ਅੰਬਰੀਂ ਉਡਦੇ ਪੰਛੀ ਸੱਜਣ, ਮਨ ਨੂੰ ਕਿੰਨੇ ਚੰਗੇ ਲੱਗਣ।
ਥੱਕ ਹਾਰ ਕੇ ਡਾਲ਼ ਤੇ ਬਹਿੰਦੇ, ਥੋੜੀ ਦੇਰ’ਚ ਫਿਰ ਉਡ ਪੈਂਦੇ।
ਸੋਚਾਂ ਵਿੱਚ ਤਾਂ ਉੱਡਦੀ ਜਾਵਾਂ, ਸੱਚ ਵਿੱਚ ਮੈਂ ਖੰਭ ਖੋਹਲ ਨਾ ਪਾਵਾਂ।
ਅੰਬਰ ਮੈਥੋਂ ਦੂਰ ਕਿਉਂ…..??
ਮੈਂ ਐਨੀ ਮਜ਼ਬੂਰ ਕਿਉਂ…..???
ਕੁਦਰਤ ਦੇ ਬੜੇ ਰੰਗ ਨਿਆਰੇ, ਸਭ ਉੱਤੋਂ ਜਾਵਾਂ ਬਲਿਹਾਰੇ।
ਫੁੱਲ ਕੰਡਿਆਂ ਦੇ ਵਿੱਚ ਵੀ ਮਹਿਕਣ, ਰੰਗ-ਬਿਰੰਗੀਆਂ ਤਿਤਲੀਆਂ ਚਹਿਕਣ।
ਮਨ ਖੁਸ਼ਬੂ ਨੂੰ ਸੁੰਘਣਾ ਚਾਹਵੇ, ਭੰਵਰਾ ਬਣਕੇ ਡੁੰਗਣਾ ਚਾਹਵੇ।
ਤਨ ਥੱਕ-ਹਾਰ ਕੇ ਚੂਰ ਕਿਉਂ…..??
ਮੈਂ ਐਨੀ ਮਜ਼ਬੂਰ ਕਿਉਂ…..???
ਬਿਨ ਅਕਾਰ ਦੇ ਬੱਦਲ ਸਾਰੇ, ਘੁੰਮਦੇ ਫਿਰਦੇ ਲੱਗਣ ਪਿਆਰੇ।
ਉਹਨਾਂ ਵਾਂਗ ਬਰਸਣਾ ਚਾਹਵਾਂ, ਬਿਜਲੀ ਵਾਂਗ ਗਰਜਣਾ ਚਾਹਵਾਂ।
ਕਈ ਅਰਮਾਨ ਜੋ ਦਿਲ ਵਿੱਚ ਦੱਬੇ, ਬੁੱਲਾਂ ਉੱਤੇ ਬਸ ਜੰਦਰੇ ਲੱਗੇ।
ਫਿਰ ਨੈਣੋਂ ਡਿੱਗਦੀ ਭੂਰ ਕਿਉਂ….??
ਮੈਂ ਐਨੀ ਮਜ਼ਬੂਰ ਕਿਉਂ…..???
ਪ੍ਰੇਮ ਰਸ ਮੈਂ ਪੀਣਾ ਚਾਹਵਾਂ, ਮਰਨ ਤੋਂ ਪਹਿਲਾਂ ਜੀਣਾ ਚਾਹਵਾਂ।
ਲਹਿਰਾਂ ਸੰਗ ਲਹਿਰਾਉਣਾ ਚਾਹਵਾਂ, ਕੰਢਿਆਂ ਸੰਗ ਟਕਰਾਉਣਾ ਚਾਹਵਾਂ।
ਰੇਤ ਵਾਂਗ ਕਿਉਂ ਕਿਰਦੀ ਜਾਵਾਂ, ਖੁਦ ਦੀ ਨਜ਼ਰੋ ਗਿਰਦੀ ਜਾਵਾਂ।
ਫਿਰ ਵੀ ਮੈਨੂੰ ਗਰੂਰ ਕਿਉਂ…..??
ਮੈਂ ਐਨੀ ਮਜ਼ਬੂਰ ਕਿਉਂ…..???
ਰੂਹ ਭਲਾ ਮੇਰੀ ਕਿਉਂ ਉਦਾਸ, ਮਨ ਦੀ ਕਿਉਂ ਨਾ ਬੁਝੇ ਪਿਆਸ।
ਸਭ ਪ੍ਰਸ਼ਨਾ ਦਾ ਉੱਤਰ ਖੁਦਾ, ਉਹਦੇ ਅੱਗੇ ਹੁਣ ਕਰਾਂ ਦੁਆ।
ਉਹਨੂੰ ਬੈਠ ਧਿਆਵਾਂਗੀ, ਮਨ ਦਾ ਭਰਮ ਮਿਟਾਵਾਂਗੀ।
ਕੋਈ ਕੱਚ, ਕੋਈ ਕੋਹਿਨੂਰ ਕਿਉਂ….??
ਮੈਂ ਐਨੀ ਮਜ਼ਬੂਰ ਕਿਉਂ…..???
ਮੈਂ ਐਨੀ ਮਜ਼ਬੂਰ ਕਿਉਂ…..???
-ਸੁਰਜੀਤ ਕੌਰ ਬੈਲਜ਼ੀਅਮ
ਬਹੁਤ ਖ਼ੂਬ !
thanks uncle ji
Bahut nice written sis
Bahut vadiya