ਐਤਵਾਰ 14 ਦਸੰਬਰ 2014 (ਮੁਤਾਬਿਕ 29 ਮੱਘਰ ਸੰਮਤ 546 ਨਾਨਕਸ਼ਾਹੀ)

50

image

ਸੋਰਠਿ ਮਹਲਾ ੫ ॥ ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥ ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ ਸੰਤਨ ਕੇ ਕਾਰਜ ਸਗਲ ਸਵਾਰੇ ॥ ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥ ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥ {ਅੰਗ 631}
ਪਦਅਰਥ: ਜੀਅ ਜੰਤ ਸਭਿ—ਸਾਰੇ ਜੀਵ ਸਾਰੇ ਜੰਤ। ਵਸਿ—ਵੱਸ ਵਿਚ। ਦਰਬਾਰੇ—ਦਰਬਾਰ ਵਿਚ (ਥਾਂ ਦੇਂਦਾ ਹੈ)। ਅੰਗੀਕਾਰੁ—ਪੱਖ, ਸਹਾਇਤਾ। ਭਵ ਨਿਧਿ—ਸੰਸਾਰ—ਸਮੁੰਦਰ। ਪਾਰਿ ਉਤਾਰੇ—ਪਾਰ ਲੰਘਾ ਲਏ, ਪਾਰ ਲੰਘਾ ਦੇਂਦਾ ਹੈ।੧।
ਸਗਲ—ਸਾਰੇ। ਸਵਾਰੇ—ਸਵਾਰ ਦੇਂਦਾ ਹੈ। ਕ੍ਰਿਪਾਲ—ਕਿਰਪਾ ਦਾ ਘਰ। ਕ੍ਰਿਪਾ ਨਿਧਿ—ਕਿਰਪਾ ਦਾ ਖ਼ਜ਼ਾਨਾ। ਪੂਰਨ—ਸਭ ਤਾਕਤਾਂ ਵਾਲੇ।ਰਹਾਉ।
ਸਭ ਥਾਈ—ਸਭ ਥਾਈਂ, ਸਭ ਥਾਵਾਂ ਤੇ। ਊਨ—ਕਮੀ, ਥੁੜ। ਕਤਹੂੰ ਬਾਤਾ—ਕਿਸੇ ਭੀ ਗੱਲੇ। ਪ੍ਰਤਾਪ—ਤੇਜ। ਜਾਤਾ—ਜਾਣਿਆ ਜਾਂਦਾ ਹੈ, ਉੱਘੜ ਪੈਂਦਾ ਹੈ।੨।
ਅਰਥ: ਹੇ ਭਾਈ! ਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ। (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।ਰਹਾਉ।
ਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ। ਸੇਵਕਾਂ ਦਾ ਸਦਾ ਪੱਖ ਕਰਦਾ ਹੈ, ਤੇ, ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।੧।
ਹੇ ਨਾਨਕ! (ਆਖ-ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ) ਹਰ ਥਾਂ ਆਦਰ ਮਿਲਦਾ ਹੈ (ਹਰ ਥਾਂ ਲੋਕ) ਜੀ-ਆਇਆਂ ਆਖਦੇ ਹਨ। (ਸੰਤ ਜਨਾਂ ਨੂੰ) ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ। ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ (ਦਾ) ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪਰਮਾਤਮਾ ਦਾ ਤੇਜ-ਪ੍ਰਤਾਪ (ਸਾਰੇ ਸੰਸਾਰ ਵਿਚ) ਰੌਸ਼ਨ ਹੋ ਜਾਂਦਾ ਹੈ।੨।੩੦।੯੪।