ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
ਸੀਨੇ ਵਿੱਚ ਦੱਬੀਆਂ ਹਾਵਾਂ ਦੀ,ਬਲਦੀ ਚਿਤਾ ਮੈਂ ਕਈ ਚਿੰਤਾਵਾਂ ਦੀ।
ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
ਬਾਪ-ਦਾਦੇ ਦਾ ਮਾਣ ਮੈਂ ਰੱਖਦੀ,ਹਰ ਕਿਸੇ ਨੂੰ ਨੀਵੇਂ ਹੋ ਤੱਕਦੀ।
ਪਰ ਚੰਦਰੀ ਤਕਦੀਰ ਔਰਤ ਦੀ,ਮੈਨੂੰ ਦੁਨੀਆਂ ਦੇ ਮੂੰਹ ਮੂਹਰੇ ਹੈ ਧੱਕਦੀ।
ਜਾਵੇ ਕਸਕ ਨਾ ਮਿਲੀਆਂ ਬੇਦੌਸ਼ ਸਜਾਵਾਂ ਦੀ,
ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
ਅਗਲੇ ਘਰ ਜੋ ਪੈਰ ਮੈਂ ਪਾਵਾਂ, ਹਰ ਰਿਸ਼ਤਾ ਮੈਂ ਦਿਲ ਨਾਲ ਨਿਭਾਵਾਂ।
ਆਪਣੇ ਮਨ ਦੀਆਂ ਮਨ ਵਿੱਚ ਦੱਬ,ਪਰਿਵਾਰ ਦੀ ਹਾਂ ਵਿੱਚ ਸਿਰ ਹਿਲਾਵਾਂ।
ਮੁਕਾਵਾਂ ਪੈੜ ਕਈ ਮੁਸ਼ਕਿਲ ਰਾਹਵਾਂ ਦੀ,
ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
ਪ੍ਰਦੇਸ ਜੇ ਮੇਰਾ ਅੰਨ-ਜਲ ਹੈ ਰਲਿਆ,ਹਰ ਦੁੱਖ-ਸੁੱਖ ਮੈਂ ਫਿਰ ਤਨ ਤੇ ਝੱਲਿਆ।
ਰੱਖਿਆ ਸਾਂਭ ਦੁਪੱਟਾ ਮੈਂ ਜੋ ਸਿਰ ਦਾ,ਪਰ ਲੋੜ ਪਈ ਤਾਂ ਫੜ੍ਹ ਲੱਕ ਤੇ ਵਲਿਆ।
ਕੀਤੀ ਪਰਵਾਹ ਨਾ ਕੀਮਤੀ ਸਾਹਵਾਂ ਦੀ,
ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
ਵਸਦਾ ਰਵੇ ਮੇਰੇ ਵੀਰਾਂ ਦਾ ਵਿਹੜਾ,ਖੁਸ਼ੀਆਂ ਦਾ ਲਿਆਵੇ ਸਦਾ ਰੱਬ ਖੇੜਾ।
ਕਈ ਮਿੱਠੀਆਂ ਕੌੜੀਆਂ ਜੁੜੀਆਂ ਯਾਦਾਂ,ਉਹ ਬਚਪਨ ਦਾ ਪਿੰਡ ਹੈ ਜੋ ਮੇਰਾ।
ਕਦੇ ਨਜ਼ਰ ਨਾ ਲੱਗੇ ਗਲਤ ਬਲਾਵਾਂ ਦੀ,
ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
ਹੁਣ ਬਾਲ ਅੰਞਾਣੇ ਲਿਖ ਪੜ੍ਹ ਜਾਵਣ,ਜੀਵਨ ਦੀਆਂ ਸਿਖਰਾਂ ਤੇ ਚੜ੍ਹ ਜਾਵਣ।
ਨੇਕ ਸੱਚੇ ਇਨਸਾਨ ਉਹ ਬਣਕੇ , ਨਾਂ ਮਾਂ-ਬਾਪ ਦਾ ਉਹ ਰੁਸ਼ਨਾਵਣ।
ਹੁੰਦੀ ਹੋਰ ਨਾ ਰੀਝ ਕੋਈ ਮਾਵਾਂ ਦੀ,
ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
ਮੈਂ ਬੇਟੀ ਪੰਜ ਦਰਿਆਵਾਂ ਦੀ, ਉਸ ਰੱਬ ਦੀਆਂ ਨੇਕ ਦੁਆਵਾਂ ਦੀ।
-ਸੁਰਜੀਤ ਕੌਰ ਬੈਲਜ਼ੀਅਮ
Wah surjit kaur siss ji bahut hi umda likhiea ji jio
thx brother….
Nice line