ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥ ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥ ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥ ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥ ਜਹ ਅਨਹਤ ਸੂਰ ਉਜ੍ਯ੍ਯਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥ {ਅੰਗ 656-657}
ਪਦਅਰਥ: ਦੇਖਾ—ਦੇਖਾਂ, ਵੇਖਦਾ ਹਾਂ; ਪ੍ਰਭੂ ਦਾ ਦੀਦਾਰ ਕਰਦਾ ਹਾਂ। ਗਾਵਾ—ਗਾਵਾਂ, ਮੈਂ (ਉਸ ਦੇ ਗੁਣ) ਗਾਉਂਦਾ ਹਾਂ। ਤਉ—ਤਦੋਂ। ਜਨ—ਹੇ ਭਾਈ! ਪਾਵਾ—ਮੈਂ ਹਾਸਲ ਕਰਦਾ ਹਾਂ। ਧੀਰਜੁ—ਸ਼ਾਂਤੀ, ਅਡੋਲਤਾ, ਟਿਕਾਉ।੧। ਨਾਦਿ—ਨਾਦ ਵਿਚ, (ਗੁਰੂ ਦੇ) ਸ਼ਬਦ ਵਿਚ। ਸਮਾਇਲੋ—ਸਮਾ ਗਿਆ ਹੈ, ਲੀਨ ਹੋ ਗਿਆ ਹੈ। ਰੇ—ਹੇ ਭਾਈ! ਭੇਟਿਲੇ—ਮਿਲਾ ਦਿੱਤਾ ਹੈ। ਦੇਵਾ—ਹਰੀ ਨੇ।੧।ਰਹਾਉ। ਜਹ—ਜਿੱਥੇ, ਜਿਸ (ਮਨ) ਵਿਚ। ਝਿਲਿਮਿਲਿਕਾਰੁ—ਇੱਕ—ਰਸ ਚੰਚਲਤਾ, ਸਦਾ ਚੰਚਲਤਾ ਹੀ ਚੰਚਲਤਾ। ਦਿਸੰਤਾ—ਦਿੱਸਦੀ ਸੀ। ਤਹ—ਉੱਥੇ, ਉਸ (ਮਨ) ਵਿਚ। ਅਨਹਦ—ਇੱਕ—ਰਸ। ਸਬਦ ਬਜੰਤਾ—ਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ। ਜੋਤੀ—ਪਰਮਾਤਮਾ ਦੀ ਜੋਤਿ ਵਿਚ। ਜੋਤਿ—ਮੇਰੀ ਜਿੰਦ, ਮੇਰੀ ਆਤਮਾ। ਸਮਾਨ੍ਹ੍ਹੀ—(ਅੱਖਰ ‘ਨ‘ ਦੇ ਹੇਠ ਅੱਧਾ ‘ਹ‘ ਹੈ)। ਗੁਰ ਪਰਸਾਦੀ—ਗੁਰੂ ਦੀ ਕਿਰਪਾ ਨਾਲ। ਜਾਨੀ—ਜਾਣੀ ਹੈ, ਸਾਂਝ ਪਈ ਹੈ।੨। ਕਮਲ ਕੋਠਰੀ—(ਹਿਰਦਾ-) ਕਮਲ—ਕੋਠੜੀ ਵਿਚ। ਰਤਨ—(ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ)। ਤਹੀ—ਉਸੇ (ਹਿਰਦੇ) ਵਿਚ। ਚਮਕਾਰ—ਲਿਸ਼ਕ, ਚਾਨਣ। ਨਿਜ ਆਤਮੈ—ਮੇਰੇ ਆਪਣੇ ਅੰਦਰ।੩। ਛੰਛਾਰਾ—ਮੱਧਮ। ਦੀਪਕ—ਦੀਵਾ। ਤਹ—ਉਸ (ਮਨ) ਵਿਚ (ਪਹਿਲਾਂ)। ਜਹ—ਜਿੱਥੇ (ਹੁਣ)। ਅਨਹਤ—ਇੱਕ—ਰਸ, ਲਗਾਤਾਰ।੪।
ਅਰਥ: ਹੇ ਭਾਈ! ਮੈਨੂੰ ਪ੍ਰਭੂ–ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ।੧।ਰਹਾਉ। (ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ–ਮੁਹਾਰਾ) ਉਸ ਦੀ ਸਿਫ਼ਤਿ–ਸਾਲਾਹ ਕਰਦਾ ਹਾਂ ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ।੧। (ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ ਉੱਥੇ ਹੁਣ ਇੱਕ–ਰਸ ਗੁਰ–ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ, ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ, ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ।੨। ਮੇਰੇ ਹਿਰਦੇ–ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ); ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ); ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ, ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ।੩। ਜਿਸ ਮਨ ਵਿਚ ਹੁਣ ਇੱਕ–ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ, ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ; ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ–ਪਛਾਣ ਹੋ ਗਈ ਹੈ ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ।੪।੧।