ਸ਼ਹਿਰ ਸੁਨਾਮ ਦੀ ਮਿੱਟੀ ਨੂੰ ਚੁੰਮ ਮੱਥੇ ਲਾਵਾਂ,
ਊਧਮ ਸਿੰਘ ਜਿਹੇ ਪੁੱਤ ਜੰਮਦੀਆਂ ਨਾਂ ਮਾਵਾਂ।
ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣਾ ਕੇਰਾ,
ਮੁਹੰਮਦ ਸਿੰਘ ਆਜ਼ਾਦ ਨਾਂ ਜਹਿੰਦਾ ਏ ਮੇਰਾ।
ਲਾੜ੍ਹੀ ਮੌਤ ਦੇ ਨਾਲ ਸੀ ਉਹਨੇ ਲੈ ਲਈਆਂ ਲਾਵਾਂ,
ਊਧਮ ਸਿੰਘ ਜਿਹੇ ਪੁੱਤ ਜੰਮਦੀਆਂ ਨਾਂ ਮਾਵਾਂ।
ਜਦੋਂ ਪੋਸਟਰ ਪੜ੍ਹਿਆ ਸ਼ੇਰ ਨੇ ਫਿਰ ਵਿਉਂਤ ਬਣਾਈ,
ਰੱਖ ਪਿਸਟਲ ਵਿੱਚ ਕਿਤਾਬ ਦੇ ਤੁਰ ਪਿਆ ਰਾਹੀ,
ਸਰ ਕਰਨੀਆਂ ਜਿੰਨ੍ਹਾਂ ਮੰਜ਼ਿਲਾਂ ਨਾ ਉਹ ਵੇਖਣ ਰਾਹਵਾਂ,
ਊਧਮ ਸਿੰਘ ਜਿਹੇ ਪੁੱਤ ਜੰਮਦੀਆਂ ਨਾਂ ਮਾਵਾਂ।
ਇੱਕੀ ਸਾਲ ਬਾਅਦ ਫਿਰ ਸੀ ਵੇਲਾ ਹੱਥ ਆਇਆ,
ਕੈਸਟਨ ਹਾਲ ਵਿੱਚ ਜਾ ਭੋਗ ਓਡਵਾਇਰ ਦਾ ਪਾਇਆ।
ਦਲਵਿੰਦਰ ਠੱਟੇ ਵਾਲਾ ਲਿਖੇ, ਮੈਂ ਵਾਰ ਸ਼ੇਰ ਦੀ ਗਾਂਵਾਂ,
ਊਧਮ ਸਿੰਘ ਜਿਹੇ ਪੁੱਤ ਜੰਮਦੀਆਂ ਨਾਂ ਮਾਵਾਂ।
ਊਧਮ ਸਿੰਘ ਜਿਹੇ ਪੁੱਤ ਜੰਮਦੀਆਂ ਨਾਂ ਮਾਵਾਂ।
-ਦਲਵਿੰਦਰ ਠੱਟੇ ਵਾਲਾ