ਦੁਲਾਰੀ
ਦੁਲਾਰੀ ਪੰਜ ਭੈਣ-ਭਰਾਵਾਂ ਵਿੱਚੋਂ ਵੱਡੀ,ਮਾਂ-ਬਾਪ ਦੀ ਪਹਿਲੀ ਔਲਾਦ ਸੀ। ਬੜੇ ਲਾਡ ਨਾਲ ਮਾਂ ਨੇ ਉਹਦਾ ਨਾਂ ਦੁਲਾਰੀ ਰੱਖਿਆ ਸੀ। ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਉਮਰ ਵਿੱਚ ਹੀ ਛੋਟੀਆਂ ਭੈਣਾਂ ਨੂੰ ਉੰਗਲ ਲਾਈ ਤੇ ਭਰਾਵਾਂ ਨੂੰ ਕੁੱਛੜ ਚੁੱਕੀ ਦੁਲਾਰੀ ਬਚਪਨ ਦੀ ਦਹਿਲੀਜ਼ ਨੂੰ ਕਦੋਂ ਪਾਰ ਕਰ ਗਈ ਪਤਾ ਹੀ ਨਾ ਚੱਲਿਆ। ਦੁਲਾਰੀ ਨੇ ਪਿੰਡ ਦਾ ਸਕੂਲ ਪਾਸ ਕਰ ਲਿਆ।ਘਰ ਦੇ ਕੰਮ-ਕਾਜ ਵਿੱਚ ਹੁਸ਼ਿਆਰ ਤੇ ਸਿਲਾਈ ਕਢਾਈ ਦਾ ਸ਼ੋਂਕ ਰੱਖਣ ਵਾਲੀ ਦੁਲਾਰੀ ਨੇ ਦਸਵੀਂ ਅੱਵਲ ਦਰਜ਼ੇ ਦੇ ਨੰਬਰ ਲੈ ਕੇ ਪਾਸ ਕਰ ਲਈ।ਪੜ੍ਹਾਈ ਵਿੱਚ ਉਹਦੀ ਲਗਨ ਨੂੰ ਦੇਖ ਕੇ ਮਾਂ- ਬਾਪ ਨੇ ਕਾਲਜ ਜਾਣ ਦੀ ਆਗਿਆ ਦੇ ਦਿੱਤੀ।ਦੁਲਾਰੀ ਜਿੱਥੇ ਵੀ ਜਾਂਦੀ ਆਪਣੀ ਇਮਾਨਦਾਰੀ ਤੇ ਬੁੱਧੀ ਨਾਲ ਸਭ ਦਾ ਮਨ ਜਿੱਤ ਲੈਂਦੀ।ਬਹੁਤ ਖੁਸ਼ ਸੀ,ਪੜ੍ਹ-ਲਿਖ ਕੇ ਕੁਝ ਬਣਨਾ ਚਾਹੁੰਦੀ ਸੀ ਪਰ ਕਾਲਜ ਖਤਮ ਕਰਦਿਆਂ ਹੀ ਉਸਦਾ ਵਿਆਹ ਹੋ ਗਿਆ ਤੇ ਸਪਨਾ ਅਧੂਰਾ ਰਹਿ ਗਿਆ।ਅਗਲੇ ਘਰ ਦੇ ਕਈ ਮੁਸ਼ਕਲ ਇਮਤਿਹਾਨਾਂ ਨੂੰ ਉਸ ਨੇ ਆਪਣੀ ਲਿਆਕਤ ਤੇ ਸੂਝ-ਬੂਝ ਨਾਲ ਪਾਰ ਕਰ ਲਿਆ।ਅੱਜ ਉਹ ਕਿਸੇ ਦੀ ਨੂੰਹ, ਕਿਸੇ ਦੀ ਪਤਨੀ ਤੇ ਕਿਸੇ ਦੀ ਮਾਂ ਹੈ ਪਰ ਇਸ ਸਭ ਦੇ ਵਿੱਚ ਉਹਦੀ ਆਪਣੀ ਕੋਈ ਪਹਿਚਾਣ ਨਹੀਂ।ਘਰ ਪਰਿਵਾਰ ਦੀ ਦੇਖ-ਭਾਲ ਦੇ ਨਾਲ ਉਹ ਆਪਣੇ ਪਤੀ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ। ਬਦਲੇ ਵਿੱਚ ਉਹਨੂੰ ਕਦੇ ਵੀ ਉਹ ਮਾਣ-ਸਤਿਕਾਰ ਨਹੀਂ ਮਿਲਦਾ ਜਿਸਦੀ ਉਹ ਹੱਕਦਾਰ ਹੁੰਦੀ ਹੈ।ਉਹ ਵੀ ਤਾਂ ਇੱਕ ਇਨਸਾਨ ਹੈ, ਕਈ ਵਾਰ ਮਨ ਅੰਦਰ ਲਾਵਾ ਫੁੱਟਦਾ ਹੈ, ਸਵਾਲ ਉੱਠਦਾ ਹੈ, ਆਖ਼ਰ ਕਦ ਤੱਕ? ਅੱਜ ਫਿਰ ਉਹ ਬਹੁਤ ਉਦਾਸ ਹੈ,ਸੋਚ ਰਹੀ ਹੈ ਕਿ ਉਸਦਾ ਆਪਣਾ ਵਜੂਦ ਕੀ ਹੈ?ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਸਫ਼ਰ ਆਪਣੀ ਹੋਂਦ ਨੂੰ ਲੱਭਦਾ ਹੋਇਆ ਉਹਦੀਆਂ ਅੱਖਾਂ ਅੱਗਿਓਂ ਘੁੰਮਦਾ ਜਾ ਰਿਹਾ ਹੈ,ਸੋਚ ਰਹੀ ਹੈ… ਧੀਅ ਬਣ ਕੇ ਹਰ ਫ਼ਰਜ਼ ਨਿਭਾਇਆ, ਭੈਣ ਬਣ ਕੇ ਵੀਰਾਂ ਦਾ ਮਾਣ ਵਧਾਇਆ। ਪਤਨੀ ਬਣ ਕੇ ਖ਼ੁਦ ਨੂੰ ਲੁਟਾਇਆ, ਮਾਂ ਬਣੀ ਮੋਹ ਮਮਤਾ ਦਾ ਵਰਸਾਇਆ। ਪਰ ਫਿਰ ਵੀ ਸਦਾ ਮੈਂ ਰਹੀ ਵਿਚਾਰੀ, ਵਾਹ ਦੁਲਾਰੀ! ਵਾਹ-ਵਾਹ ਰੀ ਦੁਲਾਰੀ!!! ਦਿਨ ਭਰ ਦੀ ਥਕਾਨ ਤੇ ਇਹਨਾਂ ਸੋਚਾਂ ਵਿੱਚ ਘਿਰੀ ਹੋਈ ਦੁਲਾਰੀ…ਪਤਾ ਨਹੀਂ ਕਿਹੜੇ ਵੇਲੇ ਨੀਂਦ ਰਾਣੀ ਦੀ ਗੋਦ ਵਿੱਚ ਜਾ ਬਿਰਾਜਮਨ ਹੋਈ।
-ਸੁਰਜੀਤ ਕੌਰ ਬੈਲਜ਼ੀਅਮ