (ਸੱਚਾ)ਸੇਵਕ ਬਣ ਸਕੇਂ।੧।ਰਹਾਉ। (ਸੇਵਕ ਉਹ ਹੈ ਜਿਸ ਦਾ ਮਨ) ਦੁਨੀਆ ਦੇ ਰਸਾਂ ਪਦਾਰਥਾਂ ਵਲ ਨਹੀਂ ਦੌੜਦਾ, ਤੇ ਆਪਣੇ ਅੰਤਰ ਆਤਮੇ ਹੀ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ;ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਕੇ ਉਹ ਵਿਸ਼ਿਆਂ ਦਾ ਜ਼ਹਿਰ ਨਹੀਂ ਖਾਂਦਾ।੧। ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਹੈ, ਮੇਰੀ ਸੁਰਤਿ ਜੁੜੀ ਹੋਈ ਹੈ, ਪਰ (ਵੇਖਣ ਵਿਚ ਇਹ ਆਉਂਦਾ ਹੈ ਕਿ)ਸਾਰਾ ਜਗਤ ਮਾਇਆ ਦੇ ਮੋਹ ਦੀ ਫਾਹੀ ਵਿਚ ਬੱਝਾ ਹੋਇਆ ਭਟਕ ਰਿਹਾ ਹੈ (ਜ਼ਬਾਨੀ ਆਖਿਆਂ ਪ੍ਰਭੂ ਦਾ ਸੇਵਕ ਬਣ ਨਹੀਂ ਸਕੀਦਾ)।੨। ਜੋ ਮਨੁੱਖ (ਮਨ ਨੂੰ ਬਾਹਰ ਭਟਕਣੋਂ ਹਟਾ ਕੇ ਪ੍ਰਭੂ ਦਾ) ਸਿਮਰਨ ਕਰਦਾ ਹੈ ਉਹੀ (ਪ੍ਰਭੂ ਦਾ) ਸੇਵਕ ਬਣਦਾ ਹੈ, ਉਸ ਸੇਵਕ ਨੂੰ ਪ੍ਰਭੂ ਜਲ ਵਿਚ ਧਰਤੀ ਦੇ ਅੰਦਰ ਆਕਾਸ਼ ਵਿਚ ਹਰ ਥਾਂ ਵਿਆਪਕ ਦਿੱਸਦਾ ਹੈ।੩। ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ (ਹਉਮੈ ਦਾ ਤਿਆਗ ਕਰਦਾ ਹੈ ਤੇ) ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ ਕੋਈ ਮੈਥੋਂ ਮਾੜਾ ਨਹੀਂ, ਅਜੇਹੇ ਸੇਵਕ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲੈਂਦਾ ਹੈ।੪।੧।੨।