ਧਨਾਸਰੀ ਮਹਲਾ ੫ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ {ਅੰਗ 670}
ਅਰਥ: ਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ।੧।ਰਹਾਉ। ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ–ਰਹਿਤ! ਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ।੧। ਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ। ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ–ਪ੍ਰਭੂ! ਮੇਹਰ ਕਰ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖ।੨। ਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ। ਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ।੩। ਹੇ ਮੁਰਾਰੀ! ਤੂੰ ਨਾਸ–ਰਹਿਤ ਹੈਂ; ਤੂੰ ਸਰਬ–ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤਿ–ਸਾਲਾਹ ਕਰਦੇ ਹਨ। ਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ,ਉਸੇ ਤਰ੍ਹਾਂ ਮੇਰੀ ਰੱਖਿਆ ਕਰ।੪।੧।