ਆਪਣੀ ਹੀ ਨਜ਼ਰੋਂ ਜੋ ਡਿੱਗੀ, ਅਣਚਾਹੀ ਇੱਕ ਪਹਿਚਾਣ ਹਾਂ ਮੈਂ, ਕਲਮ ਮੇਰੀ ਸੁਰਜੀਤ ਹੈ ਭਾਂਵੇ, ਪਰ ਖੁਦ ਤਾਂ ਇੱਕ ਗੁੰਮਨਾਮ ਹਾਂ ਮੈਂ।

53

Surjit Kaur

ਨਾ ਟੋਲੀਂ ਮੇਰੀ ਨਬਜ਼ ਮਸੀਹਾ, ਬਸ ਖਾਲੀ ਬੁੱਤ ਬੇਜ਼ਾਨ ਹਾਂ ਮੈਂ।

ਮਾਰੂਥਲ ਵਿੱਚ ਤਪਦਾ ਰੇਤਾ, ਜਾਂ ਜੰਗਲ ਕੋਈ ਵੀਰਾਨ ਹਾਂ ਮੈਂ।

ਕਿਸੇ ਕਾਲੀ ਰਾਤ ਦਾ ਘੁੱਪ ਹਨ੍ਹੇਰਾ, ਜਾਂ ਰਸਤਾ ਕੋਈ ਸੁੰਨਸਾਨ ਹਾਂ ਮੈਂ।

ਆਪਣੀ ਪੈੜ ਨੂੰ ਲੱਭਦਾ ਫਿਰਦਾ, ਇੱਕ ਧੁੰਦਲਾ ਜਿਹਾ ਨਿਸ਼ਾਨ ਹਾਂ ਮੈਂ।

ਚਿੱਟੇ ਝੂਠ ਕਈ ਇਸ ਦੁਨੀਆਂ ਦੇ, ਜਾਣ ਕੇ ਵੀ ਅਣਜਾਣ ਹਾਂ ਮੈਂ।

ਸਿਸਕੀਆਂ ਭਰਦੇ ਪੱਥਰ ਦਿਲ ਦਾ, ਦੱਬਿਆ ਹੋਇਆ ਅਰਮਾਨ ਹਾਂ ਮੈਂ।

ਸਿਖਰ ਦੁਪਿਹਰੇ ਜ਼ਿੰਦਗੀ ਦੇ ਵਿੱਚ, ਇੱਕ ਢਲ਼ਦੀ ਹੋਈ ਸ਼ਾਮ ਹਾਂ ਮੈਂ।

ਆਪਣੀ ਹੀ ਨਜ਼ਰੋਂ ਜੋ ਡਿੱਗੀ, ਅਣਚਾਹੀ ਇੱਕ ਪਹਿਚਾਣ ਹਾਂ ਮੈਂ।

ਮੇਰਾ ਅਦਲ-ਬਦਲ ਨਾ ਕੋਈ, ਖੁਦ ਆਪਣਾ ਭੁਗਤਾਨ ਹਾਂ ਮੈਂ।

ਤਾੜ੍ਹ-ਤਾੜ੍ਹ ਮੇਰਾ ਮਚਦਾ ਸੀਨਾ, ਕੁਝ ਪਲ ਹੋਰ ਮਹਿਮਾਨ ਹਾਂ ਮੈਂ।

ਭਰਮਾਂ ਭਰੇ ਕਈ ਜੁੜੇ ਅਸ਼ੰਕੇ, ਟੁੱਟੇ ਤਾਰੇ ਜਿਹੀ ਬਦਨਾਮ ਹਾਂ ਮੈਂ।

ਕਲਮ ਮੇਰੀ ਸੁਰਜੀਤ ਹੈ ਭਾਂਵੇ, ਪਰ ਖੁਦ ਤਾਂ ਇੱਕ ਗੁੰਮਨਾਮ ਹਾਂ ਮੈਂ।

-ਸੁਰਜੀਤ ਕੌਰ ਬੈਲਜ਼ੀਅਮ

5 COMMENTS

Comments are closed.