ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿਖੇ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦਾ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਰੋਜ਼ਾਨਾ ਹੋ ਰਹੇ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿੱਚ ਪਾਠਾਂ ਦੀ ਲੜੀ ਤੇ ਪਰਸੋਂ ਰੋਜ਼ ਤੋਂ ਪ੍ਰਾਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਸਰਵਣ ਕਰਵਾਇਆ। ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਿਰਤਾਂਤ ਸੁਣਾਇਆ। ਇਸ ਮੌਕੇ ਪਿੰਡ ਦੇ ਸਮੂਹ ਨੌਜਵਾਨਾਂ ਨੇ ਛੋਲੇ-ਕੜਾਹ ਪ੍ਰਸ਼ਾਦ ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ।